ਭਵਾਨੀਗੜ (ਗੁਰਵਿੰਦਰ ਸਿੰਘ)ਅੱਜ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਭਵਾਨੀਗੜ੍ਹ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀ ਅੱਗ ਲੱਗਣ ਨਾਲ ਸੈਂਕੜੇ ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਜਿਸ ਦਾ ਮੁੱਖ ਕਾਰਨ ਪ੍ਰਸ਼ਾਸਨ ਦੀ ਨਲਾਇਕੀ ਰਹੀ ਕਿਉਂਕਿ ਪ੍ਰਸ਼ਾਸਨ ਕੋਲ ਅੱਗ ਤੇ ਕਾਬੂ ਪਾਉਣ ਲਈ ਕੋਈ ਵੀ ਯੋਗ ਸਾਧਨ ਉਪਲਬਧ ਨਹੀਂ ਹਨ। ਜਿਸ ਕਰਕੇ ਪਹਿਲਾਂ ਹੀ ਕਾਲੇ ਕਾਨੂੰਨਾਂ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬਰਬਾਦ ਹੋ ਰਹੇ ਕਿਸਾਨਾਂ ਦਾ ਪੂਰਨ ਤੌਰ ਤੇ ਲੱਕ ਤੋੜ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਹਲਕਾ ਇੰਚਾਰਜ ਸੰਗਰੂਰ ਤਲਵਿੰਦਰ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਹਰ ਦਿਨ ਆਪਣੇ ਆਪ ਨੂੰ ਕਿਸਾਨੀ ਦਾ ਰਾਖਾ ਦੱਸਦੀ ਹੈ ਪਰ ਸਰਕਾਰ ਦੇ 4 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਹਲਕਾ ਸੰਗਰੂਰ ਦੇ ਸ਼ਹਿਰ ਭਵਾਨੀਗੜ੍ਹ ਵਿੱਚ ਕੋਈ ਵੀ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਨਹੀਂ ਹੈ ਜਿਸ ਦੇ ਚਲਦਿਆਂ ਹਰ ਸਾਲ ਅੱਗ ਲੱਗਣ ਨਾਲ ਵੱਡੇ-ਵੱਡੇ ਨੁਕਸਾਨ ਹੁੰਦੇ ਰਹਿੰਦੇ ਹਨ। ਇੱਥੇ ਜ਼ਿਕਰਯੋਗ ਹੈ ਕਿ ਇਹ ਮਸਲਾ ਇਕੱਲੇ ਕਿਸਾਨਾਂ ਨਾਲ ਹੀ ਨਹੀਂ ਬਲਕਿ ਸ਼ਹਿਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਨਾਲ ਵੀ ਜੁਡ਼ਿਆ ਹੋਇਆ ਹੈ ਕਿਉਂਕਿ ਦੀਵਾਲੀ ਦੇ ਦਿਨਾਂ ਵਿੱਚ ਵੀ ਅੱਗ ਲੱਗਣ ਨਾਲ ਦੁਕਾਨਾਂ ਅਤੇ ਗੋਦਾਮਾਂ ਵਿੱਚ ਵੀ ਵੱਡਾ ਨੁਕਸਾਨ ਹੁੰਦਾ ਰਹਿੰਦਾ ਹੈ।ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ 10 ਸਾਲ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਅਤੇ ਹੁਣ 4 ਸਾਲ ਤੋਂ ਕਾਂਗਰਸ ਦੀ ਸਰਕਾਰ ਕੋਲ ਸਮੇਂ-ਸਮੇਂ ਤੇ ਇਲਾਕਾ ਨਿਵਾਸੀਆਂ, ਸਮਾਜ ਸੇਵੀ ਜਥੇਬੰਦੀਆਂ, ਅਤੇ ਕਿਸਾਨ ਜਥੇਬੰਦੀਆਂ ਵੱਲੋਂ ਇਸ ਬਾਰੇ ਕਈ ਵਾਰ ਹਲਕੇ ਦੇ ਵਿਧਾਇਕਾਂ, ਜ਼ਿਲੇ ਦੇ ਡੀ.ਸੀ ਸਾਹਿਬਾਨ ਅਤੇ ਭਵਾਨੀਗਡ਼੍ਹ ਤਹਿਸੀਲ ਦੇ ਐੱਸ. ਡੀ. ਐੱਮ. ਸਹਿਬਾਨ ਕੋਲ ਇਹ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ ਹੈ ਪਰ ਕਦੇ ਵੀ ਪ੍ਰਸ਼ਾਸਨ ਵੱਲੋਂ ਇਸ ਮੁੱਦੇ ਨੂੰ ਹੱਲ ਕਰਨ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ।
ਉਨ੍ਹਾਂ ਅਖੀਰ ਵਿਚ ਬੋਲਦਿਆਂ ਕਿਹਾ ਕਿ ਜਲਦ ਤੋਂ ਜਲਦ ਗਿਰਦਾਵਰੀਆਂ ਕਰਵਾ ਕੇ ਹੋਏ ਨੁਕਸਾਨ ਦਾ ਮੁਆਵਜ਼ਾ ਜਾਰੀ ਕੀਤਾ ਜਾਵੇ ਅਤੇ ਉਨ੍ਹਾਂ ਪੰਜਾਬ ਸਰਕਾਰ ਤੋਂ 75 ਹਜ਼ਾਰ ਪ੍ਰਤੀ ਏਕਡ਼ ਦੇ ਮੁਆਵਜ਼ੇ ਦੀ ਮੰਗ ਕੀਤੀ ਅਤੇ ਉਨ੍ਹਾਂ ਕਿਹਾ ਕਿ ਉਹ ਖੁਦ ਵੀ ਡੀ.ਸੀ ਸੰਗਰੂਰ ਨੂੰ ਮਿਲਕੇ ਇਸ ਬਾਰੇ ਜਲਦੀ ਤੋਂ ਜਲਦੀ ਕਾਰਵਾਈ ਕਰਨ ਬਾਰੇ ਗੱਲਬਾਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਸਰਬਜੀਤ ਸਿੰਘ, ਦਰਸ਼ਨ ਸਿੰਘ ਬਲਜੀਤ ਸਿੰਘ ਆਦਿ ਹਾਜ਼ਰ ਸਨ।