ਭਵਾਨੀਗੜ੍ਹ (ਗੁਰਵਿੰਦਰ ਸਿੰਘ ) ਭਵਾਨੀਗੜ੍ਹ ਨਾਭਾ ਰੋਡ ’ਤੇ ਸਥਿਤ ਇੱਕ ਸ਼ੈਲਰ ’ਚੋਂ ਬੀਤੀ ਰਾਤ ਚੋਰ ਕਣਕ ਦੀਆਂ ਬੋਰੀਆਂ ਚੋਰੀ ਕਰ ਕੇ ਲੈ ਗਏ। ਕਣਕ ਦੇ ਮਾਲਕ ਵੱਲੋਂ ਚੋਰੀ ਦੀ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿਖੇ ਜਗਦੀਸ਼ ਚੰਦ ਮੰਗਲੇਸ਼ ਕੁਮਾਰ ਨਾਂ ਦੀ ਆੜਤ ਦੀ ਦੁਕਾਨ ਚਲਾਉਂਦੇ ਟਵਿੰਕਲ ਗੋਇਲ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਉਸ ਨੇ ਅਪਣੀ ਦੁਕਾਨ ਦੀ ਖਰੀਦ ਕੀਤੀ ਕਣਕ ਨਾਭਾ-ਭਵਾਨੀਗੜ੍ਹ ਰੋਡ ’ਤੇ ਸਥਿਤ ਜੈ ਅੰਬੇ ਰਾਈਸ ਮਿੱਲ ’ਚ ਰੱਖੀ ਹੋਈ ਹੈ।
ਅੱਜ ਸੋਮਵਾਰ ਸਵੇਰੇ ਕਰੀਬ 6 ਕੁ ਵਜੇ ਉਸ ਨੇ ਜਾ ਕੇ ਦੇਖਿਆ ਤਾਂ ਕਣਕ ਦੀਆਂ ਬੋਰੀਆਂ ਇੱਧਰ-ਉੱਧਰ ਡਿੱਗੀਆਂ ਪਈਆਂ ਸਨ ਤਾਂ ਮੌਕੇ ’ਤੇ ਪੜਤਾਲ ਕਰਨ ’ਤੇ ਪਤਾ ਲੱਗਾ ਕਿ 25 ਤੋਂ 30 ਬੋਰੀਆਂ ਕੋਈ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ, ਜਿਨ੍ਹਾਂ ਖਿਲਾਫ਼ ਕਾਰਵਾਈ ਕਰਨ ਲਈ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।