ਪਟਿਆਲਾ 27 ਅਪ੍ਰੈਲ (ਬੇਅੰਤ ਸਿੰਘ ) ਜਾਗਦੇ ਰਹੋ ਕਲੱਬ ਪਟਿਆਲਾ ਦੇ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਕਿਹਾ ਕਿ 1 ਮਈ ਤੋਂ ਦੇਸ਼ ਅੰਦਰ ਵੱਡੀ ਗਿਣਤੀ ਵਿਚ ਕਰੋਨਾ ਵੈਕਸੀਨ ਲਗਾਈ ਜਾਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਨੋਜਵਾਨਾਂ ਨੂੰ ਵੈਕਸੀਨ ਲਗਵਾਉਣ ਤੋਂ ਪਹਿਲਾਂ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਅਮਰਜੀਤ ਸਿੰਘ ਜਾਗਦੇ ਰਹੋ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਅਤੇ ਰਾਜ ਸਰਕਾਰਾਂ ਵੱਲੋਂ ਇਕ ਮਈ ਤੋਂ 18 ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਕੋਰਾਨਾ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਾਗਦੇ ਰਹੋ ਨੇ ਕਿਹਾ ਕਿ 18-45 ਸਾਲ ਉਮਰ ਦੇ ਨੌਜਵਾਨ ਹੀ ਜ਼ਿਆਦਾਤਰ ਖੂਨਦਾਨ ਕਰਦੇ ਹਨ ਅਤੇ ਕੋਵਿਡ ਵੈਕਸੀਨ ਦੀਆਂ ਦੋਵੇਂ ਡੋਜ ਲੱਗਣ ਤੋਂ ਬਾਅਦ 60 ਦਿਨਾਂ ਤੱਕ ਉਕਤ ਨੋਜਵਾਨ ਖੂਨਦਾਨ ਨਹੀਂ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੋਰਾਨ ਦੇਸ਼ ਭਰ ਵਿਚ ਖੂਨ ਦੀ ਕਮੀਂ ਵੀ ਨਾਂ ਆਵੇ, ਇਸ ਲਈ ਉਨ੍ਹਾਂ ਨੋਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੈਕਸੀਨ ਲਗਵਾਉਣ ਤੋਂ ਪਹਿਲਾਂ ਖੂਨਦਾਨ ਕਰ ਕੇ ਦੇਸ਼ ਹਿੱਤ ਵਿਚ ਆਪਣਾ ਸਹਿਯੋਗ ਦੇਣ। ਜਾਗਦੇ ਰਹੋ ਨੇ ਕਿਹਾ ਦੇਸ਼ ਨੂੰ ਇਸ ਸੰਕਟ ਵਿਚ ਖੂਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਕੋਰੋਨਾ ਦੇ ਮਰੀਜ਼ਾਂ ਨੂੰ ਪਲਾਜਮਾ ਦੀ ਜ਼ਰੂਰਤ ਹੁੰਦੀ ਹੈ ਅਤੇ ਹੋਰ ਸੀਰੀਅਸ ਕੇਸਾਂ ਵਿੱਚ ਮਰੀਜ਼ਾਂ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਕਿਹਾ ਕਿ ਨੋਜਵਾਨ ਪੀੜੀ ਨੂੰ ਵੈਕਸੀਨ ਲਗਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਤੋਂ ਪਹਿਲਾਂ ਖੂਨਦਾਨ ਵੀ ਜ਼ਰੂਰ ਕਰਨਾ ਚਾਹੀਦਾ ਹੈ।