ਕਾਂਗਰਸ ਦੀ ਡੁੱਬਦੀ ਬੇੜੀ ਨੂੰ ਪਾਰ ਲਗਾਉਣ ਲਈ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕੀਤੇ : ਤਲਵਿੰਦਰ ਮਾਨ

ਭਵਾਨੀਗੜ (ਗੁਰਵਿੰਦਰ ਸਿੰਘ) ਪਿਛਲੇ ਕਰੀਬ ਚਾਰ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਕੰਮੀ ਕਾਰਗੁਜ਼ਾਰੀ ਦੇ ਚਲਦਿਆਂ ਪੰਜਾਬ ਦੇ ਲੋਕਾਂ ਨਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਚੁਣਾਵੀ ਵਾਅਦਿਆਂ ਵਿਚੋਂ ਇਕ ਵੀ ਪੂਰਾ ਨਾ ਹੋਣ ਕਾਰਨ ਪੰਜਾਬ ਦੀ ਜਨਤਾ ਦੇ ਮੂੰਹ ਲੱਗਣਾ ਕਾਂਗਰਸੀ ਲੀਡਰਾਂ ਨੂੰ ਮੁਸ਼ਕਿਲ ਹੋ ਰਿਹਾ ਹੈ। ਜਿਸ ਦਾ ਕਿ ਅੰਦਾਜ਼ਾ ਉਨ੍ਹਾਂ ਨੂੰ ਹੁਣ ਤੋਂ ਹੀ ਲੱਗਣਾ ਸ਼ੁਰੂ ਹੋ ਗਿਆ ਹੈ ਅਤੇ ਪੰਜਾਬ ਕਾਂਗਰਸ ਨੂੰ ਇਸ ਮੁਸ਼ਕਿਲ ਵਿੱਚੋਂ ਕੱਢਣ ਲਈ ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੇਸ਼ ਦੇ ਪ੍ਰਸਿੱਧ ਰਾਜਨੀਤਿਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਪਿਛਲੀ ਵਾਰ ਦੀ ਤਰ੍ਹਾਂ ਸਮਝੌਤਾ ਕੀਤਾ ਗਿਆ ਹੈ ਤਾਂ ਕਿ ਗੰਦੀ ਰਾਜਨੀਤੀ ਵਰਤ ਕੇ ਕਾਂਗਰਸ ਦੀ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਸਰਕਾਰ ਨੂੰ ਦੁਬਾਰਾ ਤੋਂ ਲੋਕਾਂ ਅੱਗੇ ਜਾਣ ਜੋਗੀ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਲੀਡਰ ਅਤੇ ਹਲਕਾ ਇੰਚਾਰਜ ਸੰਗਰੂਰ ਤਲਵਿੰਦਰ ਸਿੰਘ ਮਾਨ ਵੱਲੋਂ ਜਾਰੀ ਆਪਣੇ ਪ੍ਰੈੱਸ ਨੋਟ ਵਿੱਚ ਕੀਤਾ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰੀਕੇ ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਪੰਜਾਬ ਸਰਕਾਰ ਦੇ ਕੁਝ ਮੰਤਰੀਆਂ ਵੱਲੋਂ ਅਸਤੀਫ਼ਿਆਂ ਦੀ ਪੇਸ਼ਕਸ਼ ਕੀਤੀ ਜਾਣੀ ਅਤੇ ਮੁੱਖ ਮੰਤਰੀ ਵੱਲੋਂ ਉਨ੍ਹਾਂ ਅਸਤੀਫ਼ਿਆਂ ਨੂੰ ਨਾਮਨਜ਼ੂਰ ਕਰਨਾ ਅਤੇ ਕੁਝ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਮੀਡੀਆ ਵਿੱਚ ਇਹ ਖ਼ਬਰਾਂ ਲਵਾਉਣੀਆਂ ਕਿ ਉਹ ਬਰਗਾੜੀ ਗੋਲੀ ਕਾਂਡ ਦੇ ਮੁੱਦੇ ਉਪਰ ਆਪਣੀ ਹੀ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਹਨ ਪਰ ਇਨ੍ਹਾਂ ਵਿਧਾਇਕਾਂ ਅਤੇ ਮੰਤਰੀਆਂ ਵਿੱਚੋਂ ਕੋਈ ਵੀ ਵਿਧਾਇਕ ਜਾਂ ਮੰਤਰੀ ਅਜਿਹਾ ਨਹੀਂ ਹੈ ਜਿਸ ਨੇ ਕੈਪਟਨ ਜਾਂ ਕਾਂਗਰਸ ਦਾ ਡਟਵਾਂ ਵਿਰੋਧ ਕੀਤਾ ਹੋਵੇ ਅਤੇ ਹੁਣ ਫਿਰ ਤੋਂ ਉਹ ਸਾਰੇ ਵਿਧਾਇਕ ਅਤੇ ਮੰਤਰੀ ਕੈਪਟਨ ਦੀ ਪਿੱਠ ਤੇ ਖੜ੍ਹੇ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਰਾਜਨੀਤਕ ਕੂਟਨੀਤੀ ਦਾ ਹੀ ਇੱਕ ਪੈਂਤੜਾ ਹੈ ਜਿਸ ਦੇ ਤਹਿਤ ਬਰਗਾੜੀ ਮੁੱਦੇ ਨੂੰ ਇੱਕ ਵਾਰ ਪੂਰਾ ਉਛਾਲ ਕੇ ਮੁਡ਼੍ਹਕੇ ਉਸ ਮੁੱਦੇ ਨੂੰ ਠੰਢੇ ਬਸਤੇ ਵਿੱਚ ਪਾ ਦੇਣਾ ਤਾਂ ਕਿ ਵੋਟਾਂ ਨੇੜੇ ਆਉਣ ਤੇ ਇਸ ਮੁੱਦੇ ਦਾ ਪੰਜਾਬ ਦੇ ਆਮ ਲੋਕਾਂ ਅਤੇ ਸਿੱਖਾਂ ਤੇ ਕੋਈ ਖਾਸ ਪ੍ਰਭਾਵ ਨਾ ਪਵੇ। ਉਨ੍ਹਾਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਘਟੀਆ ਸਿਆਸੀ ਚਾਲਾਂ ਅਤੇ ਸਿਆਸੀ ਪੈਂਤੜਿਆਂ ਤੋਂ ਬਚਦੇ ਹੋਏ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਇਕਮੁੱਠ ਹੋ ਕੇ ਵੱਖ-ਵੱਖ ਤਰੀਕਿਆਂ ਨਾਲ ਆਪਣਾ ਵਿਰੋਧ ਪੰਜਾਬ ਸਰਕਾਰ ਖ਼ਿਲਾਫ਼ ਦਰਜ ਕਰਵਾਏ ਅਤੇ ਇਸ ਲੜਾਈ ਨੂੰ ਉਦੋਂ ਤੱਕ ਜਾਰੀ ਰੱਖਿਆ ਜਾਵੇ ਜਦੋਂ ਤੱਕ ਬੇਅਦਬੀ ਦਾ ਅਸਲ ਦੋਸ਼ੀ ਬਾਦਲ ਪਰਿਵਾਰ ਸਲਾਖਾਂ ਪਿੱਛੇ ਨਹੀਂ ਪਹੁੰਚਦਾ।