ਭਵਾਨੀਗੜ੍ਹ(ਗੁਰਵਿੰਦਰ ਸਿੰਘ) ਅੱਜ ਭਵਾਨੀਗੜ੍ਹ ਕਾਕੜਾ ਰੋਡ ਨੇੜੇ ਸ਼ਹਿਰ ਦੀ ਫਿਰਨੀ ਵਾਲੀ ਮੁੱਖ ਸੜਕ ’ਤੇ ਸੀਵਰੇਜ ਦੇ ਓਵਰਫਲੋਅ ਹੋਣ ਕਾਰਨ ਪ੍ਰੇਸ਼ਨ ਮੁਹੱਲਾ ਵਾਸੀਆਂ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਹੇਠ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਯੂਥ ਵਿੰਗ ਦੇ ਬਲਾਕ ਪ੍ਰਧਾਨ ਮਾਲਵਿੰਦਰ ਸਿੰਘ ਭਵਾਨੀਗੜ੍ਹ, ਹਰਦੀਪ ਸਿੰਘ, ਸਰਬਜੀਤ ਸਿੰਘ, ਨਿਰਭੈ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਕਾਕੜਾ ਰੋਡ ਤੋਂ ਸ਼ਹਿਰ ਦੀ ਫਿਰਨੀ ਵਾਲੀ ਮੁੱਖ ਸੜਕ ’ਤੇ ਪੁਰਾਣੇ ਸੀਵਰੇਜ ਦੇ ਓਵਰਫਲੋਅ ਹੋਣ ਕਾਰਨ ਗੰਦਾ ਪਾਣੀ ਖੜ੍ਹਾ ਹੈ। ਪਾਣੀ ਦੀ ਬਦਬੂ ਤੋਂ ਮੁਹੱਲ ਵਾਸੀ ਅਤੇ ਮੋਟਰਸਾਈਕਲ ਜਾਂ ਪੈਦਲ ਜਾਣ ਵਾਲੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਮਸਲੇ ਸਬੰਧੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਈ ਵਾਰ ਸੂਚਨਾ ਦਿੱਤੀ ਗਈ ਹੈ। ਇਸੇ ਦੌਰਾਨ ਨਗਰ ਕੌਂਸਲ ਦੇ ਅਧਿਕਾਰੀ ਨੇ ਕਿਹਾ ਕਿ ਇਸ ਮਸਲੇ ਨੂੰ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।