ਪਟਿਆਲਾ 05 ਮਈ ( ਬੇਅੰਤ ਸਿੰਘ ਰੋਹਟੀ ਖਾਸ) ਕਰੋਨਾ ਮਹਾਂਮਾਰੀ ਦੇ ਇਸ ਦੂਜੇ ਸੰਕਟ ਦੌਰਾਨ ਮਨੁੱਖੀ ਜਾਨਾਂ ਦੇ ਬਚਾਅ ਲਈ ਲਾਕ ਡਾਊਨ ਅਤੇ ਹੋਰ ਬਹੁਤ ਪਾਬੰਦੀਆਂ ਸਰਕਾਰ ਲਗਾ ਰਹੀ ਹੈ ਪਰ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੀ ਜਾਨ ਜੋਖਮ ਵਿੱਚ ਹੈ। ਇਸ ਬਾਰੇ ਪ੍ਰੈਸ ਨਾਲ ਵਾਰਤਾ ਕਰਦਿਆਂ ਪ੍ਰਿੰਸੀਪਲ ਜੇ. ਪੀ. ਸਿੰਘ ਸੂਬਾ ਸਕੱਤਰ ਮੁਲਾਜ਼ਮ ਵਿੰਗ ਆਮ ਆਦਮੀ ਪਾਰਟੀ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਹਰੇਕ ਵਿਭਾਗ ਦੇ 50 ਪ੍ਰਤੀਸ਼ਤ ਮੁਲਾਜ਼ਮਾਂ ਨੂੰ ਡਿਊਟੀ ਤੇ ਜਾਣ ਦੇ ਹੁਕਮ ਕੀਤੇ ਹਨ ਪਰ ਸਕੂਲ ਸਿੱਖਿਆ ਵਿਭਾਗ ਦੇ ਸਾਰੇ ਅਧਿਆਪਕਾਂ ਦਾ ਡਿਊਟੀ ਤੇ ਜਾਣਾ ਲਾਜ਼ਮੀ ਹੈ ਹਾਲਾਂਕਿ ਵਿਦਿਆਰਥੀਆਂ ਲਈ ਸਕੂਲ ਬੰਦ ਹਨ। ਇਸ ਵੇਲੇ ਸਕੂਲਾਂ ਵਿੱਚ ਦਾਖਲੇ ਹੋ ਰਹੇ ਹਨ ਜੋ ਕਿ 50 ਪ੍ਰਤੀਸ਼ਤ ਅਧਿਆਪਕ ਕਰ ਸਕਦੇ ਹਨ। ਪਟਿਆਲਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ ਕੁੱਝ ਅਧਿਆਪਕਾਂ ਦੀ ਸ਼ੰਭੂ ਬਾਰਡਰ ਤੇ ਡਿਊਟੀ ਲਗਾਈ ਗਈ ਹੈ। ਕਰੋਨਾ ਕਾਲ ਦੌਰਾਨ ਸਕੂਲਾਂ ਵਿੱਚ 10 ਪ੍ਰਤੀਸ਼ਤ ਦਾਖਲੇ ਵਧਾਉਣ ਲਈ ਅਧਿਅਪਕ ਘਰ ਘਰ ਜਾ ਰਹੇ ਹਨ। ਸਕੂਲਾਂ ਵਿੱਚ ਗਰਾਂਟਾਂ ਆਉਣ ਕਾਰਨ ਕੰਸਟਰਕਸ਼ਨ ਕਰਵਾਉਣ ਦੀ ਡਿਊਟੀ ਵੀ ਸਕੂਲ ਅਧਿਆਪਕਾਂ ਦੀ ਹੈ। ਘਰ ਬੈਠੇ ਵਿਦਿਆਰਥੀਆਂ ਨੂੰ ਮਿਡ- ਡੇ- ਮੀਲ ਵੀ ਅਧਿਆਪਕਾਂ ਨੇ ਹੀ ਵੰਡਣਾ ਹੈ। ਵੱਡੀ ਗਿਣਤੀ ਵਿੱਚ ਅਧਿਅਪਕ ਕਰੋਨਾ ਪੀੜਤ ਹਨ ਪਰ ਅਜੇ ਤੱਕ ਉਨ੍ਹਾਂ ਤੋਂ ਕਰੋਨਾ ਦੌਰਾਨ ਵਾਧੂ ਡਿਊਟੀ ਲੈਣ ਕਾਰਨ ਉਨ੍ਹਾਂ ਨੂੰ ਫਰੰਟ ਲਾਈਨ ਵਾਰੀਅਰ ਘੋਸ਼ਿਤ ਨਹੀਂ ਕੀਤਾ। ਪ੍ਰਿ. ਜੇ. ਪੀ. ਸਿੰਘ ਸੂਬਾ ਸਕੱਤਰ ਮੁਲਾਜ਼ਮ ਵਿੰਗ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਅਧਿਆਪਕ ਸਮਾਜ ਦਾ ਇੱਕ ਅਹਿਮ ਅੰਗ ਹਨ। ਕਰੋਨਾ ਮਹਾਂਮਾਰੀ ਨੂੰ ਵੇਖਦਿਆਂ ਅਧਿਆਪਕਾਂ ਨੂੰ ਵੀ ਬਾਕੀ ਮੁਲਾਜ਼ਮਾਂ ਵਾਂਗ ਰੱਖਿਆ ਜਾਵੇ ਅਤੇ ਕਰੋਨਾ ਮਹਾਂਮਾਰੀ ਲਈ ਵਿਸ਼ੇਸ਼ ਡਿਊਟੀ ਕਰ ਰਹੇ ਅਧਿਆਪਕਾਂ ਨੂੰ ਫਰੰਟ ਲਾਈਨ ਵਰਕਰ ਮੰਨਿਆ ਜਾਵੇ।
ਪ੍ਰਿੰਸੀਪਲ ਜੇ ਪੀ ਸਿੰਘ