ਖੇਤਾਂ ਚੋ ਸਮਾਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼,4 ਨੂੰ ਕੀਤਾ ਕਾਬੂ

ਭਵਾਨੀਗੜ੍ਹ, (ਗੁਰਵਿੰਦਰ ਸਿੰਘ)- ਕਿਸਾਨਾਂ ਦੇ ਖੇਤਾਂ ’ਚ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਕਿਸਾਨਾਂ ਦੀਆਂ ਨੀਂਦਾਂ ਹਰਾਮ ਕਰਨ ਵਾਲੇ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਨੇੜਲੇ ਪਿੰਡ ਬਲਿਆਲ ਦੇ ਕਿਸਾਨਾਂ ਨੇ ਕਾਬੂ ਕਰਕੇ ਪੁਲਸ ਹਵਾਲੇ ਕੀਤਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਅਮਰੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਚੋਰ ਗਿਰੋਹ ਨੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਆਏ ਦਿਨ ਕਿਸਾਨਾਂ ਦੇ ਖੇਤਾਂ ’ਚੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦਿਆਂ ਟਿਊਵਬੱਲ ਮੋਟਰਾਂ ਦੀਆਂ ਕੇਬਲਾਂ, ਸਟਾਟਰ, ਟ੍ਰਾਂਸਫਾਰਮਰਾਂ ਦੀ ਭੰਨ ਤੋੜ ਕਰਕੇ ਤੇਲ ਅਤੇ ਤਾਂਬਾ, ਅਨਾਜ਼ ਅਤੇ ਹੋਰ ਸਮਾਨ ਚੋਰੀ ਕਰਕੇ ਕਾਫੀ ਨੁਕਸਾਨ ਕੀਤਾ ਜਾ ਰਿਹਾ ਸੀ। ਜਿਸ ਨੂੰ ਲੈ ਕੇ ਪਿੰਡ ਦੇ ਕਿਸਾਨ ਬਹੁਤ ਜ਼ਿਆਦਾ ਪ੍ਰੇਸ਼ਾਨ ਸਨ। ਜਿਸ ਦੇ ਚਲਦਿਆਂ ਕਿਸਾਨਾਂ ਵੱਲੋਂ ਇਸ ਗਿਰੋਹ ਨੂੰ ਕਾਬੂ ਕਰਨ ਲਈ ਆਪਣੇ ਤੌਰ ’ਤੇ ਪਹਿਰੇਦਾਰੀ ਸ਼ੁਰੂ ਕੀਤੀ ਜਿਸ ਦੇ ਤਹਿਤ ਅੱਜ ਕਿਸਾਨਾਂ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਕਿਸਾਨਾਂ ਨੇ ਪਿੰਡ ਦੇ ਇਕ ਕਿਸਾਨ ਜਗਸੀਰ ਸਿੰਘ ਪੁੱਤਰ ਮਲਾਗਰ ਸਿੰਘ ਦੀ ਮੋਟਰ ਉਪਰ ਚੋਰੀ ਦੀ ਘਟਨਾਂ ਨੂੰ ਅੰਜ਼ਾਮ ਦੇ ਰਹੇ ਇਸ ਗਿਰੋਹ ਦਾ ਪਤਾ ਚੱਲਿਆਂ ਤਾਂ ਕਿਸਾਨਾਂ ਨੇ ਇਸ ਗਿਰੋਹ ਦੇ 4 ਮੈਂਬਰਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਜਦੋਂ ਕਿ ਇਕ ਭੱਜਣ ’ਚ ਸਫਲ ਹੋ ਗਿਆ। ਸਰਪੰਚ ਅਮਰੇਲ ਸਿੰਘ ਨੇ ਦੱਸਿਆ ਕਿ ਚੋਰ ਗਿਰੋਹ ਦੇ ਫੜ੍ਹ ਗਏ ਚਾਰੇ ਮੈਂਬਰਾਂ ਜੋ ਕਿ ਛੋਟੀ ਬਲਿਆਲ ਅਤੇ ਰਾਮਪੁਰਾ ਅਦਿ ਪਿੰਡਾਂ ਨਾਲ ਸਬੰਧਤ ਸਨ ਨੂੰ ਉਨ੍ਹਾਂ ਨੇ ਇਨ੍ਹਾਂ ਵੱਲੋਂ ਚੋਰੀ ਕੀਤੇ ਸਮਾਨ ਸਮੇਤ ਪੁਲਸ ਹਵਾਲੇ ਕਰ ਦਿੱਤਾ। ਸਰਪੰਚ ਅਮਰੇਲ ਸਿੰਘ ਨੇ ਦੱਸਿਆ ਕਿ ਉਕਤ ਚੋਰਾਂ ਨੇ ਅੱਜ ਇਸ ਤੋਂ ਪਹਿਲਾਂ ਪਿੰਡ ਦੇ ਕਿਸਾਨ ਸਿੰਦਰ ਸਿੰਘ ਅਤੇ ਸਮਸ਼ੇਰ ਸਿੰਘ ਦੀ ਮੋਟਰ ਤੋਂ ਵੀ ਕੇਬਲ ਚੋਰੀ ਕੀਤੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਫੜੇ ਗਏ ਗਿਰੋਹ ਦੇ ਮੈਂਬਰਾਂ ਕੋਲ ਤੇਜ਼ਧਾਰ ਮਾਰੂ ਹਥਿਆਰ ਵੀ ਸਨ। ਉਨ੍ਹਾਂ ਮੰਗ ਕੀਤੀ ਕਿ ਇਸ ਗਿਰੋਹ ਦੇ ਬਾਕੀ ਮੈਂਬਰਾਂ ਨੂੰ ਵੀ ਜਲਦ ਕਾਬੂ ਕਰਕੇ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜਾਂ ਦੁਵਾਇਆ ਜਾਵੇ।ਇਸ ਸੰਬੰਧੀ ਜਦੋਂ ਸਥਾਨਕ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪਿੰਡ ਵਾਸੀਆਂ ਵੱਲੋਂ ਚੋਰ ਫੜੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਕਤ ਗਿਰੋਹ ਨੇ ਪੂਰੇ ਇਲਾਕੇ ’ਚ ਹੀ ਦਹਿਸਤ ਫਲਾਈ ਹੋਈ ਸੀ। ਇਨ੍ਹਾਂ ਵੱਲੋਂ ਇਲਾਕੇ ਦੇ ਕਈ ਪਿੰਡਾਂ ’ਚ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ ਅਤੇ ਪੁਲਸ ਵੱਲੋਂ ਇਨ੍ਹਾਂ ਵਿਰੁੱਧ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਜੇਲ ਦੀਆਂ ਸਲਾਖਾਂ ਪਿਛੇ ਭੇਜਿਆ ਜਾਵੇਗਾ।