ਨਾਭਾ 22 ਮਈ (ਬੇਅੰਤ ਸਿੰਘ ਰੋਹਟੀ) ਖਾਸ ਅੱਜ ਆਮ ਆਦਮੀ ਪਾਰਟੀ ਪਟਿਆਲਾ ਨੇ ਕਰੋਨਾ ਮਹਾਮਾਰੀ ਦੌਰਾਨ ਕੈਪਟਨ ਸਰਕਾਰ ਦੇ ਐਲਾਨ ਮੁਤਾਬਿਕ ਘਰ ਦਾ ਕਮਾਉਣ ਵਾਲੇ ਵਿਅਕਤੀ ਦੀ ਮੌਤ ਤੇ ਪਰਿਵਾਰ ਅਤੇ ਅਨਾਥ ਹੋਏ ਬੱਚੇ 1500 ਰੁਪਏ ਪੈਨਸ਼ਨ, ਅਤੇ ਆਸ਼ੀਰਵਾਦ ਯੋਜਨਾ ਤਹਿਤ, ਵਿਆਹ ਤੇ 51,000 ਸ਼ਗਨ ਅਤੇ ਮੁਫਤ ਪੜਾਈ ਦੇ ਐਲਾਨ ਤੇ ਵੱਡੇ ਪ੍ਰਸ਼ਨਚਿੰਨ੍ਹ ਖੜ੍ਹੇ ਕੀਤੇ ਪਾਰਟੀ ਵਲੋਂ ਇਸ ਮੁੱਦੇ ਤੇ ਅੱਜ ਜਿਲ੍ਹਾ ਪ੍ਰਧਾਨ ਸ਼ਹਿਰੀ ਤੇਜਿੰਦਰ ਮਹਿਤਾ, ਜਿਲ੍ਹਾ ਪ੍ਰਧਾਨ ਦਿਹਾਤੀ ਮੇਘਚੰਦ ਸ਼ੇਰਮਾਜਰਾ ਅਤੇ ਜਿਲ੍ਹਾ ਸੈਕਟਰੀ ਗੁਰਮੁੱਖ ਸਿੰਘ ਪੰਡਤਾਂ ਦੀ ਅਗਵਾਈ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਆਗੂਆਂ ਨੇ ਕਿਹਾ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਨਕਸ਼ੇ ਕਦਮ ਤੇ ਚਲਦਿਆਂ ਕੈਪਟਨ ਸਰਕਾਰ ਦੇ ਐਲਾਨ ਮੁਤਾਬਿਕ ਅਨਾਥ ਹੋਏ ਬੱਚੇ 1500 ਰੁਪਏ ਪੈਨਸ਼ਨ, ਅਤੇ ਆਸ਼ੀਰਵਾਦ ਯੋਜਨਾ ਤਹਿਤ, ਵਿਆਹ ਤੇ 51,000 ਸ਼ਗਨ ਅਤੇ ਗ੍ਰੈਜੂਏਸ਼ਨ ਤੱਕ ਮੁਫਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਪ੍ਰੰਤੂ ਕੈਪਟਨ ਸਾਹਿਬ ਦਾ ਇਹ ਐਲਾਨ ਝੂਠ ਦੀ ਪੰਡ ਪ੍ਰਤੀਤ ਹੁੰਦਾ ਹੈ। ਉਨ੍ਹਾਂ ਦਾ ਇਹ ਐਲਾਨ ਬਾਕੀ ਪਰਿਵਾਰਾਂ ਲਈ ਕਿਸੇ ਵਿੱਤੀ ਸਹਾਇਤਾ ਰਾਸ਼ੀ ਦੀ ਗੱਲ ਨਹੀਂ ਕਰਦਾ। ਜਿਹੜੇ ਮੁੱਖ ਮੰਤਰੀ ਆਪਣੇ ਜਿਲ੍ਹੇ ਪਟਿਆਲਾ ਦੇ ਸਭ ਤੋਂ ਵੱਡੇ ਵਿਦਿਅਕ ਅਦਾਰੇ ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਪਿਛਲੇ ਚਾਰ ਮਹੀਨੇ ਤੋਂ ਤਨਖਾਹਾਂ ਅਤੇ ਬਜ਼ੁਰਗ ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਦੇ ਸਕਦੇ, ਉਹ ਹੋਰ ਕੀ ਕਰਨਗੇ, ਉਹਨਾਂ ਦੇ ਖਜ਼ਾਨੇ ਦੇ ਪੀਪਾ ਤਾਂ ਖਾਲੀ ਹੈ। ਉਹ 1 ਜੁਲਾਈ ਨੂੰ ਕੀ-ਕੀ ਕਰਨਗੇ, ਉਹ ਮੁਆਵਜ਼ੇ ਦਾ ਐਲਾਨ ਅੱਜ ਕਰਦੇ ਨੇ, ਪਰ ਦੇਣ ਦੀ ਤਾਰੀਖ ਦੋ ਮਹੀਨੇ ਅੱਗੇ ਪਾ ਦਿੰਦੇ ਹਨ। ਜੇ ਹੁਣ ਜੁਲਾਈ ਤਕ ਕਰੋਨਾ ਖਤਮ ਹੋ ਗਿਆ ਤਾਂ ਕੀ ਉਹ ਆਪਣੇ ਇਹਨਾਂ ਐਲਾਨਾਂ ਨੂੰ ਪੂਰਾ ਕਰਦੇ ਹੋਏ, ਜੋ ਹੁਣ ਤਕ ਪੰਜਾਬ ਵਿੱਚ ਜਿੰਨਾਂ ਦੀ ਕਰੋਨਾ ਨਾਲ ਮੌਤ ਹੋ ਚੁੱਕੀ ਹੈ ਜਾਂ ਜੋ ਬੱਚੇ ਅਨਾਥ ਹੋ ਚੁੱਕੇ ਹਨ ਉਹਨਾਂ ਨੂੰ ਇਹ ਐਲਾਨ ਕੀਤਾ ਮੁਆਵਜ਼ਾ ਦੇਣਗੇ। ਉਹਨਾਂ ਕਿਹਾ ਕਿ ਕੈਪਟਨ ਸਾਹਿਬ ਖਾਲੀ ਗੱਲਾਂ ਕਰਨ ਨਾਲ ਢਿੱਡ ਨਹੀਂ ਭਰਦਾ, ਕੁਝ ਕਰਕੇ ਦਿਖਾਓ, ਅੱਗੇ ਵੀ ਤੁਹਾਡੇ ਝੂਠੇ ਵਆਦਿਆਂ ਅਤੇ ਕਸਮਾਂ ਤੋਂ ਪੰਜਾਬ ਦੀ ਜਨਤਾ ਤੰਗ ਆ ਚੁੱਕੀ ਹੈ। ਜੇਕਰ ਤੁਸੀਂ ਅਰਵਿੰਦ ਕੇਜਰੀਵਾਲ ਦੀ ਰੀਸ ਕਰਨੀ ਹੈ ਤਾਂ ਗਰਾਊਂਡ ਤੇ ਆ ਕੇ ਉਹਨਾਂ ਦੀ ਤਰਾਂ ਕੰਮ ਕਰਨ, ਨਾ ਕਿ ਖਾਲੀ ਕਾਗਜ਼ੀ ਬਿਆਨ ਦੇਣ।
ਆਪ ਆਗੂਆਂ ਨੇ ਦੱਸਿਆ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਵਿਚ ਰਹਿਣ ਵਾਲੇ ਕੋਰੋਨਾ ਮਹਾਮਾਰੀ ਕਾਰਨ ਸੇਵਾ ਦੌਰਾਨ ਸ਼ਹੀਦ ਹੋਏ ਕੋਰੋਨਾ ਵਾਰੀਅਰ ਦੇ ਪਰਿਵਾਰ ਨੂੰ 1 ਕਰੋੜ ਮੁਆਵਜ਼ਾ, ਬੇਸਹਾਰਾ ਹੋਣ ਵਾਲੇ ਬੱਚਿਆਂ ਨੂੰ 2500 ਰੁਪਏ 25 ਸਾਲ ਦੀ ਉਮਰ ਹੋਣ ਤੱਕ ਪੈਨਸ਼ਨ ਅਤੇ ਪੜ੍ਹਾਈ, ਜਦੋਂ ਕਿ ਪਰਿਵਾਰਕ ਮੈਂਬਰ ਦੀ ਕੋਰੋਨਾ ਨਾਲ ਮੌਤ ਹੋਣ ’ਤੇ 2500 ਰੁਪਏ ਪੈਨਸ਼ਨ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਪਰਿਵਾਰ ਵਿਚੋਂ ਕਮਾਉਣ ਵਾਲੇ ਦੀ ਕੋਰੋਨਾ ਨਾਲ ਮੌਤ ਹੋ ਜਾਣ ’ਤੇ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਤੇ ਬਿਨਾਂ ਰਾਸ਼ਨ ਕਾਰਡ ਵਾਲੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਣ ਦੇਣ ਦਾ ਵੀ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ ਕਿਉਂਕਿ ਮੁਸੀਬਤ ਵਿਚ ਦੇ ਸਮੇਂ ਲੋਕਾਂ ਦੀ ਬਾਂਹ ਫੜ੍ਹਨੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਕੋਰੋਨਾ ਯੋਧਿਆਂ ਲਈ 50 ਲੱਖ ਦਾ ਬਜਟ ਐਲਾਨ ਕਰਕੇ ਮੁੱਕਰ ਗਈ ਹੈ। ਆਪ ਆਗੂਆਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਪੰਜਾਬ ਦੇ ਲੋਕ ਡਰ ਦੇ ਸਾਏ ਵਿਚ ਸਮਾਂ ਬਤੀਤ ਕਰ ਰਹੇ ਹਨ ਪਰ ਇਸ ਸੰਕਟ ਵਿਚ ਲੋਕਾਂ ਦੀ ਬਾਂਹ ਫੜ੍ਹਨ ਦੀ ਥਾਂ ਕਾਂਗਰਸੀ ਇਕ-ਦੂਜੇ ਦੀ ਬਾਂਹ ਮਰੋੜਨ ਵਿਚ ਮਸਰੂਫ਼ ਹਨ। ਇਹੀ ਕਾਰਣ ਹੈ ਕਿ ਸੂਬੇ ਵਿਚ ਸਿਹਤ ਸਹੂਲਤਾਂ ਦਾ ਢਾਂਚਾ ਖਤਮ ਹੋ ਚੁੱਕਿਆ ਹੈ ਤੇ ਲੋਕਾਂ ਨੂੰ ਕੁੱਝ ਨਿੱਜੀ ਹਸਪਤਾਲਾਂ ਵਿਚ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਿਛਲੇ 70 ਸਾਲਾਂ ਵਿੱਚ ਅਕਾਲੀਆਂ ਅਤੇ ਕਾਂਗਰਸੀਆਂ ਨੇ ਵਾਰੋ ਵਾਰੀਂ ਪੰਜਾਬ 'ਤੇ ਰਾਜ ਕਰਕੇ ਇਸ ਨੂੰ ਲੁੱਟਿਆ ਅਤੇ ਕੁੱਟਿਆ ਹੈ। ਇਨ੍ਹਾਂ ਸਮਿਆਂ ਵਿੱਚ ਮੁੱਖ ਮੰਤਰੀ ਅਤੇ ਮੰਤਰੀਆਂ ਦੀਆਂ ਕੁਰਸੀਆਂ ਦਾ ਅਨੰਦ ਮਾਨਣ ਵਾਲਿਆਂ ਨੇ ਪੰਜਾਬ ਵਿੱਚ ਚੰਗਾ ਸਿਹਤ ਸੇਵਾਵਾਂ ਦਾ ਢਾਂਚਾ ਨਹੀਂ ਉਸਾਰਿਆਂ, ਸਗੋਂ ਆਪਣੇ ਹਿਤੈਸ਼ੀਆਂ ਨੂੰ ਪ੍ਰਾਈਵੇਟ ਹਸਪਤਾਲ ਉਸਾਰਨ ਲਈ ਸਰਕਾਰੀ ਜਾਇਦਾਦਾਂ ਕੌਡੀਆਂ ਦੇ ਭਾਅ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਲੋਕਾਂ ਦੀ ਸੁਰੱਖਿਆ ਅਤੇ ਇਲਾਜ ਵੱਲ ਕੋਈ ਧਿਆਨ ਨਹੀਂ ਹੈ। ਆਪ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਕਾਂਗਰਸ ਦੇ ਆਪਸੀ ਕਾਟੋ ਕਲੇਸ਼ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਦੀ ਸਾਰ ਲੈਣ ਅਤੇ ਉਹਨਾਂ ਦੀ ਭਲਾਈ ਲਈ ਕੰਮ ਕਰਨ। ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਕੈਪਟਨ ਸਰਕਾਰ ਹਰ ਕੋਰੋਨਾ ਪੀੜਤ ਪਰਿਵਾਰ ਦੇ ਚੰਗੇ ਜੀਵਨ ਬਸਰ ਲਈ ਨਗਦ ਰਾਸ਼ੀ ਦਾ ਐਲਾਨ ਕਰੇ, ਕੇਜਰੀਵਾਲ ਸਰਕਾਰ ਦੀ ਤਰਜ਼ ’ਤੇ ਕੋਰੋਨਾ ਕਾਰਨ ਹੋਈ ਮੌਤ ’ਤੇ ਪਰਿਵਾਰ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ ਦਿੱਤਾ ਜਾਵੇ, ਅਤੇ ਕਰੋਨਾ ਕਾਰ ਵਿੱਚ ਸੇਵਾ ਦੌਰਾਨ ਸ਼ਹੀਦ ਹੋਏ ਕੋਰੋਨਾ ਯੋਧਿਆਂ ਦੇ ਪਰਿਵਾਰ ਨੂੰ 1 ਕਰੋੜ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਪੱਕੀ ਨੌਕਰੀ ਦਿੱਤੀ ਜਾਵੇ।