ਸੰਗਰੂਰ (ਗੁਰਵਿੰਦਰ ਸਿੰਘ) ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪ ਵੱਲੋਂ ਚੋਣ ਲੜ ਚੁਕੇ ਉਮੀਦਵਾਰ ਦਿਨੇਸ਼ ਬਾਂਸਲ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵਿਚ ਕਾਫੀ ਲੰਮੇ ਸਮੇਂ ਤੋਂ ਸਿਆਸੀ ਦੂਰੀਆਂ ਦੇ ਚਲਦਿਆਂ ਅੱਜ ਹੋਈ ਮੀਟਿੰਗ ਨੇ ਵਿਰੋਧੀਆਂ ਨੂੰ ਕੰਬਣੀ ਛੇੜ ਦਿੱਤੀ ਹੈ।ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਨੇਂ ਆਗੂਆਂ ਨੇ ਬਗਲਗੀਰ ਹੋ ਕੇ ਇੱਕ ਦੂਜੇ ਤੋਂ ਆਪਣੇ ਮਨ ਮੁਟਾਅ ਦੂਰ ਕਰਦਿਆਂ ਬਾਈ ਦੀਆਂ ਚੋਣਾਂ ਦੌਰਾਨ ਪਾਰਟੀ ਨੂੰ ਜਿੱਤ ਦਿਵਾਉਣ ਲਈ ਇਕੱਠੇ ਹੋ ਕੇ ਚੱਲਣ ਦਾ ਅਹਿਦ ਕੀਤਾ ਹੈ। ਸੰਗਰੂਰ ਦੀ ਸਿਆਸਤ ਵਿੱਚ ਇਸ ਮਿਲਣੀ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਕੰਬਣੀ ਛਿੜ ਗਈ ਹੈ।ਜ਼ਿਲ੍ਹੇ ਵਿੱਚ ਹੋਰਨਾਂ ਪਾਰਟੀਆਂ ਦੇ ਆਗੂ ਇਸ ਗੱਲ ਨੂੰ ਲੈ ਕੇ ਖ਼ੁਸ਼ ਸਨ ਕਿ ਆਮ ਆਦਮੀ ਪਾਰਟੀ ਦਾ ਨਵਾਂ ਚਿਹਰਾ ਆਵੇਗਾ। ਜਿਸ ਲਈ ਜਿੱਤਣਾ ਅਤਿ ਮੁਸ਼ਕਲ ਹੋਵੇਗਾ । ਪਰ ਹਾਲ ਦੀ ਘੜੀ ਇਸ ਮਿਲਣੀ ਨੇ ਵਿਰੋਧੀਆਂ ਦੀਆਂ ਇੱਛਾਵਾਂ ਉੱਪਰ ਪਾਣੀ ਫੇਰਿਆ ਲੱਗਦਾ ਹੈ ।ਪਰ ਇਸ ਦੇ ਨਾਲ ਇਹ ਗੱਲ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿ ਦਿਨੇਸ਼ ਬਾਂਸਲ ਆਪਣੇ ਹਲਕੇ ਦੇ ਸਾਰੇ ਪਿੰਡਾਂ ਵਿਚ ਮਜ਼ਬੂਤ ਜੜ੍ਹਾਂ ਲਗਾ ਚੁੱਕੇ ਹਨ।ਉਨ੍ਹਾਂ ਨੂੰ ਅਣਗੌਲਿਆਂ ਕਰ ਪਾਰਟੀ ਲਈ ਸੰਗਰੂਰ ਸੀਟ ਜਿੱਤਣਾ ਅਤਿ ਮੁਸ਼ਕਲ ਹੀ ਨਹੀਂ ,ਅਸੰਭਵ ਹੈ। ਅਗਰ ਹਲਕੇ ਵਿੱਚ ਦਲਿਤ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਵੱਡਾ ਵੋਟ ਬੈਂਕ ਦਲਿਤ ਭਾਈਚਾਰੇ ਦਾ ਹੈ।ਪਾਰਟੀ ਦੇ ਦੇ ਤੇਜ਼ ਤਰਾਰ ਆਗੂ ਅਤੇ ਭਗਵੰਤ ਮਾਨ ਦੀਆਂ ਪਾਰਲੀਮੈਂਟ ਚੋਣਾਂ ਵਿੱਚ ਮੁੱਖ ਬੁਲਾਰੇ ਅਤੇ ਤਿੰਨ ਵਿਧਾਨ ਸਭਾ ਹਲਕਿਆਂ ਦੇ ਅਬਜ਼ਰਵਰ ਦੇ ਤੌਰ ਤੇ ਕੰਮ ਕਰ ਚੁੱਕੇ ਗੁਰਦੀਪ ਸਿੰਘ ਫੱਗੂਵਾਲਾ ਪਾਰਟੀ ਦਾ ਇਕ ਅਹਿਮ ਅੰਗ ਸਨ। ਜਿਹੜੇ ਕੇ ਦਲਿਤ ਸਮਾਜ ਦੇ ਵਿੱਚੋਂ ਹੋਣ ਕਰਕੇ ਆਪਣਾ ਹਲਕੇ ਵਿਚ ਨਿਵੇਕਲਾ ਆਧਾਰ ਅਤੇ ਸਤਿਕਾਰ ਰੱਖਦੇ ਹਨ,ਭਾਵੇਂ ਸ੍ਰੀ ਫੱਗੂਵਾਲਾ ਸਿਆਸੀ ਤੌਰ ਤੇ ਅਜੇ ਚੁੱਪੀ ਧਾਰੀ ਹੋਈ ਹੈ,ਵੀ ਚੋਣ ਮੈਦਾਨ ਚ ਆ ਸਕਦੇ ਹਨ । ਬਸਪਾ ਦਾ ਸਮਝੌਤਾ ਅਕਾਲੀ ਦਲ ਬਾਦਲ ਦੇ ਨਾਲ ਹੋ ਚੁੱਕਾ ਹੈ, ਪਰ ਬਸਪਾ ਦਾ ਇਸ ਹਲਕੇ ਵਿੱਚ ਕੱਦਵਾਰ ਦਲਿਤ ਆਗੂ ਵਿਹੀਣ ਹੋਣਾ ਇਸ ਸਮਝੌਤੇ ਦੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਕਰਦਾ ਨਜ਼ਰ ਨਹੀਂ ਆ ਰਿਹਾ । ਦੂਸਰੇ ਪਾਸੇ ਕਾਂਗਰਸ ਅੰਦਰ ਵੀ ਮੌਜੂਦਾ ਐਮ.ਐਲ.ਏ ਤੇ ਮੰਤਰੀ ਵਿਜੇਂਦਰ ਸਿੰਗਲਾ ਦਾ ਪਿੰਡ ਪੱਧਰ ਤੇ ਆਗੂਆਂ ਨਾਲ ਸਭ *ਕੁਝ ਅੱਛਾ ਹੈ* ਵਾਲਾ ਰਿਸ਼ਤਾ ਨਹੀਂ ਜਾਪਦਾ।ਪਿੰਡਾਂ ਦੀਆਂ ਪੰਚਾਇਤਾਂ ਦੇ ਹੱਥੋਂ ਕੰਮ ਖੋਹ ਕੇ ਸਰਕਾਰੀ ਏਜੰਸੀਆਂ ਰਾਹੀਂ ਕੰਮ ਕਰਾਉਣਾ ਵੀ ਸ੍ਰੀ ਸਿੰਗਲਾ ਦੇ ਲਈ ਔਕੜਾਂ ਪੇਸ਼ ਕਰ ਸਕਦਾ ਹੈ ਅੱਜ ਦੇ ਸਮੇਂ ਇਹ ਨਹੀਂ ਕਿਹਾ ਜਾ ਸਕਦਾ ਕਿ ਸਿਆਸਤ ਦਾ ਊਠ ਕਿਸ ਕਰਵਟ ਬੈਠੇਗਾ ਪਰ ਸ੍ਰੀ ਭਗਵੰਤ ਮਾਨ ਤੇ ਦਿਨੇਸ਼ ਬਾਂਸਲ ਵਿਚਕਾਰ ਹੋਈ ਮਿਲਣੀ ਨੇ ਜਿੱਥੇ ਪੈਦਾ ਹੋਈਆਂ ਸਿਆਸੀ ਗਲਤ ਫਹਿਮੀਆਂ ਨੂੰ ਦੂਰ ਕਰ ਕੇ ਵਿਰੋਧੀਆਂ ਨੂੰ ਕੰਬਣੀ ਛੇੜ ਦਿੱਤੀ ਹੈ ਉਥੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਿੱਚ ਦੋਨੇਂ ਆਗੂਆਂ ਦੀ ਮਿਲਣੀ ਨਾਲ ਖੁਸ਼ੀ ਪਾਈ ਜਾ ਰਹੀ ਹੈ ।