ਚੋਰ ਗਿਰੋਹ ਦੇ ਮੈਂਬਰਾਂ ਵੱਲੋਂ ਦਿਨ ਦਿਹਾਡ਼ੇ ਦੁਕਾਨਦਾਰ ਕੋਲੋਂ ਮੋਬਾਇਲ ਅਤੇ ਨਕਦੀ ਲੁੱਟ ਕੇ ਫਰਾਰ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਸਥਾਨਕ ਸ਼ਹਿਰ ਦੇ ਨਵੇਂ ਬੱਸ ਅੱਡੇ ਨਜ਼ਦੀਕ ਨੈਸ਼ਨਲ ਹਾਈਵੇ ਦੀ ਸਰਵਿਸ ਰੋਡ ਉਪਰ ਸਥਿਤ ਇਕ ਮੋਬਾਇਲਾਂ ਦੀ ਦੁਕਾਨ ਤੋਂ ਬੀਤੇ ਦਿਨ ਚੋਰ ਗਿਰੋਹ ਦੇ ਦੋ ਮੈਂਬਰਾਂ ਨੇ ਦੋ ਮਬਾਇਲ ਫੋਨ ਅਤੇ ਗੱਲੇ ’ਚ ਪਈ ਨਕਦੀ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ।ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਧਰਮਪਾਲ ਪੁੱਤਰ ਹੰਸ ਰਾਜ ਨੇ ਦੱਸਿਆ ਕਿ ਬੀਤੇ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇਂ ਜਦੋਂ ਉਹ ਆਪਣੀ ਦੁਕਾਨ ਦਾ ਸ਼ਟਰ ਬੰਦ ਕਰਕੇ ਕਿਸੇ ਕੰਮ ਲਈ ਗਿਆ ਸੀ ਤਾਂ ਪਿਛੋਂ ਦੋ ਵਿਅਕਤੀਆਂ ਨੇ ਉਸ ਦੀ ਦੁਕਾਨ ’ਚ ਦੋ ਮੋਬਾਇਲ ਫੋਨ ਚੋਰੀ ਕਰ ਲਏ ਅਤੇ ਮੋਬਾਇਲ ਚੋਰੀ ਕਰਨ ਦੀ ਇਹ ਸਾਰੀ ਘਟਨਾ ਉਸ ਦੀ ਦੁਕਾਨ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ।ਧਰਮਪਾਲ ਨੇ ਦੱਸਿਆ ਕਿ ਉਸ ਦੀ ਦੁਕਾਨ ਤੋਂ ਮੋਬਾਇਲ ਫੋਨ ਚੋਰੀ ਕਰਨ ਵਾਲੇ ਵਿਅਕਤੀ ਇਕ ਦਿਨ ਪਹਿਲਾਂ ਵੀਰਵਾਰ ਨੂੰ ਉਸ ਦੀ ਦੁਕਾਨ ਉਪਰ ਆਪਣਾ ਮੋਬਾਇਲ ਫੋਨ ਵੇਚਣ ਲਈ ਆਏ ਸਨ ਪਰ ਉਨ੍ਹਾਂ ਕੋਲ ਮੋਬਾਇਲ ਫੋਨ ਦਾ ਡੱਬਾ ਅਤੇ ਬਿੱਲ ਵਗੈਰਾ ਨਾ ਹੋਣ ਕਾਰਨ ਮੈਂ ਉਨ੍ਹਾਂ ਨੂੰ ਮੋਬਾਇਲ ਫੋਨ ਖਰੀਦਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਤੁਸੀਂ ਇਹ ਮੋਬਾਇਲ ਫੋਨ ਰੱਖ ਲਓ ਅਤੇ ਸਾਨੂੰ ਕੁਝ ਪੈਸੇ ਦੇ ਦੇਵੋ ਬਾਕੀ ਅਸੀਂ ਤੁਹਾਨੂੰ ਡੱਬਾ ਅਤੇ ਬਿੱਲ ਲਿਆ ਕੇ ਦੇਣ ਤੋਂ ਬਾਅਦ ਲੈ ਜਾਵਾਂਗੇ ਅਤੇ ਉਹ ਮੇਰੇ ਕੋਲੋ 2 ਹਜ਼ਾਰ ਰੁਪਏ ਲੈ ਗਏ। ਦੁਕਾਨਦਾਰ ਨੇ ਦੱਸਿਆ ਕਿ ਇਹ ਵਿਅਕਤੀ ਸ਼ੁੱਕਰਵਾਰ ਨੂੰ ਮੇਰੀ ਗੈਰ-ਹਾਜ਼ਰੀ ’ਚ ਮੇਰੀ ਦੁਕਾਨ ਦਾ ਸ਼ਟਰ ਚੁੱਕ ਕੇ ਦੁਕਾਨ ’ਚ ਦਾਖਲ ਹੋਏ ਅਤੇ ਇਨ੍ਹਾਂ ਮੇਰੀ ਦੁਕਾਨ ਅੰਦਰ ਸਾਰੇ ਦਰਾਜਾਂ ਦੀ ਫਰੋਲਾਂ ਕਰਕੇ ਦੁਕਾਨ ਅੰਦਰੋਂ ਮੈਨੂੰ ਵੇਚੇ ਆਪਣੇ ਮੋਬਾਇਲ ਫੋਨ ਦੇ ਨਾਲ-ਨਾਲ ਗੱਲੇ ’ਚ ਪਿਆ ਇਕ ਹੋਰ ਮੋਬਾਇਲ ਫੋਨ ਅਤੇ ਨਕਦੀ ਚੋਰੀ ਕਰਕੇ ਲੈ ਗਏ। ਜਿਸ ਦੀ ਸੂਚਨਾ ਉਸ ਨੇ ਪੁਲਸ ਨੂੰ ਵੀ ਦੇ ਦਿੱਤੀ ਹੈ।