ਜੌਲੀਆਂ ਬੇਅਦਬੀ ਮਾਮਲੇ ਤੋਂ ਬਾਅਦ ਗੁਰਦੁਆਰਾ ਪੁਜੇ ਬੁੱਢਾ ਦਲ ਦੇ ਨੁਮਾਇੰਦੇ
ਪ੍ਰਬੰਧਕ ਗੁਰੂ ਘਰਾਂ ਵਿੱਚ ਪਹਿਰੇਦਾਰੀ ਲਾਜ਼ਮੀ ਬਨਾਉਣ:ਨਿਹੰਗ ਮੁਖੀ ਬੁੱਢਾ ਦਲ

ਭਵਾਨੀਗੜ੍ਹ , 05 ਜੁਲਾਈ-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਤੇ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਛੇੜਛਾੜ, ਪੱਤਰੇ(ਅੰਗ) ਪਾੜਨ ਸਾੜਨ ਅਤੇ ਘੋਰ ਬੇਅਦਬੀ ਦੀਆਂ ਦੁਖਦਾਈ ਘਟਨਾਵਾਂ ਗੁਰਦੁਆਰਾ ਸਾਹਿਬਾਨ ਅੰਦਰ ਹੀ ਵਾਪਰ ਰਹੀਆਂ ਹਨ।ਘਟਨਾ ਸਥਾਨ ਤੋਂ ਫੜੇ ਜਾਣ ਵਾਲਿਆਂ ਨੂੰ ਨੀਮ ਪਾਗਲ ਕਹਿ ਕੇ ਬੁੱਤਾ ਸਾਰਣ ਦਾ ਨਿੰਦਕ ਜਤਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਉੱਪਰ ਬਣਦੀ ਕਾਨੂੰਨੀ ਕਾਰਵਾਈ ਵੀ ਨਹੀਂ ਹੋ ਰਹੀ।
ਉਨ੍ਹਾਂ ਕਿਹਾ ਪ੍ਰਬੰਧਕ ਕਮੇਟੀਆਂ ਵਲੋਂ ਕਦੀ ਬਿਜਲੀ ਸਰਕਟ ਦਾ ਬਹਾਨਾ ਲਾ ਦਿੱਤਾ ਜਾਂਦਾ ਹੈ ਕਦੀ ਜੋਤ ਦਾ ਸੇਕ ਰਮਾਲਿਆਂ ਨੂੰ ਲੱਗਣ ਕਰਕੇ ਅੱਗ ਲੱਗ ਗਈ ਆਦਿ ਕਹਿ ਕੇ ਪੱਲਾ ਛੁਡਾਇਆ ਜਾਂਦਾ ਹੈ ਜੋ ਬਹੁਤ ਅਫਸੋਸਜਨਕ ਦੁਖਦਾਈ ਤੇ ਮੰਦਭਾਗਾ ਹੈ।
ਨਿਹੰਗ ਮੁਖੀ ਨੇ ਕਿਹਾ ਪੰਜਾਬ ਅਤੇ ਨਾਲ ਲੱਗਦੇ ਪ੍ਰਾਤਾਂ ਅੰਦਰ ਅਜਿਹੀਆਂ ਦੁਖਦਾਈ ਘਟਨਾਵਾਂ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ।ਪਿਛਲੇ ਦਿਨੀ ਸੰਗਰੂਰ ਜਿਲੇ ਦੇ ਕਸਬਾ ਭਵਾਨੀਗੜ੍ਹ ਨਜ਼ਦੀਕ ਜੌਲੀਆਂ ਪਿੰਡ ਵਿਚ ਵੀ ਇੱਕ ਔਰਤ ਗੁਰਮੇਲ ਕੌਰ ਪਤਨੀ ਸ੍ਰ. ਜਗਰੂਪ ਸਿੰਘ ਨੇ ਗੁਰਦੁਆਰਾ ਸੰਗਤਸਰ ਅੰਦਰ ਦਾਖਲ ਹੋ ਕੇ ਗੁਰੂ ਮਹਾਰਾਜ ਦੇ ਪਾਵਨ ਸਰੂਪ ਨੂੰ ਅੱਗ ਲਾ ਦਿੱਤੀ।ਭਾਵੇ ਪੁਲਿਸ ਵਲੋਂ ਇਹ ਔਰਤ ਗ੍ਰਿਫਤਾਰ ਤਾਂ ਕਰ ਲਈ ਗਈ ਹੈ ਪਰ ਇਸ ਪਿਛੇ ਕਿਸ ਦੀ ਸਾਜਿਸ ਸੀ, ਕਿਹੜੇ ਲੋਕ ਉਕਸਾਉਣ ਵਾਲੇ ਹਨ, ਇਸ ਦੀ ਅਜਿਹੀ ਘਨਾਉਣੀ ਮਨਸਾ ਪਿਛੇ ਕਿਹੜੇ ਲੋਕ ਹਨ, ਬਾਰੇ ਅਜੇ ਤੀਕ ਕੋਈ ਖੁਲਾਸਾ ਨਹੀਂ ਹੋ ਸਕਿਆ।
ਪਿੰਡ ਜੌਲੀਆਂ ਦੇ ਗੁਰਦੁਆਰਾ ਸੰਗਤਸਰ ਵਿੱਚ ਪਸਚਾਤਾਪ ਵਜੋਂ ਰੱਖੇ ਸ੍ਰੀ ਅਖੰਡਪਾਠਾਂ ਦੇ ਭੋਗ ਸਮੇਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਬੁੱਢਾ ਦਲ ਦੇ ਧਰਮ ਪ੍ਰਚਾਰ ਵਿੰਗ ਦੇ ਮੁੱਖ ਪ੍ਰਚਾਰਕ ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ ਨੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ. ਬੱਬੀ ਸਿੰਘ ਤੇ ਚੇਅਰਮੈਨ ਸ੍ਰ. ਕੁਲਵੰਤ ਸਿੰਘ ਜੌਲੀਆਂ ਨਾਲ ਗੱਲਬਾਤ ਕਰਕੇ ਸਾਰੇ ਹਲਾਤਾਂ ਦਾ ਜਾਇਜਾ ਲੈਣ ਉਪਰੰਤ ਕਿਹਾ ਕਿ ਘਟਨਾ ਅਤਿ ਦੁਖਦਾਈ ਤੇ ਹਿਰਦੇ ਵਲੂੰਧਰਣ ਵਾਲੀ ਹੈ।ਉਨ੍ਹਾਂ ਸਭ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਗੁਰੂ ਘਰਾਂ ਦੀ ਸੇਵਾ ਸੰਭਾਲ ਲਈ ਹਰ ਸਮੇਂ ਸੁਚੇਤ ਰੂਪ ਵਿੱਚ ਪਹਿਰੇਦਾਰੀ ਸੇਵਾਦਾਰੀ ਕਾਇਮ ਰੱਖੀ ਜਾਵੇ ਤਾਂ ਜੋ ਅਜਿਹੀਆਂ ਨਾ ਬਰਦਾਸ਼ਤਯੋਗ ਘਟਨਾ ਵਾਪਰਣ ਤੋਂ ਬੱਚਿਆਂ ਜਾ ਸਕੇ।ਬੁੱਢਾ ਦਲ ਦੇ ਨਮੁਾਦਿੰਆਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਇਸ ਘਟਨਾ ਦੀ ਅਸਲ ਸਚਾਈ ਜੱਗ ਜ਼ਾਹਰ ਹੋਣੀ ਚਾਹੀਦੀ ਹੈ।ਪੰਜਾਬ ਦੇ ਹਲਾਤਾਂ ਨੂੰ ਬਲਦੀ ਦੇ ਬੁੱਥੇ ਦੇਣ ਵੱਲ ਨਾ ਧੱਕਿਆ ਜਾਵੇ।ਜੌਲ਼ੀਆਂ ਸਮਾਗਮ ਵਿੱਚ ਬੁੱਢਾ ਦਲ ਵਲੋਂ ਵਿਸ਼ੇਸ਼ ਤੌਰ ਪੁਜੇ ਬਾਬਾ ਜੱਸਾ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਮਲੂਕ ਸਿੰਘ, ਬਾਬਾ ਰਣਜੋਧ ਸਿੰਘ, ਲੱਖਾ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਮਨਪ੍ਰੀਤ ਸਿੰਘ ਸੋਢੀ, ਬਾਬਾ ਵਾਹਿਗੁਰੂ ਸਿੰਘ, ਬਾਬਾ ਕੁਲਵਿੰਦਰ ਸਿੰਘ, ਨਿਰਵੈਰ ਸਿੰਘ ਲੰਬਵਾਲ਼ੀ ਆਦਿ।