ਜ਼ਮੀਨ ਅਤੇ ਕਰਜ਼ੇ ਦੇ ਮਸਲੇ ਨੂੰ ਲੈ ਕੇ 13 ਅਗਸਤ ਨੂੰ ਮੋਤੀ ਮਹਿਲਾਂ ਵੱਲ ਮਾਰਚ ਦਾ ਐਲਾਨ

ਭਵਾਨੀਗੜ੍ਹ (ਰਸ਼ਪਿੰਦਰ ਸਿੰਘ ) ਅੱਜ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਮੀਤ ਪ੍ਰਧਾਨ ਗੁਰਵਿੰਦਰ ਬੌੜਾਂ, ਨੇ ਕਿਹਾ ਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਵੱਖਰੀਆਂ ਵੱਖਰੀਆਂ ਵੋਟ ਬਟੋਰੂ ਪਾਰਟੀਆਂ ਵੱਲੋਂ ਦਲਿਤਾਂ ਦੇ ਨਾਮ ਉੱਪਰ ਰਾਜਨੀਤੀ ਤੇਜ਼ ਹੋ ਰਹੀ ਹੈ। ਕੋਈ ਪਾਰਟੀ ਦਲਿਤ ਮੁੱਖ ਮੰਤਰੀ ਬਣਾਉਣ ਦਾ ਦਾਅਵਾ ਕਰ ਰਹੀ ਹੈ ਅਤੇ ਕੋਈ ਉਪ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਕਰ ਰਹੀ ਹੈ। ਕਾਂਗਰਸ ਸਰਕਾਰ ਵੱਲੋਂ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਦਲਿਤਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਪਲਾਟ ਦੇਣ ਅਤੇ ਕਰਜ਼ੇ ਮੁਆਫ਼ੀ ਵਰਗੇ ਵੱਡੇ ਵੱਡੇ ਵਾਅਦੇ ਕੀਤੇ ਗਏ ਪਰ ਉਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਵਫਾ ਨਹੀਂ ਹੋਇਆ। ਜਿਸ ਜਬਰ ਦਾ ਸਾਹਮਣਾ ਦਲਿਤਾਂ ਨੂੰ ਦੇਸ਼ ਅੰਦਰ ਅਕਲੀ ਭਾਜਪਾ ਦੇ ਰਾਜ ਵਿੱਚ ਕਰਨਾ ਪੈਂਦਾ ਸੀ ਉਸੇ ਰਾਹ ਉੱਪਰ ਚੱਲਦਿਆਂ ਕਾਂਗਰਸ ਨੇ ਵੀ ਜਬਰ ਦਾ ਕੁਹਾੜਾ ਤੇਜ ਕੀਤਾ ਹੈ। ਦਲਿਤਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਗਿਆ ਹੈ। ਪਰਮਜੀਤ ਕੌਰ ਲੌਂਗੋਵਾਲ ਨੇ ਕਿਹਾ ਕਿ ਤੀਜੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਦਲਿਤਾਂ ਨੂੰ ਪੱਕੇ ਤੌਰ ਤੇ ਦੇਣ, ਨਜ਼ੂਲ ਜ਼ਮੀਨਾਂ ਦੇ ਮਾਲਕੀ ਹੱਕ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ, ਸੀਲਿੰਗ ਐਕਟ ਤੋਂ ਉਪਰਲੀਆਂ ਜ਼ਮੀਨਾਂ ਬੇਜ਼ਮੀਨੇ ਲੋਕਾਂ ਵਿੱਚ ਵੰਡਾਉਣ, ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਪਲਾਟ ਅਤੇ ਉਸਾਰੀ ਲਈ ਗਰਾਂਟ ਜਾਰੀ ਕਰਵਾਉਣ, ਮਾਈਕ੍ਰੋਫਾਇਨਾਂਸ ਕੰਪਨੀਆਂ ਸਮੇਤ ਮਜਦੂਰਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ, ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਦੇ ਮਾਲਕੀ ਹੱਕ ਲੈਣ, ਮਨਰੇਗਾ ਤਹਿਤ ਸਾਰਾ ਸਾਲ ਕੰਮ ਦੇਣ ਅਤੇ ਕੀਤੇ ਕੰਮ ਦੀ ਤੁਰੰਤ ਪੈਸੇ ਜਾਰੀ ਕਰਵਾਉਣ, ਬਿਜਲੀ ਬਿੱਲ2020 ਰੱਦ ਕਰਵਾਉਣ, ਉਸਾਰੀ ਮਜ਼ਦੂਰਾਂ ਦੇ ਲਾਲ ਕਾਪੀਆਂ ਉੱਪਰ ਖੜ੍ਹੇ ਬਕਾਏ ਜਾਰੀ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ 13 ਅਗਸਤ ਨੂੰ ਪੰਜਾਬ ਭਰ ਵਿੱਚੋਂ ਵੱਡੇ ਕਾਫਲਿਆਂ ਦੇ ਰੂਪ ਵਿੱਚ ਮੋਤੀ ਮਹਿਲਾਂ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਮਜਦੂਰਾਂ ਨੂੰ ਲਾਮਬੰਦ ਕਰਨ ਅਤੇ ਮਾਰਚ ਦੀ ਤਿਆਰੀ ਲਈ ਮੀਟਿੰਗ ਵਿੱਚ ਕੰਧ ਪੋਸਟਰ, ਲੀਫਲੈਟ, ਨੁੱਕੜ ਮੀਟਿੰਗਾਂ ਅਤੇ ਰੈਲੀਆਂ ਕਰਨ ਦਾ ਫ਼ੈਸਲਾ ਕੀਤਾ। ਇਸ ਮੌਕੇ ਉਪਰੋਕਤ ਤੋਂ ਬਿਨਾਂ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਧਰਮਵੀਰ ਹਰੀਗਡ਼੍ਹ ਜਸਵੰਤ ਖੇੜੀ ਜਗਤਾਰ ਤੋਲੇਵਾਲ ਧਰਮਪਾਲ ਨੂਰਖੇੜੀਆਂ ਆਦਿ ਹਾਜ਼ਰ ਸਨ ।