ਮੋਟਰਾਂ ਚੋ ਆ ਰਹੇ ਜਹਿਰੀਲੇ ਪਾਣੀ ਦੇ ਮਾਮਲੇ ਚ ਕੀਤੀ ਜਾਵੇ ਕਾਰਵਾਈ : ਸਿਮਰ ਪ੍ਰਤਾਪ ਬਰਨਾਲਾ

ਭਵਾਨੀਗੜ੍ ( ਗੁਰਵਿੰਦਰ ਸਿੰਘ) ਇੱਥੇ ਨੇੜਲੇ ਪਿੰਡ ਆਲੋਅਰਖ ਵਿਖੇ ਕਿਸਾਨਾਂ ਦੀਆਂ ਮੋਟਰਾਂ ਦੇ ਕੈਮੀਕਲ ਨਾਲ ਪ੍ਰਦੂਸ਼ਤ ਹੋਏ ਪਾਣੀ ਦੀ ਖਬਰ ਨਸ਼ਰ ਹੁੰਦਿਆਂ ਹੀ ਅੱਜ ਯੂਥ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸਿਮਰ ਪ੍ਰਤਾਪ ਸਿੰਘ ਬਰਨਾਲਾ ਦੀ ਅਗਵਾਈ ਹੇਠ ਇਕ ਵਫਦ ਵੱਲੋਂ ਥਾਣਾ ਭਵਾਨੀਗੜ੍ਹ ਵਿਖੇ ਲਿਖਤੀ ਰੂਪ ਵਿੱਚ ਸਿਕਾਇਤ ਕੀਤੀ ਗਈ। ਇਸ ਮੌਕੇ ਸ੍ਰੀ ਬਰਨਾਲਾ ਨੇ ਕਿਹਾ ਕਿ ਕੈਮੀਕਲ ਪਲਾਂਟ ਵੱਲੋਂ   ਧਰਤੀ ਵਿੱਚ ਡੂੰਘੇ ਬੋਰਾਂ ਨਾਲ ਕੈਮੀਕਲ ਜਜਬ ਕਰਕੇ ਹੇਠਲੇ ਪਾਣੀ ਨੂੰ ਪ੍ਰਦੂਸ਼ਤ ਕਰਨ ਦਾ ਬਹੁਤ ਵੱਡਾ ਗੁਨਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਪ੍ਰਦੂਸ਼ਣ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਹੁੰਦਾ ਰਿਹਾ ਹੈ। ਅਕਾਲੀ ਆਗੂ ਨੇ ਫੈਕਟਰੀ ਮਾਲਕ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉਸ ਸਮੇਂ ਦੇ ਅਧਿਕਾਰੀਆਂ ਖਿਲਾਫ਼ ਸਖਤ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਹਰਵਿੰਦਰ ਸਿੰਘ ਕਾਕੜਾ, ਐਸਸੀ ਵਿੰਗ ਦੇ ਜਿਲਾ ਪ੍ਰਧਾਨ ਨਿਰਮਲ ਸਿੰਘ ਭੜੋ, ਭਰਭੂਰ ਸਿੰਘ ਫੱਗੂਵਾਲਾ,ਰਵਿੰਦਰ ਸਿੰਘ ਠੇਕੇਦਾਰ ਅਤੇ ਅਜੈਬ ਸਿੰਘ ਬਖੋਪੀਰ ਵੀ ਹਾਜਰ ਸਨ।