ਭਵਾਨੀਗੜ੍ਹ 14 ਅਗਸਤ (ਗੁਰਵਿੰਦਰ ਸਿੰਘ) ਗੁਰਦੁਆਰਾ ਸ਼ਹੀਦਸਰ ਸਾਹਿਬ ਪਿੰਡ ਮਾਝੀ ਵਿਖੇ ਸੰਤ ਬਾਬਾ ਰਘਵੀਰ ਸਿੰਘ ਦੀ 8ਵੀਂ ਬਰਸੀ ਮਨਾਈ ਗਈ। ਜਿਸ ਵਿਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਕਮਲਜੀਤ ਸਿੰਘ ਨੇ ਪਹੁੰਚੀ ਸਿੱਖ ਸੰਗਤ ਨੂੰ ਕੀਰਤਨ ਸਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲਣ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਬਰਸੀ ਸਮਾਗਮ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ, ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਅਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਪਹੁੰਚੀ ਸਿੱਖ ਸੰਗਤ ਨੂੰ ਵਾਤਾਵਰਣ ਦੀ ਸੁੱਧਤਾ ਲਈ ਵੱਡੀ ਗਿਣਤੀ ਵਿੱਚ ਪੌਦੇ ਵੰਡੇ ਗਏ। ਗੁਰਦੁਆਰਾ ਸ਼ਹੀਦਸਰ ਸਾਹਿਬ ਦੇ ਪ੍ਰਧਾਨ ਮਹਿੰਦਰ ਸਿੰਘ ਮਾਝੀ ਨੇ ਦੱਸਿਆ ਕਿ ਪਿਛਲੀ ਪੂਰਨਮਾਸੀ ਨੂੰ ਸੈਂਕੜੇ ਪੌਦੇ ਸੰਗਤ ਨੂੰ ਵੰਡੇ ਗਏ ਅਤੇ ਸੰਤ ਬਾਬਾ ਰਘਵੀਰ ਸਿੰਘ ਦੀ ਬਰਸੀ ਸਮਾਗਮ 200 ਪੌਦੇ ਸਿੱਖ ਸੰਗਤ ਨੂੰ ਵੰਡੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਪੌਦਿਆਂ ਨੂੰ ਆਪਣੇ ਬੱਚਿਆਂ ਵਾਂਗ ਪਾਲਿਆ ਜਾਵੇ ਤਾਂ ਕਿ ਵਾਤਾਵਰਨ ਦੀ ਸ਼ੁੱਧਤਾ ਨੂੰ ਬਹਾਲ ਰੱਖਣ ਲਈ ਅਸੀਂ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਕਰ ਸਕੀਏ। ਇਸ ਮੌਕੇ ਹੈੱਡ ਗ੍ਰੰਥੀ ਕਮਲਜੀਤ ਸਿੰਘ, ਕਰਨੈਲ ਸਿੰਘ ਸਾਬਕਾ ਸਰਪੰਚ ਮਾਝੀ, ਬਹਾਦਰ ਸਿੰਘ ਖਜ਼ਾਨਚੀ, ਦਰਸ਼ਨ ਸਿੰਘ ਕਮੇਟੀ ਮੈਂਬਰ, ਚਮਕੌਰ ਸਿੰਘ ਦੀ ਅਗਵਾਈ ਵਿੱਚ ਸਮੇਤ ਗੁਰਦੁਆਰਾ ਸਮੂਹ ਕਮੇਟੀ ਨੇ ਸਿੱਖ ਸੰਗਤ ਨੂੰ ਪੌਦੇ ਵੰਡੇ। ਬਰਸੀ ਸਮਾਗਮ ਤੇ ਮਹੇਸ਼ ਕੁਮਾਰ ਮਾਝੀ, ਜਸਪਾਲ ਸਿੰਘ ਸਾਬਕਾ ਪੰਚ, ਕਾਕਾ ਜੈਲਦਾਰ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਪਹੁੰਚ ਕੇ ਬਰਸੀ ਸਮਾਗਮ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।