ਭਵਾਨੀਗੜ (ਗੁਰਵਿੰਦਰ ਸਿੰਘ)ਪੰਜਾਬ ਵਿੱਚ ਨਿੱਤ ਦਿਨ ਚਿੱਟੇ ਨਾਲ ਹੋ ਰਹੀਆਂ ਮੌਤਾਂ, ਕਰਜ਼ੇ ਦੀ ਮਾਰ ਨਾਲ ਖ਼ੁਦਕੁਸ਼ੀਆਂ ਕਰਦੇ ਕਿਸਾਨ ਅਤੇ ਬੜੀ ਤੇਜ਼ੀ ਨਾਲ ਖ਼ਤਮ ਹੋ ਰਹੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੰਜਾਬ ਵਿੱਚ ਖਸਖਸ ਦੀ ਖੇਤੀ ਹੀ ਇੱਕ ਮਾਤਰ ਰਸਤਾ ਦਿਖਾਈ ਦਿੰਦਾ ਹੈ ਅਤੇ ਇਸ ਖੇਤੀ ਨੂੰ ਮੁੜ ਤੋਂ ਸ਼ੁਰੂ ਕਰਵਾਉਣ ਲਈ ਬੀਤੇ ਦਿਨੀਂ ਲੋਕ ਇਨਸਾਫ ਪਾਰਟੀ ਦਾ ਇੱਕ ਵਫ਼ਦ ਵੱਲੋਂ ਪਾਰਟੀ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਪ੍ਰਾਈਵੇਟ ਮੈਂਬਰ ਬਿੱਲ ਸੌਂਪਿਆ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਸੰਗਰੂਰ ਤਲਵਿੰਦਰ ਸਿੰਘ ਮਾਨ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਖੇਤੀ ਰਾਜ (ਸੂਬਾ) ਦਾ ਵਿਸ਼ਾ ਹੈ ਅਤੇ ਸੰਵਿਧਾਨ ਖੇਤੀ ਸਬੰਧੀ ਕਾਨੂੰਨ ਬਣਾਉਣ ਦਾ ਰਾਜ ਨੂੰ ਅਧਿਕਾਰ ਦਿੰਦਾ ਹੈ। ਪੰਜਾਬ ਵਿੱਚ ਖਸਖਸ ਦੀ ਖੇਤੀ ਸਬੰਧੀ ਵਿਵਸਥਾ ਕੀਤੇ ਜਾਣ ਨਾਲ ਨਾ ਸਿਰਫ਼ ਕਿਸਾਨ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ ਬਲਕਿ ਇਹ ਪੰਜਾਬ ਦੀ ਅਰਥਵਿਵਸਥਾ ਲਈ ਵੀ ਬਹੁਤ ਫਾਇਦੇਮੰਦ ਸਾਬਤ ਹੋਵੇਗਾ।
ਮਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਇਹ ਕੋਈ ਨਿਵੇਕਲੀ ਗੱਲ ਨਹੀਂ ਕਿਉਂਕਿ ਪੰਜਾਬ ਵਿੱਚ ਪਹਿਲਾਂ ਵੀ ਖਸਖਸ ਦੀ ਖੇਤੀ ਹੁੰਦੀ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲੋਕ ਇਨਸਾਫ ਪਾਰਟੀ ਦੇ ਵਫ਼ਦ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨਾਲ ਮੁਲਾਕਾਤ ਕਰਕੇ ਜਿੱਥੇ ਵਫ਼ਦ ਵੱਲੋਂ ਖਸਖਸ ਦੀ ਖੇਤੀ ਸਬੰਧੀ ਪ੍ਰਾਈਵੇਟ ਮੈਂਬਰ ਬਿੱਲ ਸੌਂਪ ਦਿੱਤਾ ਗਿਆ ਹੈ ਉਸਦੇ ਨਾਲ ਹੀ ਸਪੀਕਰ ਸਾਹਿਬ ਨੂੰ ਇਸ ਦੇ ਫ਼ਾਇਦੇ ਵੀ ਵਿਸਥਾਰ ਨਾਲ ਦੱਸੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਖੇਤੀ ਰਾਜ ਦਾ ਵਿਸ਼ਾ ਹੈ ਅਤੇ ਇਸ ਸਬੰਧਤ ਕਾਨੂੰਨ ਬਣਾਉਣ ਦਾ ਹੱਕ ਵੀ ਰਾਜ ਦੀ ਵਿਧਾਨ ਸਭਾ ਕੋਲ ਹੈ। ਇਸ ਬਿੱਲ ਰਾਹੀਂ ਖਸਖਸ ਦੀ ਖੇਤੀ ਨੂੰ ਪੰਜਾਬ ਵਿੱਚ ਇਜਾਜ਼ਤ ਮਿਲਣ ਨਾਲ ਛੋਟੇ ਕਿਸਾਨਾਂ ਨੂੰ ਆਰਥਿਕ ਮੰਦੀ ਤੋਂ ਬਾਹਰ ਕੱਢਣ ਅਤੇ ਉਨ੍ਹਾਂ ਨੂੰ ਕਰਜ਼ਾ ਮੁਕਤ ਕਰਨ ਵਿਚ ਵੀ ਬਹੁਤ ਯੋਗਦਾਨ ਮਿਲੇਗਾ।
ਖਸਖਸ ਦੀ ਖੇਤੀ ਨਾਲ ਪੰਜਾਬ ਵਿਚ ਨਾ ਸਿਰਫ ਖੇਤੀ ਵਿਭਿੰਨਤਾ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਵੀ ਇਹ ਖੇਤੀ ਬਹੁਤ ਸਹਾਈ ਹੋਵੇਗੀ ਕਿਉਂਕਿ ਇਸ ਖੇਤੀ ਲਈ ਬਹੁਤ ਹੀ ਘੱਟ ਪਾਣੀ ਦੀ ਲੋੜ ਹੁੰਦੀ ਹੈ। ਜਿਸ ਕਰਕੇ ਤੇਜ਼ੀ ਨਾਲ ਲਾਲ ਲਕੀਰ ਤੋਂ ਥੱਲੇ ਜਾ ਰਹੇ ਪੰਜਾਬ ਦੇ ਜ਼ਮੀਨੀ ਪਾਣੀ ਨੂੰ ਬਚਾਇਆ ਜਾ ਸਕਦਾ ਹੈ।
ਮਾਨ ਨੇ ਅਖ਼ੀਰ ਵਿੱਚ ਬੋਲਦਿਆਂ ਕਿਹਾ ਕਿ ਇਸ ਖੇਤੀ ਨਾਲ ਮੌਜੂਦਾ ਸਿੰਥੈਟਿਕ ਡਰੱਗ (ਚਿੱਟਾ, ਕੋਕੀਨ, ਹੈਰੋਇਨ, ਸਮੈਕ ਆਦਿ) ਦੀ ਪੈਂਦੀ ਮਾਰ ਅਤੇ ਡਰੱਗ ਮਾਫੀਆ ਦੇ ਨਸ਼ੇ ਦੇ ਕਾਰੋਬਾਰ ਨੂੰ ਵੀ ਰੋਕਣਾ ਸੰਭਵ ਹੋ ਸਕਦਾ ਹੈ ਅਤੇ ਸਿੰਥੈਟਿਕ ਡਰੱਗ ਦੀ ਗ੍ਰਿਫਤ ਵਿੱਚ ਫਸੇ ਸੂਬੇ ਦੇ ਨੌਜਵਾਨਾਂ ਨੂੰ ਵੀ ਇਸ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ਅਤੇ ਸਿੰਥੈਟਿਕ ਡਰੱਗ ਕਰਕੇ ਨਿੱਤ ਦਿਨ ਹੋ ਰਹੀਆਂ ਮੌਤਾਂ ਨੂੰ ਵੀ ਰੋਕਿਆ ਜਾ ਸਕਦਾ ਹੈ।