ਭਵਾਨੀਗੜ੍ਹ,14 ਸਤੰਬਰ (ਗੁਰਵਿੰਦਰ ਸਿੰਘ) ਰਾਸ਼ਨ ਡਿਪੂ ਹੋਲਡਰ ਫੈਡਰੇਸ਼ਨ ਪੰਜਾਬ ਇਕਾਈ ਭਵਾਨੀਗਡ਼੍ਹ ਵੱਲੋੰ ਮੰਗਲਵਾਰ ਨੂੰ ਐੱਸਡੀਐੱਮ ਭਵਾਨੀਗੜ੍ਹ ਰਾਹੀੰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਮੰਗ ਪੱਤਰ ਭੇਜ ਕੇ ਫੈਡਰੇਸ਼ਨ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਪੂਰੀਆਂ ਕੀਤੇ ਜਾਣ ਦੀ ਮੰਗ ਕੀਤੀ ਹੈ। ਮੰਗ ਪੱਤਰ ਦੇਣ ਉਪਰੰਤ ਇਕਾਈ ਪ੍ਰਧਾਨ ਨਰਿੰਦਰ ਨਾਗਰਾ ਨੇ ਦੱਸਿਆ ਕਿ ਮੌਜੂਦਾ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਸੀ ਕਿ ਮੌਜੂਦਾ ਜਨਤਕ ਵੰਡ ਪ੍ਰਣਾਲੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਡਿਪੂ ਹੋਲਡਰਾਂ ਦੀ ਰੋਜ਼ੀ ਰੋਟੀ ਲਈ ਮਿਹਨਤਾਨੇ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਨਾਗਰਾ ਨੇ ਕਿਹਾ ਕਿ ਡਿਪੂ ਹੋਲਡਰਾਂ ਦੀਆਂ ਮੰਗਾਂ ਨੂੰ ਲੈ ਕੇ ਅਨੇਕਾਂ ਵਾਰ ਸਮਰੱਥ ਅਧਿਕਾਰੀਆਂ ਤੋਂ ਇਲਾਵਾ ਸੂਬੇ ਦੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਪਰੰਤੂ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਡਿਪੂ ਹੋਲਡਰ ਤਿੱਖੇ ਸੰਘਰਸ਼ ਦੇ ਰਾਹ ਪੈਣ ਪੰਜਾਬ ਸਰਕਾਰ ਕੋਵਿਡ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਡਿੱਪੂ ਹੋਲਡਰਾਂ ਨੂੰ ਫਰੰਟਲਾਈਨ ਯੋਧੇ ਐਲਾਨ ਕੇ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵੇ। ਇਸ ਤੋੰ ਇਲਾਵਾ ਕਣਕ ਦੀ ਸਪਲਾਈ ਮਹੀਨਾਵਾਰ ਕਰਨ ਤੇ ਇਸ ਵਿੱਚ ਘਰੇਲੂ ਵਰਤੋਂ ਦੀਆਂ ਹੋਰ ਵਸਤੂਆਂ ਵੀ ਸ਼ਾਮਲ ਕਰਨ, ਸਹਿਕਾਰੀ ਸਭਾ ਦੇ ਸੇਲਜ਼ਮੈਨਾਂ ਦੇ ਬਰਾਬਰ ਤਨਖਾਹ ਦੇਣ, ਪ੍ਰਧਾਨ ਮੰਤਰੀ ਯੋਜਨਾ ਅਧੀਨ ਮੁਫ਼ਤ ਵਿੱਚ ਵੰਡੇ ਅਨਾਜ ਦਾ ਪਿਛਲੇ 10 ਮਹੀਨਿਆਂ ਦਾ ਬਕਾਇਆ ਕਮਿਸ਼ਨ ਤੁਰੰਤ ਖਾਤਿਆਂ ਪਾਉਣ ਸਮੇਤ 25 ਮਈ 2021 ਨੂੰ ਖ਼ੁਰਾਕ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਮੰਨੀਆਂ ਗਈਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਮੁਕੇਸ਼ ਸਿੰਗਲਾ, ਜਗਤਾਰ ਘਰਾਚੋੰ, ਮਨੋਜ ਜਿੰਦਲ ਆਸ਼ੂ, ਗਿਆਨ ਚੰਦ, ਬੱਬੀ ਗੁਰਦਾਸਪੁਰਾ ਤੇ ਅਵਨੀਸ਼ ਕੁਮਾਰ ਆਦਿ ਹਾਜ਼ਰ ਸਨ।ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਪਤਾ ਲੱਗਾ ਹੈ ਕਿ ਮੰਗਾਂ ਨਹੀੰ ਮੰਨੇ ਜਾਣ ਦੀ ਸੂਰਤ ਵਿੱਚ ਸੂਬੇ ਦੇ ਸਮੂਹ ਰਾਸ਼ਨ ਡਿਪੂ ਹੋਲਡਰ ਆਉੰਦੇ ਦਿਨਾਂ 'ਚ ਪ੍ਰਧਾਨ ਮੰਤਰੀ ਯੋਜਨਾ ਅਧੀਨ 5 ਮਹੀਨਿਆਂ ਦਾ ਮੁਫ਼ਤ ਰਾਸ਼ਨ ਵੰਡਣ ਤੋਂ ਪਹਿਲਾਂ ਅਣਮਿੱਥੇ ਸਮੇੰ ਲਈ ਹੜਤਾਲ 'ਤੇ ਜਾ ਸਕਦੇ ਹਨ।