ਅਕਾਲੀਦਲ ਵਲੋਂ ਮਨਾਇਆ ਕਾਲਾ ਦਿਵਸ ਲਿਪ ਵਲੋ ਰਾਜਨੀਤਕ ਡਰਾਮਾ ਕਰਾਰ
ਕਾਲੇ ਕਾਨੂੰਨਾਂ ਨੂੰ ਪਾਸ ਕਰਵਾਉਣ ਵਾਲੇ ਹੁਣ ਦਿੱਲੀ ਜਾ ਕੇ ਕਰ ਰਹੇ ਨੇ ਰਾਜਨੀਤਕ ਡਰਾਮਾ - ਤਲਵਿੰਦਰ ਮਾਨ

ਭਵਾਨੀਗੜ (ਗੁਰਵਿੰਦਰ ਸਿੰਘ) ਬਾਦਲ ਪਰਿਵਾਰ ਅਤੇ ਅਕਾਲੀ ਦਲ ਵੱਲੋਂ ਆਪਣੀ ਡੁੱਬਦੀ ਬੇੜੀ ਨੂੰ ਪਾਰ ਲਾਉਣ ਲਈ ਦਿੱਲੀ ਵਿੱਚ ਇੱਕ ਰਾਜਨੀਤਕ ਡਰਾਮਾ ਕੀਤਾ ਗਿਆ ਅਤੇ ਖੁਦ ਕੇਂਦਰੀ ਮੰਤਰੀ ਰਹਿੰਦਿਆਂ ਕਾਲੇ ਕਾਨੂੰਨਾਂ ਤੇ ਦਸਤਖਤ ਕਰਕੇ ਪਾਸ ਕਰਵਾਉਣ ਵਾਲੇ ਅਕਾਲੀ ਅੱਜ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਡਰਾਮਾ ਕਰਦੇ ਦਿਖਾਈ ਦਿੱਤੇ ਪਰ ਪੰਜਾਬ ਦੇ ਕਿਸਾਨ ਅਤੇ ਪੰਜਾਬ ਦੇ ਲੋਕ ਇਸ ਗੱਲ ਤੋਂ ਭਲੀ-ਭਾਂਤੀ ਜਾਣੂ ਹਨ ਅਤੇ ਇਸੇ ਕਰਕੇ ਹੀ ਦਿੱਲੀ ਨੂੰ ਜਾਂਦਿਆਂ ਸੁਖਬੀਰ ਬਾਦਲ ਦੇ ਕਾਫ਼ਲੇ ਨੂੰ ਜਗ੍ਹਾ-ਜਗ੍ਹਾ ਕਿਸਾਨ ਜਥੇਬੰਦੀਆਂ ਵਲੋਂ ਕਾਲੇ ਝੰਡੇ ਦਿਖਾ ਕੇ ਅਕਾਲੀ ਦਲ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਸੰਗਰੂਰ ਤਲਵਿੰਦਰ ਸਿੰਘ ਮਾਨ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ। ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਵਿੱਚ ਆਪਣੀ ਖੁੱਸੀ ਹੋਈ ਸਿਆਸੀ ਜ਼ਮੀਨ ਨੂੰ ਪਾਉਣ ਲਈ ਬਾਦਲ ਪਰਿਵਾਰ ਹਰ ਤਰ੍ਹਾਂ ਦੇ ਹਥਕੰਡੇ ਅਪਣਾ ਰਿਹਾ ਹੈ ਪਰ ਪੰਜਾਬ ਦੇ ਲੋਕ ਬਾਦਲ ਪਰਿਵਾਰ ਦੇ ਕਿਰਦਾਰ ਅਤੇ ਅਕਾਲੀ-ਭਾਜਪਾ ਸਰਕਾਰ ਦੌਰਾਨ 10 ਸਾਲ ਕੀਤੀ ਗਈ ਲੁੱਟ-ਘਸੁੱਟ ਬੇਅਦਬੀਆਂ, ਨਸ਼ੇ ਦੇ ਕਾਰੋਬਾਰ, ਟਰਾਂਸਪੋਰਟ ਮਾਫੀਆ, ਮਾਈਨਿੰਗ ਮਾਫੀਆ ਆਦਿ ਨੂੰ ਭੁੱਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਕੈਬਨਿਟ ਵਿੱਚ ਰਹਿੰਦਿਆਂ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੱਲੋਂ ਇਨ੍ਹਾਂ ਕਾਲੇ ਕਾਨੂੰਨਾਂ ਉਤੇ ਦਸਤਖ਼ਤ ਕਰਕੇ ਪਾਸ ਕਰਵਾਇਆ ਗਿਆ ਸੀ ਅਤੇ ਉਸ ਸਮੇਂ ਸਮੁੱਚਾ ਬਾਦਲ ਪਰਿਵਾਰ ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਹਰ ਰੋਜ਼ ਮੀਡੀਆ ਰਾਹੀਂ ਟੈਲੀਵਿਜ਼ਨ ਉੱਪਰ ਇਨ੍ਹਾਂ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਬਿਆਨ ਦਿੱਤੇ ਜਾਂਦੇ ਸਨ ਕਿ ਇਹ ਕਾਨੂੰਨ ਪੰਜਾਬ ਦੀ ਕਿਸਾਨੀ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ। ਜਿਸ ਤੋਂ ਇਨ੍ਹਾਂ ਦਾ ਕਿਰਦਾਰ ਸਾਫ਼ ਝਲਕਦਾ ਹੈ ਕਿ ਇਹ ਲੋਕ ਆਪਣੀ ਕੁਰਸੀ ਦੀ ਖਾਤਰ ਕਿਸੇ ਵੀ ਹੱਦ ਤੱਕ ਗਿਰ ਸਕਦੇ ਹਨ ਅਤੇ ਇਨ੍ਹਾਂ ਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਕੋਈ ਵੀ ਲਗਾਅ ਨਹੀਂ ਹੈ ਇਹ ਸਿਰਫ਼ ਆਉਣ ਵਾਲੀਆਂ ਚੋਣਾਂ ਵਿੱਚ ਕੁਰਸੀ ਪਾਉਣ ਦੀ ਖਾਤਰ ਹੀ ਹੁਣ ਭਾਜਪਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ। ਇਸ ਮੌਕੇ ਉਨ੍ਹਾਂ ਨਾਲ ਵਿੱਕੀ ਵਿਨਾਇਕ, ਦੀਪਕ ਵਰਮਾ, ਨਾਰਾਇਣ ਵਰਮਾ ਹੈਪੀ ਸੰਗਰੂਰ ਆਦਿ ਹਾਜ਼ਰ ਸਨ।