ਮਾਮਲਾ ਡਿਪੂ ਹੋਲਡਰਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ਦਾ
ਡਿਪੂ ਹੋਲਡਰਾਂ ਵੱਲੋੰ 117 ਵਿਧਾਨ ਸਭਾ ਹਲਕਿਆਂ 'ਚ ਫੂਕੇ ਜਾਣਗੇ ਜੋਸ਼ੀ ਦੇ ਪੁਤਲੇ

ਭਵਾਨੀਗੜ੍ਹ, 13 ਅਕਤੂਬਰ/(ਗੁਰਵਿੰਦਰ ਸਿੰਘ)
ਭਾਜਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਅਨਿਲ ਜੋਸ਼ੀ ਵੱਲੋਂ ਪੰਜਾਬ ਦੇ ਡਿਪੂ ਹੋਲਡਰਾਂ ਪ੍ਰਤੀ ਵਰਤੀ ਮਾੜੀ ਸ਼ਬਦਾਵਲੀ ਦੀ ਜ਼ੋਰਦਾਰ ਸ਼ਬਦਾਂ ਚ ਨਿਖੇਧੀ ਕਰਦਿਆਂ ਪੰਜਾਬ ਡਿਪੂ ਹੋਲਡਰ ਫੈਡਰੇਸ਼ਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਨਿਲ ਜੋਸ਼ੀ ਨੂੰ ਮਾਫੀ ਮੰਗਣ ਦੀ ਮੰਗ ਕੀਤੀ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਅਨਿਲ ਜੋਸ਼ੀ ਭਾਵੇਂ ਭਾਜਪਾ ਛੱਡ ਕੇ ਅਕਾਲੀ ਦਲ ਵਿਚ ਆ ਗਏ ਹਨ ਪਰੰਤੂ ਉਨ੍ਹਾਂ ਨੇ ਭਾਜਪਾ ਵਾਲੀ ਹੈਂਕੜਬਾਜ਼ੀ ਅਜੇ ਵੀ ਨਹੀਂ ਛੱਡੀ। ਜੋਸ਼ੀ ਵੱਲੋੰ ਸਮੁੱਚੇ ਡਿਪੂ ਹੋਲਡਰਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਜਿਸਨੂੰ ਫੈਡਰੇਸ਼ਨ ਬਰਦਾਸ਼ਤ ਨਹੀੰ ਕਰੇਗੀ। ਕਾਂਝਲਾ ਨੇ ਕਿਹਾ ਕਿ ਇੱਕ ਸਾਲ ਤੋੰ ਡਿਪੂ ਹੋਲਡਰਾਂ ਨੂੰ ਕੋਈ ਕਮਿਸ਼ਨ ਨਹੀਂ ਮਿਲਿਆ ਇਸ ਤੋੰ ਇਲਾਵਾ ਡਿਪੂ ਹੋਲਡਰ ਕੋਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਮੁਫ਼ਤ ਕਣਕ ਦੀ ਵੰਡ ਕਰ ਰਹੇ ਹਨ ਤੇ ਈ-ਪੋਸ ਮਸ਼ੀਨਾਂ ਰਾਹੀਂ ਜਿੰਨੀ ਪਰਚੀ ਨਿਕਲਦੀ ਹੈ ਉਸ ਮੁਤਾਬਕ ਹੀ ਕਣਕ ਖਪਤਕਾਰਾਂ ਨੂੰ ਦਿੱਤੀ ਜਾਂਦੀ ਹੈ। ਪਰੰਤੂ ਜੋਸ਼ੀ ਵਰਗੇ ਵੱਡੇ ਆਗੂਆਂ ਨੂੰ ਬੇਤੁਕੇ ਬਿਆਨ ਦੇਣ ਤੋੰ ਪਹਿਲਾਂ ਜਰੂਰ ਸੋਚ ਲੈਣਾ ਚਾਹੀਦਾ ਹੈ। ਸੂਬਾ ਪ੍ਰਧਾਨ ਕਾਂਝਲਾ, ਜ਼ਿਲਾ ਸੰਗਰੂਰ ਦੇ ਪ੍ਰਧਾਨ ਸੁਰਜੀਤ ਸਿੰਘ ਮੰਗੀ ਅਤੇ ਮਲੇਰਕੋਟਲਾ ਤੋਂ ਮੁਹੰਮਦ ਸਲੀਮ ਤੇ ਮੱਖਣ ਗਰਗ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜੋਸ਼ੀ ਯੂਨੀਅਨ ਤੋਂ ਮੁਆਫ਼ੀ ਨਹੀੰ ਮੰਗਦੇ ਤਾਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਡਿਪੂ ਹੋਲਡਰ ਜੋਸ਼ੀ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਨਗੇ ਨਾਲ ਹੀ ਫੈਡਰੇਸ਼ਨ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਵਿਚ ਅਕਾਲੀ ਆਗੂ ਅਨਿਲ ਜੋਸ਼ੀ ਦੇ ਪੁਤਲੇ ਫੂਕੇ ਜਾਣਗੇ।