ਸੰਗਰੂਰ,16 ਅਕਤੂਬਰ (ਮਾਲਵਾ ਬਿਓੂਰੋ) - ਸਮਾਜ ਅੰਦਰ ਵਧੇ ਬੇਲੋੜੇ ਰਸਮੋ ਰਿਵਾਜ਼ਾਂ ਤੋਂ ਛੁਟਕਾਰੇ ਦਾ ਸੰਦੇਸ਼ ਦਿੰਦਾ , ਸਮਾਜਿਕ ਕੁਰੀਤੀਆਂ ਖਿਲਾਫ ਜਾਗਰੂਕ ਕਰਨ ਵਾਲਾ ਅਤੇ ਦਹੇਜ ਮੁਕਤ ਅਨੋਖਾ ਵਿਆਹ ਸਤਿਲੋਕ ਆਸ਼ਰਮ ਧੂਰੀ ਵਿਖੇ ਬੜੇ ਸਾਦਗੀ ਭਰਪੂਰ ਢੰਗ ਨਾਲ ਸੰਪੰਨ ਹੋਇਆ । ਕਬੀਰ ਪੰਥੀ ਸਤਿਲੋਕ ਆਸ਼ਰਮ ਬਰਵਾਲਾ ਹਰਿਆਣਾ ਵਾਲੇ ਸਤਿਗੁਰੂ ਰਾਮਪਾਲ ਮਹਾਰਾਜ ਜੀ ਦੇ ਸੇਵਕ ਆਈ.ਆਈ. ਟੀ. ਇੰਜੀਨੀਅਰ ਰਾਹੁਲ ਦਾਸ ਤੇ ਸੀ. ਏ. ਮਾਲਵਿਕਾ ਦਾਸੀ
ਵਾਸੀ ਲੁਧਿਆਣਾ ਨੇ ਨਵੀਂ ਪੀੜੀ ਨੂੰ ਜਾਗਰੂਕ ਕਰਦਿਆਂ ਬਿਨਾਂ ਕਿਸੇ ਆਡੰਬਰ ਅਤੇ ਤੜਕ ਭੜਕ ਤੋਂ ਸਧਾਰਣ ਕੱਪੜਿਆਂ ਵਿੱਚ ਸੰਤ ਗਰੀਬ ਦਾਸ ਜੀ ਦੀ ਬਾਣੀ ਰਾਹੀਂ ਸਿਰਫ 17 ਮਿੰਟਾਂ ਵਿਚ ਇਹ ਵਿਆਹ ਕਰਵਾਇਆ । ਅਨੋਖੇ ਪਰੰਤੂ ਬੜੇ ਸਾਦਗੀ ਪੂਰਨ ਢੰਗ ਨਾਲ ਹੋਏ ਇਸ ਸਮਾਗਮ ਵਿਚ ਲੜਕੇ ਅਤੇ ਲੜਕੀ ਦੇ ਪਰਿਵਾਰ ਵਲੋਂ ਸਿਰਫ 10 ਜਣੇ ਹੀ ਆਏ ਸਨ ਅਤੇ ਦੋਵਾਂ ਦੇ ਪਰਿਵਾਰ ਵਲੋਂ ਇਸ ਸ਼ਾਦੀ ਵਿੱਚ ਇੱਕ ਰੁਪਿਆ ਵੀ ਖਰਚ ਨਹੀਂ ਕੀਤਾ ਗਿਆ ਤੇ ਆਏ ਹੋਏ ਮਹਿਮਾਨਾਂ ਲਈ ਭੰਡਾਰੇ ਦੀ ਵਿਵਸਥਾ ਵੀ ਸਤਿਲੋਕ ਆਸ਼ਰਮ ਧੂਰੀ ਵਲੋਂ ਕੀਤੀ ਗਈ ।
ਜ਼ਿਕਰਯੋਗ ਹੈ ਕਿ ਸਤਿਗੁਰੂ ਰਾਮਪਾਲ ਮਹਾਰਾਜ ਜੀ ਦੀ ਵਿਚਾਰਧਾਰਾ ,ਉਹਨਾਂ ਦੇ ਅਧਿਆਤਮਕ ਗਿਆਨ ਅਤੇ ਮਰਿਆਦਾ ਨਾਲ ਉਹਨਾਂ ਦੇ ਸੇਵਕਾਂ ਨੇ ਸਮਾਜਿਕ ਕੁਰੀਤੀਆਂ ਅਤੇ ਦਹੇਜ ਖਿਲਾਫ ਪੂਰੇ ਭਾਰਤ ਵਿਚ ਮੁਹਿੰਮ ਚਲਾਈ ਹੋਈ ਹੈ । ਇਸ ਮੌਕੇ ਆਸ਼ਰਮ ਦੇ ਸੇਵਾਦਾਰਾਂ ਭਗਤ ਨਰੇਸ਼ ਦਾਸ, ਭਗਤ ਸੁਰੇਸ਼ ਦਾਸ ਤੇ ਭਗਤ ਗੁਰਦੀਪ ਦਾਸ ਨੇ ਦੱਸਿਆ ਕਿ ਸਤਿਗੁਰੂ ਰਾਮਪਾਲ ਜੀ ਮਹਾਰਾਜ ਦਾ ਉਦੇਸ਼ ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਕੇ ਇੱਕ ਅਜਿਹਾ ਸਮਾਜ ਤਿਆਰ ਕਰਨਾ ਹੈ ਜਿਸ ਵਿਚ ਹਰ ਸਮਾਜਿਕ ਕਾਰਜ ਬਿਨਾਂ ਬੇਲੋੜੇ ਖਰਚਿਆਂ ਤੋਂ ਸਾਦਗੀ ਨਾਲ ਕੀਤੇ ਜਾ ਸਕਣ । ਹੁਣ ਤੱਕ ਇਸ ਢੰਗ ਨਾਲ ਹਜ਼ਾਰਾਂ ਦਹੇਜ ਰਹਿਤ ਵਿਆਹ ਦੇਸ਼ ਭਰ ਵਿੱਚ ਕਰਵਾਏ ਜਾ ਚੁੱਕੇ ਹਨ ।