ਮੋਹਾਲੀ:
ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਦੇ ਲਈ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ‘ਤੇ ਪੁਲਸ ਨੇ ਇਕ ਹੋਰ ਕਾਇਰਾਨਾ ਕਾਰਨਾਮਾ ਕੀਤਾ ਹੈ। ਬੇਰੁਜ਼ਗਾਰ ਅਧਿਆਪਕਾਂ ਦੇ ਖਿਲਾਫ ਪੰਜਾਬ ਸਰਕਾਰ ਦੀ ਸ਼ਹਿ ‘ਤੇ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਖਰੜ ਸਦਰ ਪੁਲਸ ਨੇ ਬੀਤੇ ਦਿਨ ਖਰੜ – ਮੁਹਾਲੀ ਸੜਕ ‘ਤੇ ਪਿੰਡ ਦੇਸੂਮਾਜਰਾ ਵਿੱਚ ਕੌਮੀ ਮਾਰਗ `ਤੇ ਧਰਨਾ ਲਾ ਕੇ ਆਵਾਜਾਈ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਕੁੱਝ ਈਟੀਟੀ ਅਧਿਆਪਕ ਯੂਨੀਅਨ ਦੇ ਕਾਰਕੁਨਾਂ ਖ਼ਿਲਾਫ਼ ਧਾਰਾ 283 , 120 ਬੀ , 147 , 149 ਆਈਪੀਸੀ ਅਤੇ ਨੈਸ਼ਨਲ ਹਾਈਵੇ ਐਕਟ ਅਧੀਨ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਸਵੰਤ ਸਿੰਘ ਏਐੱਸਆਈ ਨੇ ਦੱਸਿਆ ਕਿ ਬੀਤੇ ਦਿਨ 3:30 ਵਜੇ ਦੇ ਕਰੀਬ ਈਟੀਟੀ ਯੂਨੀਅਨ ਦੇ ਕਾਰਕੁਨਾਂ , ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ, ਨੇ ਸੜਕ ਦੇ ਦੋਵੇਂ ਪਾਸੇ ਜਾਮ ਲਗਾ ਕੇ ਲੋਕਾਂ ਦੇ ਕੰਮਾਂ ਵਿੱਚ ਵਿਘਨ ਪਾਇਆ ਸੀ ਅਤੇ ਬਾਂਸ ਆਦਿ ਲਾਉਣ ਲਈ ਟੋਏ ਪੁੱਟ ਕੇ ਸੜਕ ਦਾ ਨੁਕਸਾਨ ਕੀਤਾ। ਇਸ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ ਵੱਖ ਵੱਖ ਮੁਲਾਜ਼ਮ ਅਤੇ ਅਧਿਆਪਕ ਜੱਥੇਬੰਦੀਆਂ ਦੇ ਵੱਲੋਂ ਇਸ ਮੁਕੱਦਮੇ ਦੀ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਪੁਲੀਸ ਨੂੰ ਚਿਤਾਵਨੀ ਤਿਆਰੀ ਹੈ ਕਿ ਜੇਕਰ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਤੇ ਦਰਜ ਮੁਕੱਦਮਾ ਜਲਦ ਵਾਪਸ ਨਾ ਲਿਆ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰ ਦੇਣਗੇ।