ਵੱਡੀ ਖ਼ਬਰ: ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਕੋਰੋਨਾ ਦਾ ਕਹਿਰ, ਕਈ ਸਕੂਲ ਬੰਦ ਕਰਨ ਦੇ ਹੁਕਮ

ਮਾਲਵਾ ਬਿਊਰੋ, ਚੰਡੀਗੜ੍ਹ
ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਤਲਵਾੜਾ ਬਲਾਕ ਅਧੀਨ ਪੈਂਦੇ ਪਿੰਡ ਪਲਹੜ ‘ਚ ਸਰਕਾਰੀ ਸਕੂਲ ਦੇ 13 ਵਿਦਿਆਰਥੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਕਾਰਨ ਪਿੰਡ ‘ਚ ਦਹਿਸ਼ਤ ਦਾ ਮਾਹੌਲ ਹੈ।

ਦੂਜੇ ਪਾਸੇ, ਐਸਡੀਐਮ ਮੁਕੇਰੀਆ ਦੇ ਹੁਕਮਾਂ ‘ਤੇ ਸਰਕਾਰੀ ਸਕੂਲ ਨੂੰ 10 ਦਿਨਾਂ ਲਈ ਬੰਦ ਕਰ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫ਼ਸਰ ਡਾ. ਪਲਵਿੰਦਰ ਕੌਰ ਨੇ ਦੱਸਿਆ ਕਿ ਸਾਰੇ ਬੱਚਿਆਂ ਦੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ‘ਚੋਂ 13 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਆਏ ਸਨ।

ਬੱਚਿਆਂ ਦੇ ਪਰਿਵਾਰਾਂ ਅਤੇ ਸਕੂਲ ਅਧਿਆਪਕਾਂ ਦੇ ਟੈਸਟ ਕੀਤੇ ਗਏ ਦੂਜੇ ਪਾਸੇ ਲੋਕਾਂ ਨੂੰ ਕੋਰੋਨਾ ਨਿਯਮਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ। ਦੱਸਣਾ ਬਣਦਾ ਹੈ ਕਿ, ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।



ਪੰਜਾਬ ਵਿੱਚ ਸਰਕਾਰੀ ਸਕੂਲ ਜਿਹੜੇ ਕਿ ਮਾਰਚ– 2020 ਤੋਂ ਬੰਦ ਪਏ ਸਨ, ਉਹਨਾਂ ਸਕੂਲਾਂ ਨੂੰ ਇਸੇ ਸਾਲ ਦੇ ਅਗਸਤ ਮਹੀਨੇ ਵਿੱਚ ਖੋਲ੍ਹਿਆ ਗਿਆ ਸੀ। ਪਰ, ਉਕਤ ਸਕੂਲ ਫਿਰ ਤੋਂ ਬੰਦ ਹੋਣੇ ਸ਼ੁਰੂ ਹੋ ਗਏ ਹਨ, ਕਿਉਂਕਿ ਸਕੂਲਾਂ ਵਿਚ ਬੱਚੇ ਅਤੇ ਟੀਚਰ ਕੋਰੋਨਾ ਪੀੜਤ ਮਿਲ ਰਹੇ ਹਨ।
ਹੁਣ ਤੱਕ ਅਨੇਕਾਂ ਸਕੂਲ ਬੰਦ ਕਰਨ ਦਾ ਹੁਕਮ ਦਿੱਤਾ ਜਾ ਚੁੱਕਾ ਹੈ, ਜਦੋਂਕਿ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਨਿਰਦੇਸ਼ ਦਿੱਤੇ ਹੋਏ ਹਨ ਕਿ, ਕੋਰੋਨਾ ਤੋਂ ਬਚਾ ਲਈ ਸਖਤੀ ਵਰਤੀ ਜਾਵੇ।