ਕੀ ਭਗਵੰਤ ਮਾਨ ਹੋਣਗੇ ਭਾਜਪਾ ‘ਚ ਸ਼ਾਮਲ, ਸੁਣੋ ਮਾਨ ਦੀ ਜ਼ੁਬਾਨੀ

ਮਾਲਵਾ ਬਿਊਰੋ, ਚੰਡੀਗੜ੍ਹ

ਕੀ ਭਗਵੰਤ ਮਾਨ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਇਸ ਸੁਆਲ ਦਾ ਜੁਆਬ ਦੇਣ ਦੇ ਲਈ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਂਸਦ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਇਹ ਵੱਡਾ ਖੁਲਾਸਾ ਕੀਤਾ ਗਿਆ ਕਿ ਉਸ ਨੂੰ ਤਿੰਨ ਚਾਰ ਦਿਨ ਪਹਿਲੋਂ ਭਾਜਪਾ ਦੇ ਕਿਸੇ ਵੱਡੇ ਲੀਡਰ ਦਾ ਫੋਨ ਆਇਆ ਸੀ।

ਭਾਜਪਾ ਲੀਡਰ ਨੇ ਉਸ ਨੂੰ ਕਿਹਾ ਸੀ ਕਿ ਉਹ ਭਾਜਪਾ ਜੁਆਇਨ ਕਰ ਲਵੇ ਅਤੇ ਜੋ ਮਹਿਕਮਾ ਕਹੇਗਾ, ਉਹਦਾ ਉਹਨੂੰ ਮੰਤਰੀ ਬਣਾ ਦਿਆਂਗੇ। ਮਾਨ ਦੇ ਮੁਤਾਬਕ ਭਾਜਪਾ ਲੀਡਰ ਨੇ ਉਸ ਨੂੰ ਇਹ ਵੀ ਕਿਹਾ ਕਿ, ਬੋਲੋ ਕਿੰਨੇ ਨੋਟ ਚਾਹੀਦੇ ਹਨ, ਉਹ ਵੀ ਅਸੀਂ ਦੇਣ ਨੂੰ ਤਿਆਰ ਹਾਂ।

ਭਗਵੰਤ ਮਾਨ ਲਾਈਵ ਇਸ ਲਿੰਕ ‘ਤੇ ਕਲਿੱਕ ਕਰਕੇ ਸੁਣੋ

ਭਗਵੰਤ ਮਾਨ ਨੇ ਸਪਸ਼ਟ ਕੀਤਾ ਕਿ ਉਹ ਨਾ ਤਾਂ ਪਹਿਲਾਂ ਭਾਜਪਾ ਵਿੱਚ ਜਾ ਰਹੇ ਸੀ ਅਤੇ ਨਾ ਹੀ ਹੁਣ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਭਾਜਪਾ ਲੀਡਰ ਦਾ ਫੋਨ ਆਇਆ ਤਾਂ, ਉਸ ਨੇ ਉਸਨੂੰ (ਮਾਨ ਨੂੰ) ਖਰੀਦਣ ਦੀ ਗੱਲ ਕੀਤੀ ਪਰ ਮਾਨ ਨੇ ਕਿਹਾ ਕਿ “ਮੈਂ ਮਿਸ਼ਨ ਤੇ ਹਾਂ ਕਮਿਸ਼ਨ ਤੇ ਨਹੀਂ”। ਭਗਵੰਤ ਮਾਨ ਨੇ ਕਿਹਾ ਕਿ ਉਹ ਨੋਟ ਬਣੇ ਨ੍ਹੀਂ, ਜਿਹੜੇ ਉਸ ਨੂੰ ਖ਼ਰੀਦ ਸਕਣ।

ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕਿਹਾ ਕਿ ਅਕਾਲੀਆਂ ਦਾ ਪਹਿਲਾਂ ਹੀ ਭਾਜਪਾ ਨਾਲ ਗੱਠਜੋੜ ਸੀ ਅਤੇ ਅੱਗੇ ਵੀ ਜਾਰੀ ਰਹੇਗਾ। ਅਕਾਲੀ ਦਲ ਸੰਯੁਕਤ ਭਾਜਪਾ ਦਾ ਹੀ ਖਡ਼੍ਹਾ ਕੀਤਾ ਫ੍ਰੰਟ ਸੀ, ਜਿਸ ਦੇ ਨਾਲ ਭਾਜਪਾ ਗੱਠਜੋੜ ਕਰੇਗੀ ਅਤੇ ਪੰਜਾਬ ਵਿੱਚ ਇਨ੍ਹਾਂ ਨੂੰ ਇੱਕ ਵੀ ਸੀਟ ਨਹੀਂ ਮਿਲਣ ਵਾਲੀ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਇਸ ਤੋਂ ਇਲਾਵਾ ਉਨ੍ਹਾਂ ਸਪਸ਼ਟ ਕੀਤਾ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ, ਭਾਵੇਂ ਕਿੰਨੀ ਹੀ ਵੱਡੀ ਆਫਰ ਕਿਉਂ ਨਾ ਉਸ ਨੂੰ ਦਿੱਤੀ ਜਾਵੇ।