View Details << Back

ਭਾਕਿਯੂ (ਏਕਤਾ ਉਗਰਾਹਾਂ) ਦਾ ਵੱਡਾ ਬਿਆਨ, ਵੋਟਾਂ ਤੋਂ ਪਾਸਾ ਵੱਟ ਕੇ ਸੰਘਰਸ਼ਾਂ ਦੇ ਰਾਹ ਪਓ ਲੋਕੋਂ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਜਾਗ੍ਰਿਤੀ ਚੇਤਨਾ ਰੈਲੀ, ਵੋਟਾਂ ਤੋਂ ਪਾਸਾ ਵੱਟ ਕੇ ਸ਼ੰਘਰਸ਼ਾਂ ਦੇ ਰਾਹ ਪਓ, ਸ਼ੰਘਰਸ਼ਾਂ ਤੋਂ ਬਿਨਾਂ ਸਾਡੀ ਮੁਕਤੀ ਦਾ ਕੋਈ ਹੱਲ ਨਹੀਂ: ਕਿਸਾਨ ਆਗੂ
ਭਵਾਨੀਗੜ੍ਹ, ਮੂਨਕ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪੱਧਰੀ ਸੱਦੇ ਤਹਿਤ ਪੰਜਾਬ ਭਰ ਵਿੱਚ ਚੋਣਾਂ ਪ੍ਰਤੀ ਜਾਗ੍ਰਿਤੀ ਚੇਤਨਾ ਮੁਹਿੰਮ ਵਿੱਢੀ ਗਈ ਹੈ। ਇਸੇ ਤਹਿਤ ਅੱਜ ਭਾਕਿਯੂ (ਏਕਤਾ ਉਗਰਾਹਾਂ) ਬਲਾਕ ਲਹਿਰਾਗਾਗਾ ਵੱਲੋਂ ਪਿੰਡ ਚੂੜਲ ਕਲਾਂ ਵਿਖੇ ਜਾਗ੍ਰਿਤੀ ਚੇਤਨਾ ਰੈਲੀ ਕੀਤੀ ਗਈ ਜਿਸ ਵਿੱਚ ਜਥੇਬੰਦੀ ਨੇ ਨਾਹਰਾ ਦਿੱਤਾ ਹੈ ਕਿ “ਵੋਟਾਂ ਨੇ ਨੀ ਲਾਉਣਾ ਪਾਰ, ਲੜਨਾਂ ਪੈਣਾ ਬੰਨ ਕਤਾਰ।”

ਇਸ ਮੌਕੇ ਦਰਸਨ ਸਿੰਘ ਚੰਗਾਲੀਵਾਲਾ, ਲੀਲਾ ਸਿੰਘ ਚੋਟੀਆਂ (ਕਾਰਜਕਾਰੀ ਪ੍ਰਧਾਨ), ਬਹਾਦਰ ਸਿੰਘ ਭੁਟਾਲ, ਰਾਮ ਸਿੰਘ ਢੀਂਡਸਾ ਅਤੇ ਮਾਸਟਰ ਗੁਰਚਰਨ ਸਿੰਘ ਖੋਖਰ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਚੋਣਾਂ ਲੜ ਰਹੀਆ ਸਾਰੀਆਂ ਹੀ ਸਿਆਸੀ ਵੋਟ ਪਾਰਟੀਆਂ ਕਿਸਾਨਾਂ, ਮਜ਼ਦੂਰਾਂ ਸਮੇਤ ਸਾਰੇ ਕਿਰਤੀ ਲੋਕਾਂ ‘ਚ ਵੰਡੀਆਂ ਪਾ ਕੇ ਉਨ੍ਹਾਂ ਦੀ ਏਕਤਾ ਨੂੰ ਲੀਰੋ-ਲੀਰ ਕਰਦੀਆਂ ਹਨ ਜਦਕਿ ਉਨ੍ਹਾਂ ਦੇ ਭਖਦੇ ਤੇ ਬੁਨਿਆਦੀ ਮਸਲਿਆਂ ਦਾ ਹੱਲ ਏਕਤਾ ਅਤੇ ਸ਼ੰਘਰਸ਼ਾਂ ਰਾਹੀਂ ਹੀ ਹੁੰਦਾ ਹੈ।

ਆਗੂਆਂ ਨੇ ਕਿਹਾ ਕਿ ਚੋਣਾਂ ਵਿੱਚ ਜਾਗ੍ਰਿਤੀ ਚੇਤਨਾ ਮੁਹਿੰਮ ਦੀ ਠੋਸ ਵਿਉਂਤਬੰਦੀ, ਸਿੱਖਿਆ ਮੁਹਿੰਮ ਦੀ ਤਿਆਰੀ ਵਾਸਤੇ ਹਰ ਪੱਧਰ ਦੀਆਂ ਆਗੂ ਟੀਮਾਂ ਨੂੰ ਲੈਸ ਕਰਨ ਤੇ ਜਥੇਬੰਦਕ ਆਗੂਆਂ ਤੇ ਆਮ ਲੋਕਾਂ ਤੱਕ ਇਸ ਵਿਸ਼ੇ ਵਾਰੇ ਜਥੇਬੰਦੀ ਦੀ ਸਮਝ ਨੂੰ ਲੈ ਕੇ ਜਾਣਾ ਹੋਵੇਗਾ ਤੇ ਲੋਕਾਂ ਦੇ ਸਾਰੇ ਮੁੱਦਿਆਂ ਦਾ ਹੱਲ ਕਰਵਾਉਣਾਂ ਸਾਡਾ ਟੀਚਾ ਹੋਵੇਗਾ।

ਉਨ੍ਹਾਂ ਕਿਹਾ ਕਿ ਮੌਕੇ ਦੇ ਬਰਸਾਤੀ ਡੱਡੂ ਅੱਜ ਕੱਲ੍ਹ ਪਿੰਡਾਂ ਵਿੱਚ ਘੁੰਮ ਰਹੇ ਹਨ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਆਪਣੀ ਆਪਣੀ ਚੋਣ ਮੁਹਿੰਮ ਭਖਾਈ ਹੋਈ ਹੈ। ਇਹ ਸਾਰੀਆਂ ਹੀ ਸਿਆਸੀ ਪਾਰਟੀਆਂ ਇੱਕ ਦੂਜੇ ‘ਤੇ ਤੋਹਮਤਾਂ ਲਾ ਰਹੀਆਂ ਹਨ, ਜਾਤਾਂ-ਪਾਤਾਂ ‘ਚ ਪਾੜਾ ਪਾ ਰਹੀਆਂ ਹਨ, ਧਰਮਾਂ ਦੀ ਦੁਹਾਈ ਦੇ ਰਹੀਆਂ ਹਨ।

ਇਸ ਮੌਕੇ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਪਿੰਡਾਂ ‘ਚ ਪਾਈਚਾਰਕ ਸਾਂਝ ਰੱਖਣ ਲਈ ਜਥੇਬੰਦੀ ਵੱਲੋਂ ਜਾਗ੍ਰਿਤੀ ਚੇਤਨਾ ਮੁਹਿੰਮ ਵਿੱਢੀ ਗਈ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਇੱਕ ਦੂਜੇ ਨੂੰ ਬੇਈਮਾਨ, ਗ਼ਦਾਰ ਆਦਿ ਕਹਿ ਰਹੀਆਂ ਹਨ ਤੇ ਇਨ੍ਹਾਂ ਦੇ ਲੀਡਰ ਕਹਿ ਰਹੇ ਹਨ ਕਿ ਅਸੀਂ ਦੁੱਧ ਧੋਤੇ ਹਾਂ ਅਤੇ ਪੰਜਾਬ ਦੇ ਰੱਖਵਾਲੇ ਹਾਂ ਪਰ ਅਸਲ ਵਿੱਚ ਇਹ ਉਹੀ ਲੋਕ ਹਨ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੈ।

ਇਹ ਆਪਣੀਆਂ ਕਰਤੂਤਾਂ ਲੁਕਾਉਣ ਲਈ ਵੋਟਾਂ ਵਿੱਚ ਆਉਂਦੇ ਹਨ ਨਾ ਕਿ ਸਾਡੀ ਮੁਕਤੀ ਲਈ। ਆਗੂਆਂ ਨੇ ਕਿਹਾ ਕਿ ਵੋਟਾਂ ਤੋਂ ਪਾਸਾ ਵੱਟ ਕੇ ਸ਼ੰਘਰਸ਼ਾਂ ਦੇ ਰਾਹ ਪਉ, ਸ਼ੰਘਰਸ਼ਾਂ ਤੋਂ ਬਿਨਾਂ ਸਾਡੀ ਮੁਕਤੀ ਦਾ ਕੋਈ ਹੱਲ ਨਹੀਂ ਹੈ। ਇਸ ਮੌਕੇ ਪਿੰਡ ਇਕਾਈ ਪ੍ਰਧਾਨ ਕੁਲਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਬਰਖਾ ਸਿੰਘਾਂ, ਖਜਾਨਚੀ ਟੋਨੀ ਸਿੰਘ, ਪ੍ਰੈੱਸ ਸਕੱਤਰ ਅਵਤਾਰ ਸਿੰਘ, ਅਜੈਬ ਸਿੰਘ ਅਤੇ ਸੁਨੀਲ ਕੁਮਾਰ ਤੋਂ ਇਲਾਵਾ ਹੋਰ ਨਗਰ ਨਿਵਾਸੀ ਵੀ ਹਾਜ਼ਰ ਸਨ।


   
  
  ਮਨੋਰੰਜਨ


  LATEST UPDATES











  Advertisements