View Details << Back

ਉਮੀਦਵਾਰਾਂ ਨੂੰ ‘ਸੁਵਿਧਾ ਐਪ‘ ਰਾਹੀਂ ਆਨਲਾਈਨ ਮਿਲੇਗੀ ਸਿਆਸੀ ਰੈਲੀਆਂ, ਮੀਟਿੰਗਾਂ ਤੇ ਲਾਊਡ ਸਪੀਕਰਾਂ ਦੀ ਵਰਤੋਂ ਦੀ ਪ੍ਰਵਾਨਗੀ
ਚੋਣ ਕਮਿਸ਼ਨ ਦੀ ਤਰਫੋਂ ਪ੍ਰਵਾਨਗੀਆਂ ਦੇਣ ਲਈ ਸਮਾਂ ਸੀਮਾਂ ਨਿਰਧਾਰਿਤ

ਸੰਗਰੂਰ (ਗੁਰਵਿੰਦਰ ਸਿੰਘ)ਭਾਰਤੀ ਚੋਣ ਕਮਿਸ਼ਨ ਵੱਲੋਂ ਬਣਾਈ ਗਈ ‘ਸੁਵਿਧਾ ਐਪ‘ ਰਾਹੀਂ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਨੂੰ ਆਨਲਾਈਨ ਪ੍ਰਵਾਨਗੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਬਿਨੈਕਾਰਾਂ ਨੂੰ ਸਮਾਂਬੱਧ ਤਰੀਕੇ ਨਾਲ ਪ੍ਰਵਾਨਗੀਆਂ ਦੇਣ ਲਈ ਲੋਕ ਸਭਾ ਹਲਕਾ 12- ਸੰਗਰੂਰ ਦੇ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਵਿਧਾ ਐਪ ਰਾਹੀਂ ਚੋਣਾਂ ਸਬੰਧੀ ਵੱਖ ਵੱਖ ਤਰ੍ਹਾਂ ਦੀ ਆਗਿਆ ਲਈ ਆਨਲਾਈਨ ਬਿਨੈ ਕੀਤਾ ਜਾ ਸਕਦਾ ਹੈ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣਾਂ ਦੌਰਾਨ ਇਕੱਠ ਕਰਨ, ਲਾਊਡ ਸਪੀਕਰ ਲਗਾਉਣ ਆਦਿ ਸਬੰਧੀ ਸਾਰੀਆਂ ਪ੍ਰਵਾਨਗੀਆਂ ਲੈਣ ਲਈ ਆਨਲਾਈਨ ਬਿਨੈ ਕਰਨ।ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀ ਤਰਫੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਦੇ ਲਈ ਸੁਵਿਧਾ ਐਪਲੀਕੇਸ਼ਨ ਜਾਰੀ ਕੀਤੀ ਗਈ ਹੈ ਜਿਸ ਦੇ ਚਲਦਿਆਂ ਹੁਣ ਕਿਸੇ ਵੀ ਸਿਆਸੀ ਰੈਲੀ, ਸਿਆਸੀ ਮੀਟਿੰਗ, ਆਰਜ਼ੀ ਤੌਰ ‘ਤੇ ਪਾਰਟੀ ਦਾ ਦਫ਼ਤਰ ਖੋਲਣ ਲਈ, ਵਾਹਨਾਂ ਦਾ ਪਰਮਿਟ ਲੈਣ ਲਈ, ਨੁੱਕੜ ਮੀਟਿੰਗਾਂ ਆਦਿ ਕਰਨ ਲਈ ਆਨਲਾਈਨ ਤੌਰ ‘ਤੇ ਪ੍ਰਵਾਨਗੀ ਲਈ ਜਾ ਸਕੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸੁਵਿਧਾ ਐਪ ਜੋ ਕਿ ਬਿਨੈਕਾਰਾਂ ਅਤੇ ਚੋਣ ਅਮਲੇ ਦੀ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਲਾਗੂ ਕੀਤੀ ਗਈ ਹੈ, ਨੂੰ ਲੋਕ ਸਭਾ ਹਲਕਾ 12- ਸੰਗਰੂਰ ਵਿੱਚ ਸਫ਼ਲਤਾ ਨਾਲ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਹ ਐਪਲੀਕੇਸ਼ਨ suvidha.eci.gov.in ‘ਤੇ ਉਪਲਬਧ ਹੈ ਜਿਥੇ ਲੋਗ ਇਨ ਕਰਕੇ ਕੋਈ ਵੀ ਨਾਗਰਿਕ ਬਿਨੈ ਕਰ ਸਕਦਾ ਹੈ ਅਤੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਦੀ ਵਰਤੋਂ ਕਰ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜੇ ਕਿਸੇ ਬਿਨੈਕਾਰ ਨੇ ਆਨਲਾਈਨ ਪ੍ਰਵਾਨਗੀ ਲੈਣੀ ਹੈ ਤਾਂ ਉਸ ਲਈ ਮੀਟਿੰਗ, ਰੈਲੀ, ਲਾਊਡ ਸਪੀਕਰ ਆਦਿ ਦੀ ਵਰਤੋਂ ਲਈ 48 ਘੰਟੇ ਪਹਿਲਾਂ ਬਿਨੈ ਕਰਨਾ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਸਬੰਧਤ ਸਹਾਇਕ ਰਿਟਰਨਿੰਗ ਅਧਿਕਾਰੀ ਦੀ ਤਰਫੋਂ ਬਿਨੈਕਾਰ ਨੂੰ 24 ਘੰਟਿਆਂ ਦੇ ਅੰਦਰ ਪ੍ਰਵਾਨਗੀ ਦਿੱਤੀ ਜਾਵੇਗੀ।ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਵਧੇਰੇ ਪ੍ਰਵਾਨਗੀਆਂ ਸਬੰਧਤ ਸਹਾਇਕ ਰਿਟਰਨਿੰਗ ਅਧਿਕਾਰੀਆਂ ਦੀ ਤਰਫੋਂ ਹੀ ਦਿੱਤੀਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਪ੍ਰਵਾਨਗੀਆਂ ਲੈਣ ਅਤੇ ਕਾਰਜ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਵੀ ਚੋਣ ਕਮਿਸ਼ਨ ਦੀ ਤਰਫੋਂ ਵੱਖ-ਵੱਖ ਸੀਮਾ ਦਰ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੇ ਫਿਰ ਵੀ ਕੋਈ ਬਿਨੈਕਾਰ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਹੀ ਲਿਖਤੀ ਤੌਰ ‘ਤੇ ਪੱਤਰ ਦੇ ਕੇ ਪ੍ਰਵਾਨਗੀ ਦੀ ਮੰਗ ਕਰਦਾ ਹੈ ਤਾਂ ਉਸ ਦੇ ਬਿਨੈ ਨੂੰ ਆਨਲਾਈਨ ਅਪਲੋਡ ਕਰਕੇ ਹੀ ਪ੍ਰਵਾਨਗੀ ਦਿੱਤੀ ਜਾਵੇਗੀ।ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਇਹ ਪ੍ਰਵਾਨਗੀਆਂ ਪੁਲਿਸ, ਫਾਇਰ, ਸਿਹਤ, ਲੋਕ ਨਿਰਮਾਣ ਵਿਭਾਗ, ਨਗਰ ਕੌਂਸਲ ਆਦਿ ਨਾਲ ਸਬੰਧਤ ਹੁੰਦੀਆਂ ਹਨ ਅਤੇ ਚੋਣ ਕਮਿਸ਼ਨ ਦੀ ਤਰਫੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਨਿਰਧਾਰਿਤ ਸਮੇਂ ਅੰਦਰ ਹੀ ਸਬੰਧਤ ਬਿਨੈਕਾਰ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸੁਵਿਧਾ ਐਪਲੀਕੇਸ਼ਨ ਵਿੱਚ ਪਹਿਲਾਂ ਤੋਂ ਹੀ ਵੱਖ-ਵੱਖ ਤਰ੍ਹਾਂ ਦੇ ਫਾਰਮੈਟ ਉਪਲਬਧ ਹਨ ਜਿਨ੍ਹਾਂ ਵਿੱਚ ਐਪਲੀਕੇਸ਼ਨ ਫਾਰਮੈਟ, ਖਰਚੇ ਸਬੰਧੀ ਵੇਰਵੇ, ਜ਼ਮੀਨ ਮਾਲਕ ਦੀ ਤਰਫੋਂ ਕੋਈ ਇਤਰਾਜ ਨਹੀਂ ਸਰਟੀਫਿਕੇਟ, ਵਾਹਨਾਂ ਦਾ ਵੇਰਵਾ ਆਦਿ ਬਿਨੈਕਾਰ ਦੀ ਲੋੜ ਮੁਤਾਬਕ ਸਬੰਧਤ ਫਾਰਮੈਟ ਵਿੱਚ ਦਰਜ ਕਰਨੇ ਪੈਣਗੇ।

   
  
  ਮਨੋਰੰਜਨ


  LATEST UPDATES











  Advertisements