View Details << Back

ਪੰਜਾਬ ‘ਚ ਰਾਤ ਵੇਲੇ ਕਣਕ ਕੱਟਣ ‘ਤੇ ਪਾਬੰਦੀ, ਸਰਕਾਰ ਵਲੋਂ ਨਵੇਂ ਹੁਕਮ ਜਾਰੀ

ਮਾਲਵਾ ਬਿਊਰੋ, ਚੰਡੀਗੜ੍ਹ

ਪੰਜਾਬ ਦੇ ਅੰਦਰ ਰਾਤ ਸਮੇਂ ਕਣਕ ਕੱਟਣ ਤੇ ਪਾਬੰਦੀ ਲੱਗ ਗਈ ਹੈ। ਇਹ ਪਾਬੰਦੀ ਸੂਬਾ ਸਰਕਾਰ ਵਲੋਂ ਇਸ ਲਈ ਲਗਾਈ ਗਈ ਹੈ, ਕਿਉਂਕਿ ਰਾਤ ਵੇਲੇ ਕਣਕ ਤੇ ਤਰੇਲ ਪੈ ਜਾਂਦੀ ਹੈ ਅਤੇ ਜੇ ਰਾਤ ਸਮੇਂ ਕਣਕ ਕੱਟੀ ਜਾਵੇਗੀ ਤਾਂ, ਫਿਰ ਮੰਡੀ ਵਿੱਚ ਕਿਸਾਨਾਂ ਨੂੰ ਕਣਕ ਵੇਚਣ ਵੇਲੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਕਣਕ ਤਰੇਲ ਕਾਰਨ ਗਿੱਲੀ ਹੋ ਜਾਂਦੀ ਹੈ। ਇਸੇ ਲਈ ਸਰਕਾਰ ਨੇ ਰਾਤ ਸਮੇਂ ਕਣਕ ਕੱਟਣ ਤੇ ਪਾਬੰਦੀ ਲਗਾਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਹੋਇਆ, ਜ਼ਿਲ੍ਹਾ ਮੈਜਿਸਟਰੇਟ ਮਾਲੇਰਕੋਟਲਾ ਸ੍ਰੀਮਤੀ ਮਾਧਵੀ ਕਟਾਰੀਆ ਨੇ ਦੱਸਿਆ ਕਿ, ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਏ ਹੋਏ ਸ਼ਾਮ 07:00 ਵਜੇ ਤੋਂ ਸਵੇਰੇ 10:00 ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ ਦੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ।

ਆਮ ਤੌਰ ਤੇ ਇਹ ਵੇਖਣ ਵਿੱਚ ਆਇਆ ਹੈ ਕਿ ਕਣਕ ਦੀ ਕਟਾਈ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ। ਰਾਤ ਸਮੇਂ ਕੰਬਾਇਨਾਂ ਚੱਲਣ ਨਾਲ ਜਾਨੀ-ਮਾਲੀ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਕੰਬਾਇਨਾਂ ਰਾਤ ਵੇਲੇ ਹਰੀ ਕਣਕ, ਜੋ ਕਿ ਚੰਗੀ ਤਰ੍ਹਾਂ ਪੱਕੀ ਨਹੀਂ ਹੁੰਦੀ, ਕੱਚਾ ਦਾਣਾ ਵੀ ਕੱਟ ਦਿੰਦੀਆਂ ਹਨ, ਜਿਸ ਕਾਰਨ ਹਰਾ ਕੱਟਿਆ ਹੋਇਆ ਦਾਣਾ ਸੁੱਕਣ ਤੇ ਕਾਲਾ ਪੈ ਜਾਂਦਾ ਹੈ। ਬਹੁਤ ਸਾਰੀਆਂ ਪੁਰਾਣੀਆਂ ਹੋ ਚੁੱਕੀਆਂ ਕੰਬਾਇਨਾਂ ਵੀ ਕਟਾਈ ਕਰਦੀਆਂ ਹਨ, ਜਿਸ ਨਾਲ ਕਣਕ ਦੀ ਕੁਆਲਟੀ ਗਿਰ ਜਾਂਦੀ ਹੈ।

ਇਸ ਤੋਂ ਇਲਾਵਾ ਕੰਬਾਇਨਾਂ ਵਿੱਚ ਮਕੈਨੀਕਲ ਨੁਕਸ ਹੋਣ ਕਾਰਨ ਵੀ ਕਣਕ ਦੀ ਕੁਆਲਟੀ ਪ੍ਰਭਾਵਿਤ ਹੁੰਦੀ ਹੈ, ਜਿਸ ਕਰਕੇ ਖ਼ਰੀਦ ਏਜੰਸੀਆਂ ਕਣਕ ਦੀ ਖ਼ਰੀਦ ਕਰਨ ਤੋਂ ਝਿਜਕਦੀਆਂ ਹਨ।ਜਿਸ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ, ਉੱਥੇ ਅਸਿੱਧਾ ਅਸਰ ਦੇਸ਼ ਦੇ ਉਤਪਾਦਨ ਤੇ ਵੀ ਪੈਂਦਾ ਹੈ। ਕਣਕ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ, ਜਿਸ ਨਾਲ ਅਮਨ ਕਾਨੂੰਨ ਭੰਗ ਹੋਣ ਦੀ ਸਥਿਤੀ ਉਤਪੰਨ ਹੁੰਦੀ ਹੈ।

ਜ਼ਿਲ੍ਹਾ ਮੈਜਿਸਟਰੇਟ ਨੇ ਕਣਕ ਦੀ ਕਟਾਈ ਕਰਨ ਵਾਲੀਆਂ ਕੰਬਾਇਨਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਹੈ ਕਿ ਕੋਈ ਵੀ ਕੰਬਾਇਨ ਹਾਰਵੈਸਟਰ ਸੁਪਰ ਐਸ.ਐਮ.ਐਸ. ਲਗਾਏ ਬਗੈਰ ਫ਼ਸਲ ਦੀ ਕਟਾਈ ਨਹੀਂ ਕਰੇਗੀ ਤੇ ਹਾਰਵੈਸਟਰ ਕੰਬਾਈਨਜ਼ ਦੀ ਖੇਤੀਬਾੜੀ ਵਿਭਾਗ ਰਾਹੀਂ ਓਪਰੇਸ਼ਨ ਬਾਰੇ ਇੰਸਪੈਕਸ਼ਨ ਕਰਵਾਈ ਜਾਵੇ। ਮੁੱਖ ਖੇਤੀਬਾੜੀ ਅਫ਼ਸਰ ਮਾਲੇਰਕੋਟਲਾ ਤੋਂ ਇਲਾਵਾ ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ,ਕਾਰਜਕਾਰੀ ਇੰਜੀਨੀਅਰ, ਪ੍ਰਦੂਸ਼ਣ ਕੰਟਰੋਲ ਬੋਰਡ, ਸੰਗਰੂਰ, ਉਪ ਮੰਡਲ ਮੈਜਿਸਟਰੇਟ ਮਾਲੇਰਕੋਟਲਾ, ਅਹਿਮਦਗੜ੍ਹ, ਅਮਰਗੜ੍ਹ,ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ, ਸੰਗਰੂਰ ਨੂੰ ਇਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਅਗਲੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ ਗਿਆ ਹੈ। ਇਹ ਹੁਕਮ ਜ਼ਿਲ੍ਹੇ ਵਿੱਚ 31 ਮਈ 2022 ਤੱਕ ਲਾਗੂ ਰਹਿਣਗੇ।


   
  
  ਮਨੋਰੰਜਨ


  LATEST UPDATES











  Advertisements