View Details << Back

ਸਰਕਾਰੀ ਸਕੂਲਾਂ ਚ ਦਾਖ਼ਲੇ ਵਧਾਉਣ ਲਈ ਅਧਿਆਪਕਾਂ ਨੂੰ ਦਿੱਤੇ ਆਦੇਸ਼

ਮੋਹਾਲੀ-

ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਵਿੱਚ ਸਕੱਤਰ ਸਕੂਲ ਸਿੱਖਿਆ ਪੰਜਾਬ ਅਜੋਏ ਸ਼ਰਮਾ ਦੀ ਦੇਖ-ਰੇਖ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਮੁੱਖ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਜਮਾਤਾਂ ਵਿੱਚ ਪਾਠਕ੍ਰਮ ਦੇ ਵਿਸ਼ਾ ਵਸਤੂ ਦੀ ਸੂਝ-ਬੂਝ ਵਧਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਚਰਚਾ ਕੀਤੀ ਗਈ।
ਇਸ ਵਰਕਸ਼ਾਪ ਵਿੱਚ ਸ਼ਮੂਲੀਅਤ ਕਰਦਿਆਂ ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਸੀਨੀਅਰ ਸੈਕੰਡਰੀ ਜਮਾਤਾਂ ਵਿੱਚ ਸਟਰੀਮ ਦੀ ਚੋਣ ਲਈ ਸਕੂਲ ਮੁਖੀ ਅਤੇ ਅਧਿਆਪਕ ਸਹੀ ਅਗਵਾਈ ਦੇਣ, ਤਾਂ ਜੋ ਸੀਨੀਅਰ ਸੈਕੰਡਰੀ ਜਮਾਤਾਂ ਵਿੱਚ ਵੱਖ ਵੱਖ ਸਟਰੀਮਾਂ ਵਿੱਚ ਦਾਖ਼ਲਾ ਵਧ ਸਕੇ। ਸ਼ਰਮਾ ਨੇ ਕਿਹਾ ਕਿ ਨਵੇਂ ਦਾਖ਼ਲ ਬੱਚਿਆਂ ਅਤੇ ਸਟਰੀਮ ਦੀ ਚੋਣ ਕਰ ਚੁੱਕੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਸਥਾਪਤ ਕਿਤਾਬ ਬੈਂਕਾਂ ਵਿੱਚੋਂ ਮੁਫ਼ਤ ਅਤੇ ਸਮੇਂ ਤੇ ਪਾਠ ਪੁਸਤਕਾਂ ਅਤੇ ਹੋਰ ਸਹਾਇਕ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਜਾਵੇ।

ਇਸ ਮੌਕੇ ਪ੍ਰਦੀਪ ਕੁਮਾਰ ਅਗਰਵਾਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੇ ਕਿਹਾ ਕਿ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਦਾ ਯੋਗਦਾਨ ਹੈ। ਇਸ ਵਰਕਸ਼ਾਪ ਦੌਰਾਨ ਡਾ. ਜਰਨੈਲ ਸਿੰਘ ਕਾਲੇਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਡਾ. ਮਨਿੰਦਰ ਸਿੰਘ ਸਰਕਾਰੀਆ ਸਹਾਇਕ ਡਾਇਰੈਕਟਰ, ਜਸਵਿੰਦਰ ਕੌਰ ਸਹਾਇਕ ਡਾਇਰੈਕਟਰ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰ ਵੀ ਮੌਜੂਦ ਸਨ।


   
  
  ਮਨੋਰੰਜਨ


  LATEST UPDATES











  Advertisements