View Details << Back

ਜਿਉਣ ਢੰਗ ‘ਚ ਬਜੁਰਗਾਂ ਦੀ ਅਹਿਮੀਅਤ

ਜਿੰਦਗੀ ਜਿਉਣ ਦੇ ਢੰਗ ਤੋਂ ਬਾਅਦ ਅਤੇ ਜਿੰਦਗੀ ਦੇ ਚਲਦੇ ਸਫ਼ਰ ਦੌਰਾਨ ਇਹ ਸਮਝ ਵਿੱਚ ਆਇਆ ਕਿ ਜੇਕਰ ਅਸੀ ਆਪਣੀ ਜਿੰਦਗੀ ਨੂੰ ਖੁਸ਼ਹਾਲ ਅਤੇ ਬੇਹਤਰੀਨ ਬਣਾਉਣਾ ਹੈ ਤਾਂ ਸਭ ਤੋਂ ਜ਼ਰੂਰੀ ਗੱਲ ਜਿਸ ਵਿੱਚ ਕਿ ਸਾਡੇ ਸਿਆਣੇ ਬਜ਼ੁਰਗਾਂ ਦੇ “ਉਮਰ ਦੇ ਤਜਰਬੇ“ ਜੋ ਕਿ ਸਾਨੂੰ ਜੀਵਨ ਜਿਉਣ ਦੇ ਢੰਗ ਤੋਂ ਲੈ ਕੇ ਜੀਵਨ ਵਿੱਚ ਆਉਣ ਵਾਲੀਆਂ ਹਰ ਪ੍ਰਕਾਰ ਦੀਆਂ ਕਠਨਾਈਆਂ ਔਕੜਾਂ ਅਤੇ ਜਿੰਦਗੀ ਨਾਲ ਸਬੰਧਿਤ ਪਰਿਵਾਰਿਕ ਅਤੇ ਸੰਸਾਰਿਕ ਸਮੱਸਿਆਵਾਂ ਨੂੰ ਅਸੀ ਬਹੁਤ ਹੀ ਅਸਾਨੀ ਨਾਲ ਸਮਝ ਕੇ ਇੱਕ ਖੁਸ਼ਹਾਲ ਜੀਵਨ ਦੀ ਸਿਰਜਨਾ ਕਰ ਸਕਦੇ ਹਾਂ।
ਵੇਖਣ ਵਿੱਚ ਆਇਆ ਹੈ ਕਿ ਅਜੌਕੇ ਤਕਨੌਲਜੀ ਦੇ ਯੁੱਗ ਵਿੱਚ ਜਿੱਥੇ ਗਿਆਨ ਵਿਗਿਆਨ ਅਤੇ ਸਿੱਖਿਆ ਦਾ ਵਿਸਥਾਰ ਹੋਇਆ ਉਥੇ ਕਿਤੇ ਨਾ ਕਿਤੇ ਵਿਅਕਤੀ ਜੀਵਨ ਵਿੱਚ ਲੋਕਾਂ ਦੀ ਮਾਨਸਿਕਤਾ ਵੀ ਨੀਚੇ ਗਿਰਦੀ ਹੋਈ ਵਿਖਾਈ ਦਿੰਦੀ ਹੈ ਭਾਵੇਂ ਅੱਜ ਲੋਕ ਕਿੰਨੇ ਵੀ ਗਿਆਨਵਾਨ ਹੋ ਗਏ ਪਰ ਅੱਜ ਵੀ ਉਹੀ ਪੁਰਾਣੀ ਉੱਚ-ਨੀਚ ਜਾਤ-ਪਾਤ ਅਮੀਰੀ-ਗਰੀਬੀ ਆਦਿ ਵਰਗੀਆ ਭੈੜੀਆਂ ਸੋਚਾਂ ਨੂੰ ਛੱਡਣ ਲਈ ਤਿਆਰ ਨਹੀ ਅੱਜ ਹਰ ਇੱਕ ਗਲੀ ਚੌਰਾਹੇ ਉਪਰ ਇਸ ਪ੍ਰਕਾਰ ਦਾ ਵਿਤਕਰਾਂ ਆਮ ਵੇਖਣ ਨੂੰ ਮਿਲਦਾ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਵਧੇਰਾ ਘਾਤਕ ਸਿੱਧ ਹੋ ਸਕਦਾ ਹੈ ਅੱਜ ਸਾਡੇ ਬੱਚਿਆ ਵਿੱਚ ਵੱਡਿਆ ਦਾ ਸਤਿਕਾਰ ਜੋ ਕਿ ਸਿਰਫ਼ ਲੋੜ ਮੁਤਾਬਿਕ ਬਣ ਕੇ ਰਹਿ ਗਿਆ ਹੈ, ਜਿਸਦਾ ਪ੍ਰਮੁੱਖ ਕਾਰਨ ਸਾਡੇ ਪਰਿਵਾਰ ਦਾ ਵਾਤਾਵਰਣ ਜਾਂ ਮਾਹੌਲ ਕਿ ਅਸੀ ਕਿਸ ਤਰ੍ਹਾਂ ਆਪ ਤੋ ਵੱਡੇ ਦਾ ਕਿਵੇਂ ਸਤਿਕਾਰ ਕਰਦੇ ਹਾਂ ਸਿਰਫ਼ ਇਹੋ ਹੀ ਨਹੀ ਅੱਜ ਲੋਕ ਸਿਰਫ਼ ਗੂਗਲ ਨੂੰ ਹੀ ਆਪਣਾ ਗੁਰੂ ਜਾਂ ਗਿਆਨ ਦਾ ਸੋਮਾ ਮੰਨਕੇ ਬੈਠ ਗਏ ਹਨ ਪਰ ਠੀਕ ਹੈ ਕਿ ਅਸੀ ਇਸ ਰਾਹੀ ਆਪਣੇ ਗਿਆਨ ਵਿੱਚ ਵਾਧਾ ਤਾਂ ਜ਼ਰੂਰ ਕਰ ਸਕਦੇ ਹਾਂ ਪਰ ਜੋ ਸਾਡੇ ਬੱਚਿਆ ਵਿੱਚ ਪਰਿਵਾਰ ਪ੍ਰਤੀ ਅਤੇ ਸਮਾਜ ਪ੍ਰਤੀ ਜੋ ਸੰਸਕਾਰ ਭਰਨੇ ਹਨ ਉਹ ਕੇਵਲ ਸਾਡੇ ਪਰਿਵਾਰ ਵਿੱਚ ਮੌਜੂਦ ਵੱਡੇਰੇ ਹੀ ਭਰ ਸਕਦੇ ਹਨ ਕਿਉਂਕਿ ਉਹ ਇੱਕ ਲੰਬਾ ਸਮਾਂ ਇਸ ਸਮਾਜ ਵਿੱਚ ਵਿਚਰ ਚੁੱਕੇ ਹੁੰਦੇ ਹਨ ਅਤੇ ਉਹਨਾਂ ਨੇ ਜ਼ਿੰਦਗੀ ਦੇ ਹਰ ਇੱਕ ਪਹਿਲੂ ਦਾ ਬਹੁਤ ਹੀ ਚੰਗੇ ਢੰਗ ਨਾਲ ਨਿਚੋੜ ਕੱਢਿਆ ਹੁੰਦਾ ਹੈ ਪਰ ਇਸ “ਗੂਗਲ ਬਾਬੇ“ ਨੇ ਸਾਡੇ ਅਸਲੀ ਬਾਬਿਆਂ ਦਾ ਪਿਆਰ ਅਤੇ ਸਨੇਹ ਘੱਟ ਕਰ ਦਿੱਤਾ ਕਿਉਂਕਿ ਅੱਜ ਕੱਲ ਹਰ ਇੱਕ ਉਮਰ ਦਾ ਵਿਅਕਤੀ ਕੇਵਲ ਇਸ ਨੈੱਟ ਦੇ ਨੈੱਟਵਰਕ ਨਾਲ ਬੰਨ੍ਹ ਕੇ ਰਹਿ ਗਿਆਂ ਹੈ ਅਜੋਕੇ ਸਮੇਂ ਵਿੱਚ ਉਹ ਪਹਿਲਾਂ ਵਾਲਿਆ ਬਾਬਿਆਂ ਦੀ ਟਾਣੀਆਂ ਵੇਖਣ ਨੂੰ ਨਹੀ ਮਿਲਦੀ ਜਦੋਂ ਇੱਕ ਸਮਾਂ ਹੁੰਦਾ ਸੀ ਕਿ ਪੂਰਾ ਟੱਬਰ ਪੁੱਤ,ਪੋਤੇ ਸਭ ਰਾਤ ਨੂੰ ਇੱਕਠੇ ਬੈਠ ਕੇ ਬਾਬੇ ਦੀਆਂ ਬਾਤਾਂ, ਕਹਾਣੀਆਂ ਸੁਣਦੇ ਅਤੇ ਹੋਰ ਜ਼ਿੰਦਗੀ ਨਾਲ ਸਬੰਧਿਤ ਵਿਸ਼ੇਸ਼ ਗਿਆਨ ਦਾ ਵਿਚਾਰ-ਵਟਾਦਰਾਂ ਕਰਦੇ ਅਤੇ ਉਸ ਸਮੇਂ ਘਰ ਵਿੱਚ ਹਰ ਕੰਮਘਰ ਦੇ ਸਿਆਣੇ ਬਜ਼ੁਰਗਾਂ ਦੀ ਸਲਾਹ ਨਾਲ ਕੀਤਾ ਜਾਂਦਾ ਸੀ। ਜਿਸਨੂੰ ਕਿ ਘਰ ਦਾ ਮੁੱਖੀ ਜਾ ਪ੍ਰਮੁੱਖ ਲਾਣੇਦਾਰ ਵਜੋਂ ਜਾਣਿਆਂ ਜਾਂਦਾ ਸੀ ਜਿਸਦੇ ਨਾਮ ਤੋਂ ਹੀ ਪੂਰੇ ਪੰਜ ਪਿੰਡਾਂ ਵਿੱਚ ਦਾਦੇ, ਪੜਦਾਦੇ ਦੇ ਨਾਮ ਨਾਲ ਹੀ ਪੂਰੇ ਟੱਬਰ ਦੀ ਪਛਾਣ ਲਈ ਵੱਡੇ-ਵਡੇਰਿਆ ਦੇ ਗੋਤ ਜਾਂ ਨਾਮ ਨਾਲ ਪਛਾਣ ਲਈ ਬੁਲਾਇਆਂ ਜਾਂਦਾ ਸੀ ਕਿ ਫਲਾਣੇ.... ਜਾਂ ਫਲਾਣਿਆਂ ਦੇ ਘਰ ਜਾਣਾ ਹੈ।
ਸਮਾਂ ਬਦਲਿਆ ਅਤੇ ਵਿਗਿਆਨ ਦਾ ਪਸਾਰ ਹੋਇਆ ਜਿਥੇ ਇਸ ਦੁਆਰਾ ਸਮਾਜ ਵਿੱਚ ਤਰੱਕੀ ਦੀਆਂ ਰਾਹਾਂ ਖੁੱਲ੍ਹ ਗਈਆਂ ਉੱਥੇ ਨਾਲ ਹੀ ਨਾਲ ‘ਗੂਗਲ ਬਾਬੇ’ ਨੇ ਸਾਡੇ ਅਸਲੀ ਬਾਬੇ ਸਾਡੇ ਪੁੱਤ ਪੋਤਰਿਆ ਤੋਂ ਦੂਰ ਕਰ ਦਿੱਤੇ ਅੱਜ ਹਰ ਇੱਕ ਬੱਚਾ ਜੋ ਕਿ ਹਰ ਸਮੇਂ ਮੋਬਾਇਲ ਵਿੱਚ ਹੀ ਵੜਿਆ ਰਹਿੰਦਾ ਹੈ ਉਸਨੂੰ ਆਪਣੇ ਦਾਦੇ,ਪੜਦਾਦੇ ਦਾ ਨਾਮ ਤੱਕ ਪਤਾ ਨਹੀਂ ਹੁੰਦਾ ਉਝ ਭਾਵੇਂ ਉਸਨੇ “ਗੂਗਲ ਬਾਬੇ” ਰਾਹੀ ਪੂਰੇ ਸੰਸਾਰ ਦੇ ਗ੍ਰਹਿ ਮੰਡਲਾ ਦੇ ਨਾਮ ਰੱਟ ਲਏ ਹਨ ਇਸ ਪ੍ਰਕਾਰ ਅਜੌਕੇ ਸਮੇਂ ਦੋਰਾਨ ਸਾਡੇ ਬੱਚੇ ਜਾਂ ਨੌਜਵਾਨ ਬਜ਼ੁਰਗਾਂ ਕੋਲ ਗਿਆਨ ਪ੍ਰਾਪਤ ਕਰਨਾ ਤਾਂ ਦੂਰ ਦੀ ਗੱਲ, ਉਹਨਾ ਕੋਲ ਇੱਕ ਮਿੰਟ ਖੜ੍ਹਨ ਵਿੱਚ ਵੀ ਆਪਣੀ ਬੇਇਜਤੀ ਮਹਿਸੂਸ ਕਰਦੇ ਹਨ ਉਹਨਾ ਨੂੰ ਲੱਗਦਾ ਹੈ ਕਿ ਇਹ ਬੁੱਢੇ ਇਸ ਨਵੀ ਤਕਨੌਲਜੀ ਬਾਰੇ ਕੀ ਜਾਣਦੇ ਹੋਣਗੇ? ਪਰੰਤੂ ਇਹ ਨਹੀ ਪਤਾ ਕਿ ਜੋ ਸੰਸਕਾਰਾਂ ਦਾ ਗਿਆਨ ਜਾ ਉਮਰਾਂ ਦੇ ਤਜ਼ਰਬੇ ਉਹਨਾਂ ਤੋ ਪ੍ਰਾਪਤ ਕਰ ਸਕਦੇ ਹਾਂ ਉਹ ਕੋਈ ਗੂਗਲ ਜਾਂ ਕੋਈ ਹੋਰ ਸਾਧਨ ਰਾਹੀ ਪ੍ਰਾਪਤ ਨਹੀ ਕੀਤੇ ਜਾ ਸਕਦੇ ਇਸ ਦੌਰਾਨ ਬਜੁਰਗ ਵੀ ਆਪਣੇ ਆਪ ਨੂੰ ਟੁੱਟਿਆਂ ਹੋਇਆ ਅਤੇ ਇੱਕਲਾਪਣ ਮਹਿਸੂਸ ਕਰਦੇ ਹਨ ਜਿੰਦਗੀ ਦੀਆਂ ਵੱਡੀਆ-ਵੱਡੀਆਂ ਜੰਗਾਂ ਜਿਤ ਕੇ ਉਹ ਅੰਤ ਆਪਣਿਆ ਤੋਂ ਹੀ ਹਾਰਕੇ-ਟੁੱਟਕੇ ਬੈਠ ਜਾਂਦੇ ਹਨ ਅਤੇ ਆਪਣੇ ਪੁੱਤ ਪੋਤਰਿਆ ਪ੍ਰਤੀ ਸੁਨੇਹ ਅਤੇ ਪਿਆਰ ਦੇ ਵਲਵਲੇ ਆਪਣੇ ਦਿਲ ਵਿੱਚ ਹੀ ਦਫ਼ਨ ਕਰ ਲੈਂਦੇ ਹਨ। ਪੁੱਤ ਪੋਤਿਆ ਦੀਆਂ ਖੁਸ਼ੀਆਂ ਲਈ ਉਹ ਆਪਣੇ ਵਤਨ ਨੂੰ ਅਤੇ ਆਪਣੀ ਜਿੰਦਗੀ ਦੀਆਂ ਯਾਦਾ ਨੂੰ ਪਿੱਛੇ ਛੱਡਕੇ ਬੇਗਾਨੇ ਮੁਲਕ ਵਿੱਚ ਇੱਕ ਬੰਦ ਪਿਜਰੇ ਦੇ ਤੋਤੇ ਵਾਂਗੂ ਆਪਣਾ ਜੀਵਨ ਬਤੀਤ ਕਰਦੇ ਹੋਏ ਵਿਖਾਈ ਦਿੰਦੇ ਹਨ ਆਪਣੇ ਵਤਨ ਜਿੱਥੇ ਬਜ਼ੁਰਗਾਂ ਨੇ ਸਾਰੀ ਉਮਰ ਸਰਦਾਰੀ ਕੀਤੀ ਅਤੇ ਗੱਡੇ ਚਲਾਏ ਅਤੇ ਮੁਰੱਬਿਆ ਦੇ ਮਾਲਕ ਕਹਾਏ ਉਥੇ ਉਹ ਬੇਗਾਨੇ ਦੇਸ਼ ਵਿੱਚ ਗੱਡੀ ਦੀ ਇਕ ਸਵਾਰੀ ਬਣਕੇ ਰਹਿ ਜਾਂਦੇ ਹਨ ਜਿਥੇ ਕਿ ਆਪਣੇ ਦੇਸ਼ ਵਿੱਚ ਉਹਨਾਂ ਦੀਆਂ ਗੱਡੀਆ ਕਾਰਾਂ ਚੱਲਦੀਆ ਸਨ ਉਹਨਾਂ ਦੇ ਮਨ ਵਿੱਚ ਹਮੇਸਾਂ ਇੱਕੋਂ ਇੱਕ ਡਰ ਲੱਗਿਆ ਰਹਿੰਦਾ ਹੈ ਕਿ ਕਿੱਧਰੇ ਅਸੀ ਬੇਗਾਨੇ ਦੇਸ਼ ਵਿੱਚ ਹੀ ਨਾ ਮਰ ਮੁੱਕ ਜਾਈਏ ਇਸ ਤਤਾ ਉਹਨਾਂ ਦੇ ਦਿਲ ਵਿੱਚ ਆਪਣੇ ਵਤਨ ਵਿੱਚ ਬਤੀਤ ਕੀਤਾ ਇੱਕ ਲੰਬਾ ਸਮਾਂ ਜੋ ਕਿ ਹਰ ਪਲ ਉਹਨਾਂ ਦੀਆ ਝੁਰੜੀਆ ਅਤੇ ਨਮ ਹੋਇਆ ਅੱਖਾਂ ਵਿੱਚੋਂ ਸਾਫ਼ ਝਲਕ ਦਾ ਹੈ। ਇਸ ਤਰ੍ਹਾਂ ਬਜੁਰਗ ਜੋ ਕਿ ਦੋ ਹਿੱਸਿਆ ਵਿੱਚ ਵੰਡਕੇ ਰਹਿ ਜਾਂਦੇ ਹਨ ਉਹਨਾਂ ਦਾ ਸ਼ਰੀਰ ਭਾਵੇਂ ਬੇਗਾਨੇ ਦੇਸ਼ ਵਿੱਚ ਪਰੰਤੂ ਆਤਮਾਂ ਅਤੇ ਮਨ ਹਮੇਸ਼ਾਂ ਆਪਣੇ ਦੇਸ਼ ਦੀ ਮਿੱਟੀ ਨੂੰ ਹੀ ਤਰਸਦਾ ਰਹਿੰਦਾ ਹੈ ਕਿ ਅੱਜ ਭਾਵੇ ਕੱਲ, ਸਾਨੂੰ ਆਪਣੇ ਦੇਸ਼ ਦੀ ਮਿੱਟੀ ਵਿੱਚ ਹੀ ਮਿਲਾ ਦਿੱਤਾ ਜਾਵੇ। ਸੋ ਇਸ ਪ੍ਰਕਾਰ ਬਜ਼ੁਰਗਾਂ ਦੀਆਂ ਦਿਲ ਦੀਆਂ ਦਿਲ ਵਿੱਚ ਹੀ ਰਹਿ ਜਾਂਦੀਆ ਹਨ ਅਤੇ ਉਹ ਆਪਣੇ ਪੁੱਤ ਪੋਤਰਿਆਂ ਦੀ ਖੁਸ਼ੀ ਲਈ ਆਪਣੀਆ ਖੁਸ਼ੀਆ ਦੀ ਪਰਵਾਹ ਕੀਤੇ ਬਿਨ੍ਹਾਂ ਉਹਨਾਂ ਨਾਲ ਮਿੱਠੀ ਜੇਲ ਵਿੱਚ ਚਲੇ ਜਾਂਦੇ ਹਨ ਜਿਥੇ ਕਿ ਸਭ ਸੁੱਖ ਸੁਵਿਧਾਵਾ ਪੈਸੇ ਅਤੇ ਸੈਕੜੇਂ ਪਕਵਾਨ ਪਰ ਫਿਰ ਵੀ ਉਹਨਾਂ ਦੇ ਦਿਲ ਅਤੇ ਮਨ ਹਮੇਸ਼ਾ ਆਪਣੇ ਵਤਨ ਨੂੰ ਵੇਖਣ ਅਤੇ ਆਪਣੇ ਦੇਸ਼ ਦੀ ਮਿੱਟੀ ਦਾ ਨਿੱਘ ਮਾਨਣ ਲਈ ਹਮੇਸ਼ਾ ਤੜਫ਼ਦੇ ਰਹਿੰਦੇ ਹਨ ਇਥੋ ਤੱਕ ਤਾਂ ਠੀਕ ਹੈ ਕਿ ਬਗਾਨੇ ਮੁਲਕ ਵਿੱਚ ਉਹਨਾਂ ਨੂੰ ਇੱਕਲਾਪਣ ਅਤੇ ਆਪਣੇ ਮੁਲਕ ਤੋਂ ਦੂਰੀ ਵੱਢ-ਵੱਢ ਖਾਂਦੀ ਹੈਪਰ ਸਭ ਤੋਂ ਭਿਆਨਕ ਦ੍ਰਿਸ਼ ਜੋ ਕਿ ਸਾਡੇ ਆਪਣੇ ਵਤਨ ਵਿੱਚ ਬਜ਼ੁਰਗਾਂ ਦੀ ਘਰ ਵਿੱਚ ਹੁੰਦੀ ਬੇਕਦਰੀ ਅਤੇ ਆਪਣਿਆਂ ਤੋਂ ਬਣਾਈ ਗਈ ਦੂਰੀ ਜੋ ਕਿ ਉਹਨਾਂ ਨੂੰ ਜਿਉਂਦੇ-ਜੀਅ ਮਰਨ ਦੇ ਬਰਾਬਰ ਲੱਗਦੀ ਹੈ ਕਿਉਂਕਿ ਜਿਸ ਸਮੇਂ ਉਹਨਾਂ ਨੂੰ ਆਪਣੇ ਪਰਿਵਾਰ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਉਸ ਸਮੇਂ ਹੀ ਉਸਨੂੰ ਸਭ ਪਰਿਵਾਰ ਤੋਂ ਪਰ੍ਹਾ ਇੱਕ ਦੂਰ ਕਮਰੇ ਜਾਂ ਫਿਰ ਤੂੜੀ ਵਾਲੇ ਕੋਠੇ ਅੰਦਰ ਸਭ ਤੋਂ ਪੁਰਾਣਾ ਟੁੱਟਿਆ ਬਾਣ ਦਾ ਮੰਜਾ ਅਤੇ ਸਭ ਤੋਂ ਘਟੀਆ ਬਿਸਤਰਾ ਦੇਣਗੇ ਤਾਂ ਉਸ ਸਮੇਂ ਲਗਦਾ ਹੈ ਕਿ ਅੱਜ ਸਭ ਕੀਤੀਆਂ ਕਮਾਈਆਂ ਉੱਪਰ ਪਾਣੀ ਫਿਰ ਗਿਆ ਹੋਵੇ। ਇਹ ਸਮਾਂ ਇਹੋ-ਜਿਹਾ ਹੁੰਦਾ ਹੈ ਜਿਸ ਵਿੱਚ ਭਾਵੇਂ ਕੋਈ ਅਮੀਰ ਜਾਂ ਗਰੀਬ ਹੋਵੇ ਫਿਰ ਵੀ ਹਰ ਪਾਸਿਓ ਤੰਗੀ ਮਹਿਸੂਸ ਹੁੰਦੀ ਹੈ। ਜਿਸ ਸਮੇਂ ਸਰੀਰ ਦਾ ਹਰ ਅੰਗ ਨਿਰਬਲ ਹੋ ਜਾਂਦਾ ਹੈ। ਭਾਵੇਂ ਪੁੱਤਰ, ਧੀਆਂ ਅਤੇ ਨੂੰਹਾਂ ਕਿੰਨੇ ਵੀ ਨੇਕ ਹੋਣ ਤਾਂ ਵੀ ਬੁੱਢੇ ਦੀ ਘਰ ਵਿੱਚ ਘੱਟ ਹੀ ਸਦ-ਪੁੱਛ ਹੁੰਦੀ ਹੈ। ਭਾਵੇਂ ਉਸਨੇ ਆਪਣੀ ਜਿੰਦਗੀ ਵਿੱਚ ਕਿੰਨੇ ਹੀ ਚੰਗੇ ਕੰਮ ਕੀਤੇ ਹੋਣ ਜਾਂ ਕਮਾਈਆਂ ਕਰ-ਕਰ ਘਰ ਭਰੇ ਹੋਣ ਫਿਰ ਵੀ ਅੰਤ ਸਮੇਂ ਆਪਣੇ ਹੀ ਉਸਨੂੰ ਘਰ ਉੱਪਰ ਬੋਝ ਸਮਝਣ ਲੱਗ ਪੈਂਦੇ ਹਨ ਘਰ ਵਿੱਚ ਪੁੱਤਰਾਂ, ਨੂੰਹਾਂ ਨੂੰ ਬੁੱਢੇ ਦੀ ਗੱਲ ਚੰਗੀ ਨਹੀਂ ਲੱਗਦੀ ਕਿਉਂਕਿ ਉਹ ਆਪਣੇ ਸਮੇਂ ਮੁਤਾਬਿਕ ਗੱਲ ਕਰਦਾ ਹੈ।
ਇਸ ਪ੍ਰਕਾਰ ਜਵਾਨੀ ਵੇਲੇ ਦੀਆਂ ਗਲਤੀਆਂ ਵੱਡੀਆਂ ਤੋਂ ਵੱਡੀਆਂ ਭੁੱਲ ਜਾਂਦੀਆਂ ਹਨ ਪਰ ਜੇ ਬੁਢਾਪੇ ਸਮੇਂ ਰੱਬ ਨਾ ਕਰੇ ਕੋਈ ਭੁੱਲ ਹੋ ਜਾਵੇ ਤਾਂ ਆਖਣਗੇ, “ਕਿਉਂ ਧੌਲੇ ਰੋਲਦਾ ਪਿਆ?” “ਧੌਲਿਆਂ ਦੀ ਸ਼ਰਮ ਕਰ।” ਜਵਾਨੀ ਰਾਤ ਜੈਸੀ ਹੈ ਤੇ ਬੁਢਾਪਾ ਦਿਨ ਵਰਗਾ। ਰਾਤ ਕਾਲੀ ਹੁੰਦੀ ਹੈ, ਕੁਝ ਘੱਟ ਦਿਸਦਾ ਹੈ ਬੁਢਾਪਾ ਚਾਨਣ ਹੈ। ਆਖਣਗੇ “ਦਾੜ੍ਹੀ ਵੱਲ ਤਾਂ ਵੇਖ ਦਿਨ ਚੜ੍ਹਿਆ ਪਿਆ ਹੈ।” ਬੁੱਢੇ ਹੋਏ ਤੋਂ ਖੁਰਾਕ ਬਹੁਤ ਖਾ ਨਹੀਂ ਹੁੰਦੀ। ਪਰ ਇਸ ਨੂੰ ਮਖੌਲ ਕਰਦੇ ਹਨ, “ਬਾਬਾ ਖਾ ਗਿਆ ਰੋਟੀਆਂ ਦਾ ਛਾਬਾ।” ਕਈ ਬੁੱਢੇ ਹੁੰਦੇ ਵੀ ਚੰਗੇ ਢੰਗ ਨਾਲ ਗੱਲ ਕਰਦੇ ਹਨ। ਇੱਕ ਵਾਰ ਦੀ ਗੱਲ ਹੈ ਕਿ ਇੱਕ ਬੁੱਢੇ ਦੇ ਘਰ ਪਸ਼ੂਆਂ ਹੇਠ ਦੁੱਧ ਘਟ ਗਿਆ। ਨੂੰਹ ਨੇ ਬੁੱਢੇ ਦਾ ਦੁੱਧ ਬੰਦ ਕਰ ਦਿੱਤਾ। ਇੱਕ ਦੋ ਦਿਨ ਤਾਂ ਬੁੱਢੇ ਨੇ ਸੋਚਿਆ ਕਿ ਖਬਰੇ ਭੁੱਲ ਗਏ ਹੋਣਗੇ ਪਰੰਤੂ ਤੀਜੇ ਦਿਨ ਸ਼ਾਮ ਦੇ ਵਕਤ ਜਦੋਂ ਬਾਹਰੋਂ ਮੁੰਡਾ ਆਇਆਂ ਤਾਂ ਬੁੱਢਾ ਨਕਲੀ ਨਿਢਾਲ ਜਿਹਾ ਹੋ ਕੇ ਮੰਜੇ ਤੇ ਪੈ ਗਿਆ। ਜਦ ਪੁੱਤ ਬਾਹਰੋਂ ਅੰਦਰ ਵੜਦਿਆ ਬੁੱਢੇ ਦੇ ਮੰਜੇ ਦੇ ਕੋਲ ਦੀ ਲੰਘਦਿਆ ਹੋਇਆਂ ਪੁੱਛਿਆ, “ਬਾਪੂ ਕੀ ਗੱਲ ਹੈ ਤਾਪ ਤਾਂ ਨਹੀਂ ਚੜ੍ਹ ਗਿਆ? ਕੁਝ ਢਿੱਲਾ ਦਿਸਦਾ ਹੈ...? ਬਾਬਾ ਥੋੜਾ ਮੱਧਮ ਅਵਾਜ ਵਿੱਚ ਬੋਲਿਆ, “ਨਹੀਂ ਭਾਈ ਦੁੱਧ ਪੀਣ ਦੀ ਆਦਤ ਸੀ ਹੁਣ ਕਈ ਦਿਨਾਂ ਤੋਂ ਦੁੱਧ ਨਹੀਂ ਮਿਲਿਆ।” ਉਸਨੇ ਆਪਣੀ ਘਰ ਵਾਲੀ ਨੂੰ ਸੱਦ ਕੇ ਪੁੱਛਿਆ “ਬਾਪੂ ਦਾ ਦੁੱਧ ਕਿਉਂ ਬੰਦ ਕਰ ਦਿੱਤਾ? ਉਹਨਾਂ ਦੱਸਿਆ ਡੰਗਰਾਂ ਹੇਠ ਦੁੱਧ ਘਟ ਗਿਆ ਹੈ ਬਾਕੀ ਬੱਚਿਆਂ ਨੂੰ ਪਿਆ ਦੇਈ ਦਾ। ਇਹ ਸਭ ਕੁਝ ਸੁਣ ਕੇ ਬੁੱਢਾ ਝੱਟੇ ਮੰਜੇ ਤੋਂ ਖੜ੍ਹਾ ਹੋ ਜਾਂਦਾ ਹੈ ਅਤੇ ਆਖਦਾ ਹੈ, “ਕਿ ਭਾਈ ਬੱਚੇ ਤਾਂ ਹਾਲੇ ਬੱਚੇ ਹੀ ਹੈ, ਮੈਂ ਪਲਿਆ ਪਲਾਇਆ ਕੋਲੋਂ ਸੱਠਾਂ ਸਾਲਾਂ ਦਾ ਜਾਂਦਾ ਹਾਂ। “ਇਹ ਸੁਣ ਸਭ ਦਾ ਹਾਸਾ ਨਿਕਲ ਜਾਂਦਾ ਹੈ, ਅਤੇ ਫਿਰ ਸਭ ਪਰਿਵਾਰ ਨੂੰ ਕਿਹਾ ਜਾਂਦਾ ਹੈ ਕਿ ਭਾਵੇਂ ਮੱਝਾਂ ਹੇਠ ਦੁੱਧ ਘੱਟ ਗਿਆ ਹੋਵੇ ਜਾਂ ਚਾਹ ਬਣਾਉਣ ਲਈ ਬਚੇ ਜਾ ਨਾ। ਬਚੇ, ਪਰ ਜਦੋਂ ਤੱਕ ਬਾਪੂ ਦਾ ਪੁੱਤਰ ਜਿਉਂਦਾ ਹੈ ਬਾਪੂ ਨੂੰ ਦੁੱਧ ਜਰੂਰ ਮਿਲੇਗਾ। ਇਸ ਤਰ੍ਹਾਂ ਪੁੱਤਰ ਦੀ ਇਹ ਗੱਲ ਸੁਣਕੇ ਬੁੱਢੇ ਦੀਆਂ ਅੱਖਾਂ ਵਿੱਚ ਪਾਣੀ ਆ ਜਾਂਦਾ ਹੈ ਅਤੇ ਉਹ ਆਪਣੇ ਕੋਲ ਖੜ੍ਹੇ ਪੋਤਰਿਆਂ ਨੂੰ ਕਹਿੰਦਾ ਹੈ ਕਿ ਤੁਸੀਂ ਵੀ ਆਪਣੇ ਪਿਤਾ ਵਾਂਗ ਇੱਕ ਚੰਗੇ ਸੰਸਕਾਰ ਗ੍ਰਹਿਣ ਕਰਿਓ ਅਤੇ ਹਮੇਸਾ ਘਰ ਵਿੱਚ ਵੱਢਿਆਂ ਦਾ ਸਤਿਕਾਰ ਕਰਦੇ ਰਹਿਓ। ਇਸ ਪ੍ਰਕਾਰ ਅਜੋਕੇ ਸਮੇਂ ਵਿੱਚ ਬਿਰਧ ਅਵਸਥਾ ਵਿੱਚ ਪਹੁੰਚ ਚੁੱਕੇ ਬਜੁਰਗਾਂ ਦੇ ਦਿਲ ਦੇ ਵਲਵਲਿਆ ਅਤੇ ਦੁੱਖ ਤਕਲੀਫਾਂ ਨੂੰ ਪੇਸ਼ ਕਰਦੀ ਇਹ ਕਹਾਣੀ ਦੱਸਦੀ ਹੈ ਕਿ “ਹੁਣ ਜੇ ਟਹਿਲ ਹੁੰਦੀ ਹੈ ਉਹ ਵੀ ਥੋੜੀ ਬਹੁਤੀ ਉਸ ਬਿਰਧ ਦੀ ਹੁੰਦੀ ਹੈ ਜਿਸ ਨੂੰ ਪੈਨਸ਼ਨ ਮਿਲਦੀ ਹੈ ਜਾਂ, ਬੈਂਕ ਵਿੱਚ ਕੁਝ ਰਕਮ ਜਮ੍ਹਾ ਹੋਵੇ। “ਇਹ ਭਾੜੇ ਕਿਰਾਏ ਦੀ ਸੇਵਾ ਨਾ ਹੋਣ ਦੇ ਬਰਾਬਰ ਹੈ।” ਜਿਹੜਾ ਬੁੱਢਾ ਆਪਣੇ ਪੁੱਤ ਪੋਤਰਿਆਂ ਦੇ ਮੋਹ ਵਿੱਚ ਆ ਕੇ ਲੁੱਟਿਆ ਗਿਆ, ਜਿਸ ਕੋਲੋ ਹੋਰ ਕੁਝ ਮਿਲਣ ਦੀ ਆਸ ਨਹੀਂ, ਉਸ ਦੀ ਸੇਵਾ ਨਾਂ ਹੋਣ ਦੇ ਬਰਾਬਰ ਹੈ। ਇਸ ਤਰ੍ਹਾਂ ਚਾਹੇ ਕੋਈ ਕਿਤਨੇ ਤੀਰਥ ਕਰ ਲਵੇ, ਪੁੰਨ ਦਾਨ ਕਰ ਲਏ ਜੇ ਉਹ ਮਾਤਾ-ਪਿਤਾ ਦਾ ਸੇਵਾ ਨਹੀਂ ਕਰਦਾ ਉਸਦੇ ਵਰਤ ਕੰਮ ਕੀਤੇ ਨਿਰਫਲ ਹਨ। ਜਵਾਨੀ ਉਹ ਹੈ ਜੋ ਜਾਕੇ ਆਉਂਦੀ ਨਹੀਂ, ਬੁਢਾਪਾ ਉਹ ਹੈ ਜੋ ਕਿ ਆਕੇ ਜਾਂਦਾ ਨਹੀਂ ।
ਜਗਮੀਤ ਸਿੰਘ ਬਰੜਵਾਲ
96536-39891


   
  
  ਮਨੋਰੰਜਨ


  LATEST UPDATES  Advertisements