View Details << Back

ਦਿੱਲੀ ਦੇ ਸਕੂਲਾਂ ਦੀ ਵਿਜ਼ਿਟ…… ਇੱਕ ਅਭੁੱਲ ਯਾਦਗਾਰ

ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਹੋਰ ਜਿਆਦਾ ਕ੍ਰਾਂਤੀ ਲਿਆਉਣ ਲਈ ਹਰ ਜਿਲ੍ਹੇ ਦੇ ਲਗਭਗ 10 ਅਧਿਆਪਕਾਂ / ਲੈਕਚਰਾਰ / ਪ੍ਰਿੰਸੀਪਲ / ਅਧਿਕਾਰੀਆਂ ਦੇ ਡੈਲੀਗੇਸ਼ਨ ਨੂੰ ਜੁਲਾਈ 2022 ਵਿੱਚ ਦਿੱਲੀ ਦੇ ਸਕੂਲਾਂ ਦੀ ਵਿਜ਼ਿਟ ਕਰਵਾਈ ਗਈ ਅਤੇ ਦਿੱਲੀ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਦਿੱਲੀ ਦੇ ਸਕੂਲਾਂ ਵਿੱਚ ਚੱਲ ਰਹੇ ਹੈੱਪੀਨੈੱਸ ਪ੍ਰੋਗਰਾਮ ਦੇ ਸਲਾਨਾ ਸਮਾਗਮ ਵਿੱਚ ਸ਼ਿਰਕਤ ਕਰਵਾਈ ਗਈ। ਮੈਨੂੰ ਵੀ ਜਿਲ੍ਹਾ ਸੰਗਰੂਰ ਵੱਲੋਂ ਬਤੌਰ DSM ਇਸ ਪ੍ਰੋਗਰਾਮ ਵਿੱਚ ਜਾਣ ਦਾ ਮੌਕਾ ਮਿਲਿਆ ਜਿਸ ਲਈ ਮੈਂ ਮੁੱਖ ਦਫਤਰ ਮੋਹਾਲੀ ਦੀ ਸਮੁੱਚੀ ਸਮਾਰਟ ਟੀਮ ਅਤੇ ਜਿਲ੍ਹਾ ਸਿੱਖਿਆ ਅਫਸਰ (ਸ) ਸੰਗਰੂਰ ਸ਼੍ਰੀ ਕੁਲਤਰਨਜੀਤ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਸਮਾਰਟ ਸਕੂਲ ਪ੍ਰੋਜੈਕਟ ਅਧੀਨ ਮਿਤੀ 26-07-2022 ਨੂੰ ਮੈਂ ਅਤੇ ਸ਼੍ਰੀ ਅਮਨ ਗਰਗ (ADSM ਸਮਾਰਟ ਸਕੂਲ) ਦੋਵੇਂ ਧੂਰੀ ਬਲਾਕ ਦੇ ਸਕੂਲਾਂ ਵਿੱਚ ਸਮਾਰਟ ਸਕੂਲਾਂ ਲਈ ਨਿਰਧਾਰਤ ਪੈਰਾਮੀਟਰਜ਼ ਪੂਰੇ ਕਰਵਾਉਣ ਹਿੱਤ ਅਤੇ ਸੈਕੰਡਰੀ ਸਕੂਲਾਂ ਲਈ ਪ੍ਰਾਪਤ ਟੈਬਲੇਟਸ ਵੰਡਣ ਲਈ ਵਿਜ਼ਿਟ ਤੇ ਗਏ ਹੋਏ ਸੀ। ਦੁਪਿਹਰ ਸਮੇਂ ਮੈਨੂੰ ਮੁੱਖ ਦਫਤਰ ਮੋਹਾਲੀ ਤੋਂ ਫੋਨ ਸੰਦੇਸ਼ ਪ੍ਰਾਪਤ ਹੋਇਆ ਕਿ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਹਰ ਜਿਲ੍ਹੇ ਦੇ ਲਗਭਗ 10 ਅਧਿਆਪਕਾਂ / ਲੈਕਚਰਾਰ / ਪ੍ਰਿੰਸੀਪਲ / ਅਧਿਕਾਰੀਆਂ ਨੂੰ ਦਿੱਲੀ ਦੇ ਸਕੂਲਾਂ ਦੀ ਵਿਜ਼ਿਟ ਕਰਨ ਲਈ ਅਤੇ ਹੈੱਪੀਨੈੱਸ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਮਿਤੀ 28 ਅਤੇ 29 ਜੁਲਾਈ ਨੂੰ ਦੋ ਦਿਨਾਂ ਲਈ ਦਿੱਲੀ ਵਿਖੇ ਜਾਣਾ ਹੈ। ਮੁੱਖ ਦਫਤਰ ਵੱਲੋਂ ਪ੍ਰਾਪਤ ਪੱਤਰ ਅਤੇ ਜਿਲ੍ਹਾ ਸੰਗਰੂਰ ਵੱਲੋਂ ਦਿੱਲੀ ਜਾਣ ਵਾਲੇ ਡੈਲੀਗੇਸ਼ਨ ਵਿੱਚ ਆਪਣਾ ਨਾਮ ਦੇਖ ਕੇ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋਇਆ।
ਡੈਲੀਗੇਸ਼ਨ ਨੂੰ ਦਿੱਲੀ ਲੈ ਕੇ ਜਾਣ ਲਈ ਮੁੱਖ ਦਫਤਰ ਵੱਲੋਂ 3 ਬੱਸਾਂ ਦਾ ਇੰਤਜਾਮ ਕੀਤਾ ਗਿਆ ਸੀ। ਇੱਕ ਬੱਸ ਬਠਿੰਡਾ ਤੋਂ, ਦੂਜੀ ਲੁਧਿਆਣਾ ਤੋਂ ਅਤੇ ਤੀਜੀ ਬੱਸ ਮੋਹਾਲੀ ਤੋਂ ਚੱਲਣੀ ਸੀ। ਮਿਤੀ 27-07-2022 ਨੂੰ ਸੰਗਰੂਰ ਜਿਲ੍ਹੇ ਦੀ ਟੀਮ ਬਠਿੰਡਾ ਤੋਂ ਚੱਲਣ ਵਾਲੀ ਬੱਸ ਵਿੱਚ ਦਿੱਲੀ ਜਾਣ ਲਈ ਲਗਭਗ ਦੁਪਿਹਰ 2 ਵਜ਼ੇ ਰਵਾਨਾ ਹੋਏ ਅਤੇ ਰਾਤ ਨੂੰ ਲਗਭਗ 11 ਵਜੇ ਦਿੱਲੀ ਵਿਖੇ ਰਾਤ ਠਹਿਰਣ ਲਈ ਮੁੱਖ ਦਫਤਰ ਵੱਲੋਂ ਅਲਾਟ ਹੋਏ ਹੋਟਲ ਵਿੱਚ ਪਹੁੰਚੇ। ਥੋੜੀ ਦੇਰ ਅਰਾਮ ਕਰਨ ਤੋਂ ਬਾਅਦ ਫਰੈੱਸ਼ ਹੋ ਕੇ ਰਾਤ ਦਾ ਖਾਣਾ ਖਾਇਆ ਅਤੇ ਅਗਲੇ ਦਿਨ ਲਈ ਵਿਓਂਤਬੰਦੀ ਕੀਤੀ ਗਈ, ਪੂਰੇ ਡੈਲੀਗੇਸ਼ਨ ਨੂੰ 4-4 ਦੇ ਗਰੁੱਪਾਂ ਵਿੱਚ ਵੰਡ ਕੇ 35 ਟੀਮਾਂ ਤਿਆਰ ਕੀਤੀਆਂ ਗਈਆਂ ਅਤੇ ਇਹਨਾਂ 35 ਟੀਮਾਂ ਵੱਲੋਂ ਅਗਲੇ ਦਿਨ ਦਿੱਲੀ ਦੇ 35 ਸਕੂਲਾਂ ਦੀ ਵਿਜ਼ਿਟ ਕੀਤੀ ਜਾਣੀ ਸੀ।
ਸਾਡੀ ਟੀਮ ਨੰਬਰ 23 ਦੀ ਲੀਡਰਸ਼ਿਪ ਮੈਨੂੰ ਦਿੱਤੀ ਗਈ ਅਤੇ ਮੇਰੀ ਟੀਮ ਵਿੱਚ ADSM -ਕਮ- ਕੰਪਿਊਟਰ ਫੈਕਲਟੀ ਸ਼੍ਰੀ ਅਮਨ ਗਰਗ, AC-ਕਮ- ਹੈੱਡ ਟੀਚਰ ਸ਼੍ਰੀ ਕਮਲਜੀਤ ਸਿੰਘ ਜੀ, PPDC-ਕਮ-ETT ਟੀਚਰ ਸ਼੍ਰੀ ਜਸਪ੍ਰੀਤ ਸਿੰਘ ਜੀ ਸਮੇਤ 4 ਮੈਂਬਰ ਸਨ। ਸਾਡੀ ਟੀਮ ਨੰਬਰ 23 ਨੂੰ ਦਿੱਲੀ ਦੇ ਰੋਹਿਣੀ ਇਲਾਕੇ ਦੇ ਡਾ. ਅੰਬੇਦਕਰ ਸਕੂਲ ਆਫ ਸਪੈਸ਼ਲਾਇਜ਼ਡ ਐਕਸੀਲੈਂਸ, ਸੈਕਟਰ-11 ਰੋਹਿਣੀ ਵਿੱਚ ਵਿਜ਼ਿਟ ਕਰਵਾਉਣ ਲਈ ਦਿੱਲੀ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਲੈਜ਼ਨਿੰਗ ਅਫਸਰ ਡਾ. ਨਰੇਸ਼ ਕੁਮਾਰ ਜੀ ਦੀ ਡਿਊਟੀ ਲਗਾਈ ਗਈ ਸੀ। ਉਹ ਆਪਣੀ ਕਾਰ ਵਿੱਚ ਸਾਡੀ ਟੀਮ ਨੂੰ ਅਲਾਟ ਹੋਏ ਸਕੂਲ ਜੋ ਕਿ ਸਾਡੇ ਹੋਟਲ ਤੋਂ ਲਗਭਗ 45 ਕਿਲੋਮੀਟਰ ਦੂਰ ਸੀ, ਵਿੱਚ ਲੈ ਕੇ ਗਏ। ਰਸਤੇ ਵਿੱਚ ਉਨ੍ਹਾਂ ਨੇ ਦਿੱਲੀ ਦੇ ਸਕੂਲਾਂ ਵਿੱਚ ਹੋ ਰਹੇ ਕੰਮਾਂ ਬਾਰੇ ਸਾਡੀ ਟੀਮ ਨੂੰ ਵਿਸਥਾਰ ਨਾਲ ਦੱਸਿਆ। ਸਕੂਲ ਵਿੱਖੇ ਪਹੁੰਚਣ ਤੇ ਸਕੂਲ ਦੇ ਪਿੰ੍ਰਸੀਪਲ ਸ਼੍ਰੀ ਵਿਪਨ ਕੁਮਾਰ ਅਤੇ ਸਟਾਫ ਵੱਲੋਂ ਡੈਲੀਗੇਸ਼ਨ ਟੀਮ ਦਾ ਨਿੱਘਾ ਸਵਾਗਤ ਮੱਥੇ ਤੇ ਚੰਦਨ ਦਾ ਤਿਲਕ ਕਰਕੇ ਅਤੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਬੈਚ ਲਗਾ ਕੇ ਕੀਤਾ ਗਿਆ।
ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਸਕੂਲ ਦੇ ਹਰ ਹਿੱਸੇ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਇਹ ਸਕੂਲ 9ਵੀਂ ਤੋਂ 12ਵੀਂ ਤੱਕ ਹੈ ਅਤੇ ਸਕੂਲ ਵਿੱਚ ਦਾਖਲਾ ਲੈਣ ਲਈ ਇੱਕ ਟੈਸਟ ਹੁੰਦਾ ਹੈ ਜਿਸ ਨੂੰ ਪਾਸ ਕਰਨਾ ਜਰੂਰੀ ਹੈ। ਸਾਡੀ ਟੀਮ ਵੱਲੋਂ ਸਕੂਲ ਦੇ ਕਲਾਸਰੂਮਜ਼, ਕੰਪਿਊਟਰ ਲੈਬ, ਫੈਸ਼ਨ ਲੈਬ, ਅਟਲ ਟਿੰਕਰਿੰਗ ਲੈਬ, ਪਲੇਅ ਗਰਾਉਂਡ, ਇਨਡੋਰ ਪਲੇਅ ਗਰਾਉਂਡ ਆਦਿ ਵਿੱਚ ਵਿਜ਼ਿਟ ਕੀਤੀ ਅਤੇ ਵਿਦਿਆਰਥੀਆਂ ਨਾਲ ਰੂਬਰੂ ਰਾਬਤਾ ਕਾਇਮ ਕੀਤਾ, ਉਸ ਸਕੂਲ ਦੇ ਵਿਦਿਆਰਥੀਆਂ ਵਿੱਚ ਬਹੁਤ ਜੋਸ਼, ਆਤਮਵਿਸ਼ਵਾਸ ਅਤੇ ਉਤਸ਼ਾਹ ਸੀ। ਸਕੂਲ ਵਿੱਚ ਕਈ ਕਲਾਸਾਂ ਵਿੱਚ ਡਿਜ਼ਿਟਲ ਬੋਰਡ ਲੱਗੇ ਹੋਏ ਸਨ ਅਤੇ 3 ਲੈਬਜ਼ ਵਿੱਚ ਕਰੋਮ ਬੁੱਕਸ (24 ਲੈਪਟੋਪ) ਚਾਰਜਿੰਗ ਪੁਆਇੰਟਸ ਦੇ ਨਾਲ ਉਬਲੱਭਧ ਸੀ। ਸਕੂਲ ਵਿੱਚ ਬਾਲਾ ਵਰਕ ਲਈ ਅਤੇ ਸਕੂਲ ਦੀਆਂ ਉਪਲੱਬਧੀਆਂ ਨੂੰ ਦਰਸਾਉਣ ਲਈ ਪ੍ਰਿੰਟ ਕੀਤੀਆਂ ਦਿਵਾਰ ਵਾਲੀਆਂ ਟਾਈਲਾਂ ਦਾ ਪ੍ਰਯੋਗ ਕੀਤਾ ਗਿਆ ਸੀ। ਅੰਤ ਵਿੱਚ ਸਕੂਲ ਦੇ ਸਮੂਹ ਸਟਾਫ ਨਾਲ ਡੈਲੀਗੇਸ਼ਨ ਟੀਮ ਨੂੰ ਮਿਲਵਾਇਆ ਗਿਆ ਅਤੇ ਕੁਝ ਵਿਦਿਆਰਥੀਆਂ ਵੱਲੋਂ ਆਪਣੇ ਆਪ ਤਿਆਰ ਕੀਤੀਆਂ ਕਵਿਤਾਵਾਂ ਅਤੇ ਗੀਤ ਵੀ ਪੇਸ਼ ਕੀਤੇ ਗਏ। ਸਕੂਲ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਡੈਲੀਗੇਸ਼ਨ ਟੀਮ ਨੂੰ ਗੁਲਦਸਤਾ ਭੇਂਟ ਕੀਤਾ ਅਤੇ ਨਾਲ ਹੀ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਵੱਖ ਵੱਖ ਪੇਟਿੰਗ ਵੀ ਭੇਂਟ ਕੀਤੀਆਂ। ਡੈਲੀਗੇਸ਼ਨ ਵੱਲੋਂ ਸਕੂਲ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੀਤੇ ਜਾ ਰਹੇ ਚੰਗੇ ਕੰਮਾਂ ਪ੍ਰਤੀ ਜਾਣੂ ਕਰਵਾਇਆ ਗਿਆ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ। ਸਕੂਲ ਹਰ ਤਰਫ ਤੋਂ ਸਾਫ ਸੁਥਰਾ ਅਤੇ ਸਾਰੇ ਵਿਦਿ: ਆਪਣੀ ਪੜਾਈ ਪ੍ਰਤੀ ਸੁਚੇਤ ਸਨ। ਸਕੂਲ ਵਿਖੇ ਕਿਸੇ ਵੀ ਮਾਲ੍ਹੀ ਦੀ ਪੋਸਟ ਭਰੀ ਨਾ ਹੋਣ ਦੇ ਬਾਵਜੂਦ ਵੀ ਸਕੂਲ ਵਿੱਚ ਹਰ ਪਾਸੇ ਹਰਿਆਲੀ ਸੀ। ਸਕੂਲ ਸਟਾਫ ਵੱਲੋਂ ਦੱਸਿਆ ਗਿਆ ਕਿ ਕਈ ਸਟਾਫ ਮੈਂਬਰ ਖੁਦ ਸਕੂਲ ਸਮੇਂ ਤੋਂ ਪਹਿਲਾਂ ਜਾਂ ਬਾਅਦ ਆਪਣਾ ਕੁਝ ਸਮਾਂ ਸਕੂਲ ਨੂੰ ਹਰਾ ਭਰਿਆ ਰੱਖਣ ਲਈ ਦਿੰਦੇ ਹਨ।
ਇਸੇ ਦਿਨ ਸ਼ਾਮ ਨੂੰ ਦਿੱਲੀ ਦੇ ਸਿੱਖਿਆ ਮੰਤਰੀ ਸ਼੍ਰੀ ਮਨੀਸ਼ ਸਸੋਦੀਆ ਜੀ ਅਤੇ ਦਿੱਲੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਪੰਜਾਬ ਤੋਂ ਆਏ ਡੈਲੀਗੇਸ਼ਨ ਅਤੇ ਪੰਜਾਬ ਦੇ ਮੁੱਖ ਦਫਤਰ ਦੀ ਟੀਮ ਨਾਲ ਮੁਲਾਕਾਤ ਕੀਤੀ ਅਤੇ ਡੈਲੀਗੇਸ਼ਨ ਵੱਲੋਂ ਵਿਜ਼ਿਟ ਕੀਤੇ ਸਕੂਲਾਂ ਬਾਰੇ ਵੱਡਮੁੱਲੇ ਵਿਚਾਰ ਸਾਝੇ ਕੀਤੇ ਗਏ। ਇਸ ਉਪਰੰਤ ਸਾਡੀ ਸਾਰੀ ਹੀ ਟੀਮ ਨੂੰ ਬਹੁਤ ਥਕਾਵਟ ਮਹਿਸੂਸ ਹੋ ਰਹੀ ਸੀ ਸੋ ਹੋਟਲ ਵਿਖੇ ਪਹੁੰਚ ਕੇ ਫਰੈੱਸ਼ ਹੋ ਕੇ ਰਾਤ ਦਾ ਖਾਣਾ ਖਾਇਆ ਅਤੇ ਥੌੜੀ ਦੇਰ ਸੈਰ ਕੀਤੀ। ਸੈਰ ਕਰਦੇ ਸਮੇਂ ਅਗਲੇ ਦਿਨ ਦੀ ਵਿਓਤਬੰਦੀ ਕੀਤੀ, ਸਾਰੇ ਹੀ ਅਗਲੇ ਦਿਨ ਹੋਣ ਵਾਲੇ ਹੈੱਪੀਨੈੱਸ ਉਤਸਵ ਵਿੱਚ ਭਾਗ ਲੈਣ ਲਈ ਉਤਸਾਹਿਤ ਸਨ।
ਅਗਲੇ ਦਿਨ ਮਿਤੀ 29-07-2022 ਨੂੰ ਸਵੇਰ ਦੇ ਨਾਸ਼ਤੇ ਤੋਂ ਬਾਦ ਅਸੀਂ ਸਾਰਿਆਂ ਨੇ ਆਪਣੇ ਬੈਗ ਪੈਕ ਕਰਕੇ ਬੱਸ ਵਿੱਚ ਹੈੱਪੀਨੈੱਸ ਉਤਸਵ ਵਿੱਚ ਭਾਗ ਲੈਣ ਲਈ ਦਿੱਲੀ ਦੇ ਖੇਡ ਸਟੇਡੀਅਮ ਲਈ ਰਵਾਨਾ ਹੋਏ ਕਿਓਂਕਿ ਹੈੱਪੀਨੈੱਸ ਉਤਸਵ ਤੋਂ ਬਾਦ ਸਿੱਧਾ ਹੀ ਸੰਗਰੂਰ ਲਈ ਵਾਪਿਸ ਪਰਤਨਾ ਸੀ। ਖੇਡ ਸਟੇਡੀਅਮ ਵਿਖੇ ਪਹੁੰਚ ਕੇ ਸਭ ਤੋਂ ਪਹਿਲਾਂ ਲੈਜ਼ਨਿੰਗ ਅਫਸਰਾ ਵੱਲੋਂ ਆਪਣੀ ਆਪਣੀ ਟੀਮ ਦਾ ਸਵਾਗਤ ਕੀਤਾ ਗਿਆ। ਸਾਡੀ ਟੀਮ ਦੇ ਲੈਜ਼ਨਿੰਗ ਅਫਸਰ ਡਾ. ਨਰੇਸ਼ ਜੀ ਵੱਲੋਂ ਵੀ ਸਾਡੀ ਟੀਮ ਨੂੰ ਦਿੱਲੀ ਖੇਡ ਸਟੇਡਿਅਮ ਵਿੱਚ ਚੱਲ ਰਹੇ ਹੈੱਪੀਨੈੱਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਵਾਈ ਗਈ ਤਾਂ ਜੋ ਟੀਮ ਮੈਂਬਰ ਹੈੱਪੀਨੈੱਸ ਉਤਸਵ ਦਾ ਆਨੰਦ ਮਾਣ ਸਕਣ। ਦਿੱਲੀ ਸਰਕਾਰ ਦੇ ਹਰੇਕ ਸਕੂਲ ਵਿੱਚ ਸੋਮਵਾਰ ਨੂੰ ਸਵੇਰ ਦੇ ਪਹਿਲੇ ਪੀਰੀਅਡ ਵਿੱਚ ਹੈੱਪੀਨੈੱਸ ਕਲਾਸ ਲਗਾਈ ਜਾਂਦੀ ਹੈ, ਜਿਸ ਵਿੱਚ ਵਿਦਿਆਰਥੀਆਂ ਨੂੰ ਹੈੱਪੀਨੈੱਸ ਕਰੀਕੁਲਮ ਕਰਵਾਇਆ ਜਾਂਦਾ ਹੈ।
ਹੈੱਪੀਨੈੱਸ ਮਹੋਤਸਵ ਵਿਖੇ ਦਿੱਲੀ ਦੇ ਸਿੱਖਿਆ ਮੰਤਰੀ ਸ਼੍ਰੀ ਮਨੀਸ਼ ਸਸੋਦੀਆ ਜੀ, ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜ਼ਰੀਵਾਲ ਜੀ ਅਤੇ ਅਧਿਆਤਮਕ ਸਖਸ਼ੀਅਤ ਬ੍ਰਹਮ ਕੁਮਾਰੀ ਸ਼ਿਵਾਨੀ ਦੀਦੀ ਜੀ ਵੀ ਹਾਜ਼ਰ ਸਨ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਰਿਆਂ ਨਾਲ ਸਾਝੇ ਕੀਤੇ। ਸਾਰੇ ਪ੍ਰੋਗਰਾਮ ਤੋਂ ਬਾਦ ਦਿੱਲੀ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਪੇਂਟਿੰਗ, ਕਹਾਣੀਆਂ, ਕਵਿਤਾਵਾਂ ਆਦਿ ਦੀ ਗੈਲਰੀ ਵਿੱਚ ਵਿਜ਼ਿਟ ਕੀਤੀ, ਜਿਸ ਵਿੱਚ ਸਾਰਿਆਂ ਹੀ ਐਕਟੀਵਿਟਿਜ਼ ਬਹੁਤ ਹੀ ਪ੍ਰਭਾਵਸ਼ਾਲੀ ਸੀ। ਦੁਪਿਹਰ ਦਾ ਭੋਜਣ ਕਰਨ ਉਪਰੰਤ ਲੈਜ਼ਨਿੰਗ ਅਫਸਰ ਡਾ. ਨਰੇਸ਼ ਕੁਮਾਰ ਜੀ ਦਾ ਧੰਨਵਾਦ ਕੀਤਾ। ਸਾਡੀ ਟੀਮ ਨੇ ਮਹਿਸੂਸ ਕੀਤਾ ਕਿ ਲੈਜ਼ਨਿੰਗ ਅਫਸਰ ਡਾ. ਨਰੇਸ਼ ਕੁਮਾਰ ਬਹੁਤ ਮਿਲਣਸਾਰ ਅਤੇ ਮੋਟੀਵੇਟਿਡ ਸਨ, ਜਿਨ੍ਹਾਂ ਨੇ ਦੋਵੇਂ ਦਿਨ ਸਾਡੀ ਸਾਰੀ ਟੀਮ ਦਾ ਧਿਆਨ ਰੱਖਿਆ ਅਤੇ ਸਾਨੂੰ ਦਿੱਲੀ ਸਰਕਾਰ ਵੱਲੋਂ ਸਕੂਲਾਂ ਲਈ ਕੀਤੇ ਜਾ ਰਹੇ ਕੰਮਾਂ ਪ੍ਰਤੀ ਜਾਣਕਾਰੀ ਦਿੱਤੀ। ਅੰਤ ਵਿੱਚ ਅਸੀਂ ਬੱਸ ਵੱਲ ਨੂੰ ਰਵਾਨਾ ਹੋਏ ਅਤੇ ਲਗਭਗ ਰਾਤ ਨੂੰ 1 ਵਜੇ ਸੰਗਰੂਰ ਵਾਪਿਸ ਪਹੁੰਚੇ।

ਸੱਚ, ਦਿੱਲੀ ਦੇ ਸਕੂਲਾਂ ਦਾ ਇਹ ਦੌਰਾ ਅਤੇ ਹੈੱਪੀਨੈੱਸ ਉਤਸਵ ਵਿੱਚ ਭਾਗ ਲੈਣਾ ਮੇਰੀ ਜਿੰਦਗੀ ਦੀ ਇੱਕ ਅਭੁੱਲ ਯਾਦਗਾਰ ਬਣ ਗਈ ਹੈ।

ਧੰਨਵਾਦ……
ਪ੍ਰਿੰ: ਦੀਪਕ ਕੁਮਾਰ
ਸਸਸਸ ਘਰਾਚੋਂ,
DSM ਸਮਾਰਟ ਸਕੂਲ, ਸੰਗਰੂਰ


   
  
  ਮਨੋਰੰਜਨ


  LATEST UPDATES











  Advertisements