View Details << Back

ਕਰਵਾ ਚੌਥ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਭਵਾਨੀਗੜ੍ਹ, 21 ਅਕਤੂਬਰ (ਯੁਵਰਾਜ ਹਸਨ) :
ਕਰਵਾਚੌਥ ਦਾ ਵਰਤ ਸੁਹਾਗਣਾਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਹਿੰਦੂ ਪੰਚਾਂਗ ਅਨੁਸਾਰ ਕਰਵਾ ਚੌਥ ਦਾ ਵਰਤ ਕੱਤਕ ਮਹੀਨੇ ਦੇ ਕ੍ਰਿਸ਼ਣ ਪੱਖ ਵਿੱਚ ਚਤੁਰਥੀ ਤਾਰੀਖ ਨੂੰ ਮਨਾਇਆ ਜਾਂਦਾ ਹੈ। ਕਰਵਾਚੌਥ ਦਾ ਤਿਉਹਾਰ ਅੱਜ ਪੂਰੀ ਦੁਨੀਆਂ ’ਚ ਉਤਸਾਹ ਨਾਲ ਮਨਾਇਆ ਗਿਆ। ਭਵਾਨੀਗੜ੍ਹ ਦੀ ਜੈਨ ਕਲੋਨੀ ਵਿਖੇ ਵੀ ਸੁਹਾਗਣਾਂ ਨੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਲਈ ਪੂਰੇ ਦਿਨ ਨਿਰਜਲਾ ਵਰਤ ਰੱਖਿਆ। ਇਸ ਮੌਕੇ ਕਲੋਨੀ ਦੀਆਂ ਮਹਿਲਾਵਾਂ ਨੇ ਕਰਵਾ ਚੌਥ ਦੇ ਤਿਉਹਾਰ ਦੀ ਰਸਮ ਅਦਾ ਕੀਤੀ। ਇਸ ਮੌਕੇ ਵੱਖ-ਵੱਖ ਕਿਸਮ ਦੇ ਮੁਕਾਬਲੇ ਅਤੇ ਖੇਡਾਂ ਕਰਵਾਈਆਂ ਗਈਆਂ। ਸ਼ਲੀਜਾ ਸਿੰਗਲਾ, ਬੇਬੀ ਮਿੱਤਲ, ਸੀਤਾ ਸਿੰਗਲਾ, ਰੇਖਾ ਗੋਇਲ, ਅਨੁ ਜੈਨ, ਆਸ਼ਾ ਸਿੰਗਲਾ, ਮੀਨੂ ਸਿੰਗਲਾ ਆਦਿ ਨੇ ਕਿਹਾ ਕਿ ਸ਼ਾਮ ਤੋਂ ਪਹਿਲਾਂ ਸੁਹਾਗਣ ਹਾਰ-ਸ਼ਿੰਗਾਰ ਕਰਨ ਉਪਰੰਤ ਨੇੜੇ ਦੇ ਮੰਦਰ 'ਚ ਜਾਂ ਕਿਸੇ ਵਡੇਰੀ ਪਾਸੋਂ ਕਰਵਾ ਚੌਥ ਦੀ ਕਥਾ ਸੁਣਨ ਉਪਰੰਤ ਵਰਤ ਦੀ ਧਾਰਨੀ ਹਰ ਇਸਤਰੀ ਚੰਦਰਮਾ ਦੇ ਚੜ੍ਹਨ ਦੀ ਉਡੀਕ ਕਰਦੀ ਹੈ ਅਤੇ ਅਸਮਾਨ 'ਚ ਚੌਥ ਦੇ ਚੰਨ ਦੀ ਕਾਤਰ ਨੂੰ ਦੇਖਣ ਉਪਰੰਤ ਕਰਵੇ 'ਚ ਰੱਖੇ ਜਲ ਦਾ ਚੰਦਰਮਾ ਨੂੰ ਅਰਘ ਦੇ ਕੇ ਲੱਸੀ, ਫ਼ਲ, ਮਿਠਿਆਈ ਆਦਿ ਦਾ ਸੇਵਨ ਕਰ ਕੇ ਵਰਤ ਖੋਲ੍ਹਦੀ ਹੈ। *ਚੰਦਰਮਾ ਨੂੰ ਅਰਘ ਦੇਣ ਦਾ ਮਹੱਤਵ*
ਕਰਵਾ ਚੌਥ ਦੇ ਦਿਨ ਚੰਦਰਮਾ ਦੀ ਪੂਜਾ ਦੀ ਧਾਰਮਿਕ ਅਤੇ ਵਿਗਿਆਨਕ ਮਹੱਤਤਾ ਹੈ। ਹਿੰਦੂ ਧਰਮ ਅਨੁਸਾਰ ਚੰਦਰਮਾ ਨੂੰ ਪਿਆਰ ਦਾ ਦੇਵਤਾ ਮੰਨਿਆ ਜਾਂਦਾ ਹੈ। ਇਸ ਲਈ ਆਪਣੇ ਪਿਆਰੇ ਦੀ ਲੰਮੀ ਉਮਰ ਦੀ ਦੁਆ ਮੰਗਣ ਅਤੇ ਵਰਤ ਤੋਂ ਬਾਅਦ ਪਿਆਰ ਦੇ ਦੇਵਤਾ ਚੰਦਰਮਾ ਨੂੰ ਅਰਘ ਚੜ੍ਹਾਇਆ ਜਾਂਦਾ ਹੈ। ਚੰਦਰਮਾ ਨੂੰ ਅਰਘ ਚੜ੍ਹਾ ਕੇ ਉਸ ਦੀ ਲੰਮੀ ਉਮਰ ਅਤੇ ਪ੍ਰੇਮ ਦੀ ਸਥਿਰਤਾ ਲਈ ਕਾਮਨਾ ਕੀਤੀ ਜਾਂਦੀ ਹੈ ਤਾਂਕਿ ਮਨ ਆਪਣੇ ਪ੍ਰੀਤਮ ਪਿਆਰੇ ਨਾਲ ਜੁੜਿਆ ਰਹੇ ਅਤੇ ਆਪਸੀ ਪਿਆਰ ਵਧਦਾ ਰਹੇ। ਇਸ ਮੌਕੇ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ।


   
  
  ਮਨੋਰੰਜਨ


  LATEST UPDATES











  Advertisements