View Details << Back

ਡੀ ਸੀ ਸੰਗਰੂਰ ਵਲੋ ਬੇਸਹਾਰਾ ਪਸ਼ੂਆ ਨੂੰ ਸਰਕਾਰੀ ਗਓੂਸ਼ਾਲਾ ਚ ਪਹੁੰਚਾਓੁਣ ਦੇ ਆਦੇਸ਼
ਜ਼ਿਲ੍ਹੇ ਚ ਸਾਫ ਸਫਾਈ ਦੇ ਪ੍ਰਬੰਧਾਂ, ਸੀਵਰੇਜ ਵਿਵਸਥਾ ਸਮੇਤ ਹੋਰ ਲੋਕ ਪੱਖੀ ਕਾਰਜਾਂ ਦੀ ਸਮੀਖਿਆ

ਸੰਗਰੂਰ (ਯੁਵਰਾਜ ਹਸਨ)ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫਸਰਾਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਉਹ ਸੜਕਾਂ ਤੋਂ ਲਾਵਾਰਸ ਪਸ਼ੂਆਂ ਨੂੰ ਸਰਕਾਰੀ ਗਊਸ਼ਾਲਾ ਝਨੇੜੀ ਵਿਖੇ ਤਬਦੀਲ ਕਰਨ ਨੂੰ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਨੇਕਾਂ ਵਾਰ ਇਹ ਬੇਸਹਾਰਾ ਅਤੇ ਲਾਵਾਰਸ ਪਸ਼ੂ ਸੜਕਾਂ ਦੇ ਇਰਦ ਗਿਰਦ ਜਾਂ ਵਿਚਾਲੇ ਹੀ ਘੁੰਮਦੇ ਫਿਰਦੇ ਰਹਿੰਦੇ ਹਨ ਅਤੇ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਦੂਰੋਂ ਇਹਨਾਂ ਦਾ ਅਨੁਮਾਨ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ ਜਿਸ ਕਾਰਨ ਸੜਕ ਹਾਦਸੇ ਵਾਪਰ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਉਪ ਮੰਡਲ ਮੈਜਿਸਟਰੇਟ ਨੂੰ ਵੀ ਇਸ ਸਬੰਧੀ ਕਾਰਜ ਸਾਧਕ ਅਫਸਰਾਂ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਕਾਰਵਾਈ ਦੀ ਜਾਂਚ ਪੜਤਾਲ ਕਰਦੇ ਰਹਿਣ ਲਈ ਆਖਿਆ ਹੈ।ਇਸ ਦੌਰਾਨ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਨੇ ਵਿਭਾਗਾਂ ਅਤੇ ਕਾਰਜਕਾਰੀ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰ ਵੱਲੋਂ ਨਿਰਧਾਰਿਤ ਸਮਾਂ ਸੀਮਾ ਅਨੁਸਾਰ ਵਿਕਾਸ ਪ੍ਰੋਜੈਕਟਾਂ ਨੂੰ ਨੇਪਰੇ ਚੜਾਉਣ ਅਤੇ ਉਸਾਰੀ ਕਾਰਜਾਂ ਦੌਰਾਨ ਵਰਤੇ ਜਾਣ ਵਾਲੇ ਮਟੀਰੀਅਲ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ। ਉਹਨਾਂ ਨੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਸਾਫ ਸਫਾਈ ਵਿਵਸਥਾ ਨੂੰ ਸੁਚਾਰੂ ਰੱਖਣ ਅਤੇ ਸੀਵਰੇਜ ਪ੍ਰਣਾਲੀ ਵਿੱਚ ਆ ਰਹੀਆਂ ਦਿੱਕਤਾਂ ਨੂੰ ਨਾਲੋਂ ਨਾਲ ਦੂਰ ਕਰਨ ਦੀ ਹਦਾਇਤ ਵੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕੀਤੀ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਮਾਲ ਵਿਭਾਗ ਦੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬਕਾਇਆ ਇੰਤਕਾਲਾਂ ਦੇ ਨਿਪਟਾਰੇ, ਨਿਸ਼ਾਨਦੇਹੀ, ਵੰਡ ਦੇ ਕੇਸਾਂ, ਕੋਰਟ ਕੇਸਾਂ, ਜਮਾਂਬੰਦੀ, ਸ਼ਾਖਾਵਾਂ ਵਿੱਚ ਬਕਾਇਆ ਰਿਪੋਰਟਾਂ, ਮੇਰਾ ਘਰ ਮੇਰੇ ਨਾਮ ਯੋਜਨਾ ਸਮੇਤ ਹੋਰ ਕਾਰਜਾਂ ਬਾਰੇ ਵਿਸਥਾਰ ਨਾਲ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਬਕਾਇਆ ਕੇਸਾਂ ਦੇ ਨਿਪਟਾਰੇ ਦਿਸ਼ਾ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਏ.ਡੀ.ਸੀ ਅਮਿਤ ਬੈਂਬੀ, ਏ.ਡੀ.ਸੀ (ਵਿਕਾਸ) ਸੁਖਚੈਨ ਸਿੰਘ ਪਾਪੜਾ, ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ ਸੁਨਾਮ ਪ੍ਰਮੋਦ ਸਿੰਗਲਾ, ਐਸ.ਡੀ.ਐਮ ਦਿੜਬਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਲਹਿਰਾ ਸੂਬਾ ਸਿੰਘ, ਐਸ.ਡੀ.ਐਮ ਭਵਾਨੀਗੜ੍ਹ ਰਵਿੰਦਰ ਬਾਂਸਲ, ਐਸਡੀਐਮ ਧੂਰੀ ਵਿਕਾਸ ਹੀਰਾ, ਜ਼ਿਲ੍ਹਾ ਮਾਲ ਅਫਸਰ ਗੁਰਲੀਨ ਕੌਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements