View Details << Back

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ‘ਚ ‘ਪਹਿਲ ਮਾਰਟ’ ਦਾ ਉਦਘਾਟਨ
‘ਪਹਿਲ ਪ੍ਰੋਜੈਕਟ’ ਮਹਿਲਾ ਸਸ਼ਤੀਕਰਨ ਦੀ ਵੱਖਰੀ ਮਿਸਾਲ : ਵਿਧਾਇਕ ਬੀਬਾ ਭਰਾਜ

ਸੰਗਰੂਰ (ਯੁਵਰਾਜ ਹਸਨ) ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਪਹਿਲ ਮਾਰਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਇਹ ਪਹਿਲ ਮਾਰਟ ਜ਼ਿਲ੍ਹੇ ਵਿੱਚ ਕਾਰਜਸ਼ੀਲ ਸੈਲਫ਼ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਆਰਗੈਨਿਕ ਅਤੇ ਸ਼ੁੱਧ ਉਤਪਾਦਾਂ ਦੀ ਵਿਕਰੀ ਲਈ ਇੱਕ ਵਧੀਆ ਪਲੇਟਫਾਰਮ ਮੁਹੱਈਆ ਕਰਵਾਉਣ ਲਈ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਹਿਲਾ ਸਸ਼ਤੀਕਰਨ ਦੇ ਖੇਤਰ ਵਿੱਚ ਨਿੱਤ ਨਵੀਂਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ ਅਤੇ ਇਹ ਪਹਿਲ ਮਾਰਟ ਵੀ ਮਹਿਲਾਵਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦਾਂ ਦੀ ਵਿਕਰੀ ਵਧਾਉਣ ਅਤੇ ਉਨ੍ਹਾਂ ਨੂੰ ਹੋਰ ਲਗਨ ਨਾਲ ਉਤਪਾਦ ਤਿਆਰ ਕਰਨ ਵਿੱਚ ਮਦਦ ਕਰੇਗਾ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਇਸ ਪਹਿਲ ਮਾਰਟ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਇੱਥੇ ਮਿਲਣ ਵਾਲਾ ਹਰ ਉਤਪਾਦ ਪੇਂਡੂ ਉੱਦਮੀ ਮਹਿਲਾਵਾਂ ਵੱਲੋਂ ਖੁਦ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨਾਲ ਸੰਬੰਧਿਤ ਸਾਰੀ ਜ਼ਿੰਮੇਵਾਰੀ ਉਹ ਖੁਦ ਹੀ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਕਿ ਇੱਥੇ ਵਰਤੇ ਜਾਣ ਵਾਲੇ ਜੂਟ ਦੇ ਥੈਲਿਆਂ ਤੋਂ ਲੈ ਕੇ ਹਿਸਾਬ-ਕਿਤਾਬ ਵਾਲੇ ਰਜਿਸਟਰ ਵੀ ਇਨ੍ਹਾਂ ਵੱਲੋਂ ਆਪਣੇ ਹੱਥੀਂ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲ ਪ੍ਰੋਜੈਕਟ ਮਹਿਲਾ ਸਸ਼ਤੀਕਰਨ ਦੀ ਵੱਖਰੀ ਮਿਸਾਲ ਹੈ ਅਤੇ ਇਸਨੂੰ ਸੰਗਰੂਰ ਹਲਕੇ ਖਾਸਕਰ ਭਵਾਨੀਗੜ੍ਹ ਇਲਾਕੇ ਵਿੱਚ ਹੋਰ ਮਜ਼ਬੂਤ ਕਰਨ ਲਈ ਉਹ ਖੁਦ ਤਨਦੇਹੀ ਨਾਲ ਉਪਰਾਲੇ ਕਰਨਗੇ।ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਲਫ਼ ਹੈਲਪ ਗਰੁੱਪਾਂ ਵਿੱਚ ਕੰਮ ਕਰਦੀਆਂ ਮਹਿਲਾਵਾਂ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦਾਂ ਦੀ ਮਾਰਕੀਟਿੰਗ ਲਈ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਉਤਪਾਦਾਂ ਦੀ ਵਿਕਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਪਹਿਲ ਮੰਡੀਆਂ ਲਗਾਉਣ ਦੀ ਵਿਵਸਥਾ ਕੀਤੀ ਗਈ ਸੀ ਅਤੇ ਹੁਣ ਇੱਕ ਚੰਗੀ ਦੁਕਾਨ ਵਰਗਾ ਇਹ ਮਾਰਟ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਰਗੈਨਿਕ ਅਤੇ ਸ਼ੁੱਧ ਉਤਪਾਦਾਂ ਨੂੰ ਹੋਰ ਉਤਸਾਹਿਤ ਕਰਨ ਲਈ ਇਨ੍ਹਾਂ ਬਾਰੇ ਸਾਰੀ ਜਾਣਕਾਰੀ ਹੁਣ ਸਰਕਾਰੀ ਵਿਭਾਗਾਂ ਅਤੇ ਅਦਾਰਿਆਂ ਵਿੱਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਵੀ ਸਾਂਝੀ ਕੀਤੀ ਜਾਵੇਗੀ ਤਾਂ ਜੋ ਉਹ ਵੀ ਸ਼ੁੱਧ ਉਤਪਾਦ ਖਰੀਦ ਕੇ ਇਨ੍ਹਾਂ ਸੈਲਫ ਹੈਲਪ ਗਰੁੱਪਾਂ ਨੂੰ ਹੱਲਾਸ਼ੇਰੀ ਦੇ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ ਪਾਪੜਾ, ਰਾਜਿੰਦਰ ਕੁਮਾਰ ਅਤੇ ਸੈਲਫ ਹੈਲਪ ਗਰੁੱਪਾਂ ਦੀਆਂ ਮੈਂਬਰ ਮਹਿਲਾਵਾਂ ਮੌਜੂਦ ਸਨ।


   
  
  ਮਨੋਰੰਜਨ


  LATEST UPDATES











  Advertisements