View Details << Back

ਗੰਦੇ ਪਾਣੀ ਦੀ ਨਿਕਾਸੀ ਲਈ ਕਾਕੜਾ ਚ ਪਾਇਪ ਲਾਇਨ ਤੇ ਪੁੱਟਿਆ ਜਾਵੇਗਾ ਨਵਾ ਟੋਭਾ : ਭਰਾਜ
ਪ੍ਰੋਜੈਕਟ ’ਤੇ ਖਰਚੇ ਜਾ ਰਹੇ ਨੇ ਕਰੀਬ 21 ਲੱਖ ਰੁਪਏ : ਹਲਕਾ ਵਿਧਾਇਕ

ਭਵਾਨੀਗੜ੍ਹ, 13 ਜੂਨ (ਗੁਰਵਿੰਦਰ ਸਿੰਘ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਕੇ ਉਨ੍ਹਾਂ ਨੂੰ ਸੁਖਾਵਾਂ ਮਾਹੌਲ ਦੇਣ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਤਹਿਤ ਲੰਮੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਦੀ ਮੁਸ਼ਕਲ ਨਾਲ ਜੂਝ ਰਹੇ ਪਿੰਡ ਕਾਕੜਾ ਵਾਸੀਆਂ ਦੀ ਮੁਸ਼ਕਲ ਦਾ ਹੱਲ ਕਰਨ ਹਿਤ ਪਿੰਡ ਵਿਖੇ ਕਰੀਬ 21 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪਾਈ ਜਾ ਰਹੀ ਹੈ ਤੇ ਨਾਲ ਹੀ ਨਵੇਂ ਟੋਭੇ ਦੀ ਪੁਟਾਈ ਕਰਵਾਈ ਜਾਵੇਗੀ। ਇਹ ਜਾਣਕਾਰੀ ਹਲਕਾ ਵਿਧਾਇਕ, ਸੰਗਰੂਰ, ਸ਼੍ਰੀਮਤੀ ਨਰਿੰਦਰ ਕੌਰ ਭਰਾਜ ਨੇ ਪਿੰਡ ਕਾਕੜਾ ਵਿਖੇ ਉਪਰੋਕਤ ਪ੍ਰੋਜੈਕਟ ਦਾ ਜਾਇਜ਼ਾ ਲੈਣ ਮੌਕੇ ਸਾਂਝੀ ਕੀਤੀ।ਇਸ ਮੌਕੇ ਸ਼੍ਰੀਮਤੀ ਭਰਾਜ ਨੇ ਦੱਸਿਆ ਕਿ ਸੀਚੇਵਾਲ ਮਾਡਲ ਪ੍ਰੋਜੈਕਟ ਤਹਿਤ ਸਾਫ਼ ਹੋਣ ਵਾਲਾ ਪਾਣੀ ਪਾਈਪਲਾਈਨ ਰਾਹੀਂ ਨਵੇਂ ਟੋਭੇ ਤਕ ਪੁੱਜਦਾ ਕੀਤਾ ਜਾਵੇਗਾ ਤੇ ਇਸ ਪ੍ਰੋਜੈਕਟ ਦੇ ਅਗਲੇ ਪੜਾਅ ਤਹਿਤ ਉੱਥੇ ਸੋਲਰ ਮੋਟਰ ਲਾ ਕੇ ਉਹ ਪਾਣੀ ਖੇਤਾਂ ਵਿੱਚ ਸਿੰਜਾਈ ਲਈ ਵਰਤਿਆ ਜਾਵੇਗਾ, ਜਿਸ ਨਾਲ ਖੇਤੀ ਲਈ ਵਰਤੇ ਜਾਣ ਵਾਲੇ ਧਰਤੀ ਹੇਠਲੇ ਪਾਣੀ ਉੱਤੇ ਨਿਰਭਰਤਾ ਘਟੇਗੀ। ਇਹ ਪ੍ਰੋਜੈਕਟ ਪੂਰਾ ਹੋਣ ਨਾਲ ਪਿੰਡ ਵਾਸੀਆਂ ਦੀ ਚਿਰਕੋਣੀ ਮੰਗ ਪੂਰੀ ਹੋਵੇਗੀ। ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਪਿੰਡਾਂ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਪਿੰਡਾਂ ਵਿੱਚ ਖੇਡ ਸਟੇਡੀਅਮ, ਕਮਿਊਨਿਟੀ ਹਾਲ, ਲਾਇਬਰੇਰੀਆਂ, ਸਟਰੀਟ ਲਾਈਟਾਂ, ਗਲੀਆਂ, ਸਮੇਤ ਵੱਖ-ਵੱਖ ਸਹੂਲਤਾਂ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਦੇਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਹੀ ਵਿਕਾਸ ਕਾਰਜ ਇਸ ਦੂਰਅੰਦੇਸ਼ੀ ਨਾਲ ਕਰਵਾਏ ਜਾ ਰਹੇ ਹਨ ਕਿ ਛੇਤੀ ਕਿਤੇ ਇਨ੍ਹਾਂ ਵਿੱਚ ਕੋਈ ਤਬਦੀਲੀ ਨਾ ਕਰਨੀ ਪਵੇ ਅਤੇ ਲੰਮੇ ਸਮੇਂ ਤਕ ਲੋਕ ਇਨ੍ਹਾਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਂਦੇ ਰਹਿਣ। ਉਨ੍ਹਾਂ ਕਿਹਾ ਕਿ ਸੰਗਰੂਰ ਨੂੰ ਸੂਬੇ ਦਾ ਅੱਵਲ ਦਰਜੇ ਦਾ ਹਲਕਾ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਹਲਕਾ ਵਿਧਇਕ ਨੇ ਇਸ ਮੌਕੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਪ੍ਰੋਜੈਕਟ ਪੂਰਨ ਪਾਰਦਰਸ਼ੀ ਢੰਗ ਨਾਲ ਤੈਅ ਸਮੇਂ ਵਿੱਚ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ ਇਸ ਮੌਕੇ ਪੰਚਾਇਤ ਸਕੱਤਰ ਬਲਜੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਿੰਡ ਦੇ ਪੰਚ-ਸਰਪੰਚ, ਪਤਵੰਤੇ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements