View Details << Back

ਬਸੰਤ ਵਾਲੇ ਦਿਨ ਸ਼ਹੀਦ ਹੋਣ ਵਾਲਾ ਸੂਰਮਾ, ਵੀਰ ਹਕੀਕਤ ਰਾਏ

ਵੀਰ ਹਕੀਕਤ ਰਾਏ ਉਹ ਬਹਾਦਰ ਨੌਜਵਾਨ ਸੀ ਜਿਸ ਨੂੰ ਬਾਲ ਉਮਰੇ ਮੁਗਲ ਰਾਜ ਸਮੇਂ ਧਰਮ ਨਾ ਬਦਲਣ ਕਾਰਨ ਬਸੰਤ ਪੰਚਮੀ ਵਾਲੇ ਦਿਨ ਸ਼ਹੀਦ ਕੀਤਾ ਗਿਆ। ਵੀਰ ਹਕੀਕਤ ਰਾਏ ਦਾ ਜਨਮ 1724 ਈਸਵੀ ਨੂੰ ਸਿਆਲਕੋਟ ਵਿਖੇ ਇੱਕ ਖੱਤਰੀ ਪੁਰੀ ਪਰਿਵਾਰ ਵਿੱਚ ਹੋਇਆ। ਉਸ ਦੀ ਦੇ ਪਿਤਾ ਦਾ ਨਾਮ ਭਾਗ ਮੱਲ ਅਤੇ ਮਾਤਾ ਦਾ ਨਾਮ ਗੌਰਾਂ ਸੀ। ਛੋਟੀ ਉਮਰ ਵਿੱਚ ਹੀ ਉਸ ਦਾ ਵਿਆਹ ਇੱਕ ਸਿੱਖ ਪਰਿਵਾਰ ਵਿੱਚ ਪਿੰਡ ਵਡਾਲੇ ਦੇ ਕਿਸ਼ਨ ਸਿੰਘ ਦੀ ਬੇਟੀ ਦੁਰਗੀ ਨਾਲ ਹੋ ਗਿਆ। ਵੀਰ ਹਕੀਕਤ ਰਾਏ ਆਪਣੇ ਮਾਪਿਆਂ ਦੀ ਇੱਕੋ ਇੱਕ ਔਲਾਦ ਸੀ। ਹਕੀਕਤ ਰਾਏ ਦੇ ਨਾਨਕੇ ਵੀ ਸਿੱਖ ਸਨ। ਉਸ ਦੀ ਮਾਤਾ ਬਚਪਨ ਤੋਂ ਹੀ ਉਸ ਨੂੰ ਗੁਰੂ ਸਾਹਿਬਾਨਾਂ ਅਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦੀਆਂ ਸਾਖੀਆਂ ਸੁਣਾਉਂਦੀ ਰਹਿੰਦੀ ਸੀ। ਇਸ ਲਈ ਉਸ ਦੇ ਦਿਲ ‘ਤੇ ਇਹਨਾਂ ਗੱਲਾਂ ਦਾ ਬਹੁਤ ਗਹਿਰਾ ਅਸਰ ਸੀ। ਉਹਨਾਂ ਸਮਿਆਂ ਦੀ ਰੀਤ ਅਨੁਸਾਰ ਹਕੀਕਤ ਰਾਏ ਵੀ ਮਸੀਤ ਵਿੱਚ ਮੌਲਵੀ ਕੋਲ ਅਰਬੀ-ਫਾਰਸੀ ਪੜ੍ਹਨ ਲਈ ਜਾਂਦਾ ਸੀ। ਉਸ ਨਾਲ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਬਹੁਗਿਣਤੀ ਮੁਸਲਮਾਨ ਸੀ। ਉਹ ਹਕੀਕਤ ਰਾਏ ਨੂੰ ਤਰਾਂ ਤਰਾਂ ਨਾਲ ਛੇੜਦੇ ਅਤੇ ਤੰਗ ਕਰਦੇ ਰਹਿੰਦੇ ਸਨ। ਪਰ ਹਕੀਕਤ ਰਾਏ ਚੁੱਪ ਕਰ ਕੇ ਸਭ ਕੁਝ ਬਰਦਾਸ਼ਤ ਕਰ ਜਾਂਦਾ ਸੀ। ਇੱਕ ਦਿਨ ਲੜਕਿਆਂ ਨੇ ਹੱਦ ਮੁਕਾ ਦਿੱਤੀ। ਉਹਨਾਂ ਨੇ ਬਿਨਾਂ ਕਿਸੇ ਕਾਰਨ ਉਸ ਦੇ ਮੂੰਹ ਉੱਪਰ ਹਿੰਦੂ ਦੇਵੀ ਦੇਵਤਿਆਂ ਨੂੰ ਗੰਦੀਆਂ ਗਾਲ੍ਹਾਂ ਦੇ ਦਿੱਤੀਆਂ। ਇਹ ਗੱਲ ਹਕੀਕਤ ਰਾਏ ਬਰਦਾਸ਼ਤ ਨਾ ਕਰ ਸਕਿਆ। ਉਸ ਨੇ ਗੁੱਸੇ ਵਿੱਚ ਆ ਕੇ ਉਹੋ ਗਾਲ੍ਹਾਂ ਇਸਲਾਮੀ ਰਹਿਬਰਾਂ ਨੂੰ ਕੱਢ ਦਿੱਤੀਆਂ। ਵਿਦਿਆਰਥੀਆਂ ਨੇ ਮੌਲਵੀ ਕੋਲ ਸ਼ਿਕਾਇਤ ਕਰ ਦਿੱਤੀ। ਰਹਿਮਤਉੱਲਾ ਮੌਲਵੀ ਨੇ ਪਹਿਲਾਂ ਖੁਦ ਹਕੀਕਤ ਰਾਏ ਨਾਲ ਮਾਰ ਕੁੱਟ ਕੀਤੀ ਅਤੇ ਫਿਰ ਇਹ ਗੱਲ ਮਿਰਚ ਮਸਾਲਾ ਲਗਾ ਕੇ ਸ਼ਹਿਰ ਦੇ ਹਾਕਮ ਅਮੀਰ ਬੇਗ ਦੇ ਕੰਨੀ ਪਾ ਦਿੱਤੀ। ਅਮੀਰ ਬੇਗ ਨੇ ਹਕੀਕਤ ਰਾਏ ਨੂੰ ਗਿ੍ਰਫਤਾਰ ਕਰ ਲਿਆ। ਉਸ ਨੇ ਵੀ ਹਕੀਕਤ ਰਾਏ ‘ਤੇ ਬਹੁਤ ਜ਼ੁਲਮ ਢਾਏ। ਜਦੋਂ ਹਕੀਕਤ ਰਾਏ ਨੇ ਈਨ ਨਾ ਮੰਨੀ ਤਾਂ ਸ਼ਹਿਰ ਦੇ ਕਾਜ਼ੀ ਜ਼ਾਲਮ ਖਾਨ ਨੇ ਹਕੀਕਤ ਰਾਏ ਦੇ ਵਿਰੁੱਧ ਫਤਵਾ ਦੇ ਦਿੱਤਾ। ਉਸ ‘ਤੇ ਇਸਲਾਮ ਦੀ ਨਿੰਦਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਅਤੇ ਮੌਤ ਜਾਂ ਇਸਲਾਮ ਵਿੱਚੋਂ ਇੱਕ ਚੁਣਨ ਲਈ ਕਿਹਾ ਗਿਆ। ਜਦੋਂ ਉਸ ਨੇ ਆਪਣਾ ਧਰਮ ਛੱਡਣ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਅਮੀਰ ਬੇਗ ਨੇ ਉਸ ਨੂੰ ਜ਼ੰਜ਼ੀਰਾਂ ਨਾਲ ਜਕੜ ਕੇ ਲਾਹੌਰ ਜ਼ਕਰੀਆ ਖਾਨ ਸੂਬੇਦਾਰ ਦੇ ਸਾਹਮਣੇ ਪੇਸ਼ ਕਰ ਦਿੱਤਾ। ਲਾਹੌਰ ਵਿਚ ਉਸ ‘ਤੇ ਧਰਮ ਬਦਲਣ ਲਈ ਦਬਾਅ ਪਾਉਣ ਲਈ ਕਈ ਪ੍ਰਕਾਰ ਦੇ ਤਸੀਹੇ ਦਿੱਤੇ ਗਏ। ਉਸ ਨੂੰ ਉਲਟਾ ਟੰਗ ਕੇ ਕੋੜਿਆਂ ਨਾਲ ਉਦੋਂ ਤੱਕ ਕੁੱਟਿਆ ਜਾਂਦਾ ਜਦ ਤੱਕ ਉਹ ਬੇਹੋਸ਼ ਨਾ ਹੋ ਜਾਂਦਾ। ਪਰ ਕਈ ਦਿਨ ਤਸ਼ੱਦਦ ਸਹਿਣ ਤੋਂ ਬਾਅਦ ਵੀ ਜਦੋਂ ਉਹ ਧਰਮੀ ਬੱਚਾ ਨਾ ਮੰਨਿਆਂ ਤਾਂ ਸੰਨ 1734 ਨੂੰ ਸਿਰਫ 11 ਸਾਲ ਦੀ ਉਮਰ ਵਿੱਚ ਬਸੰਤ ਪੰਚਮੀ ਵਾਲੇ ਦਿਨ ਉਸ ਨੂੰ ਸੀਸ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਹਕੀਕਤ ਰਾਏ ਦਾ ਸਹੁਰਾ ਕਿਸ਼ਨ ਸਿੰਘ, ਮੱਲ ਸਿੰਘ ਅਤੇ ਦਲ ਸਿੰਘ ਤਿੰਨ ਭਰਾ ਸਨ। ਉਹਨਾਂ ਦਾ ਦਲ ਖਾਲਸਾ ਨਾਲ ਬਹੁਤ ਨਿੱਘਾ ਮੇਲ ਜੋਲ ਸੀ। ਹਕੀਕਤ ਰਾਏ ਦੀ ਸ਼ਹੀਦੀ ਤੋਂ ਬਾਅਦ ਕਿਸ਼ਨ ਸਿੰਘ ਨੇ ਬਾਸਰਕੇ ਪਹੁੰਚ ਕੇ ਨਵਾਬ ਕਪੂਰ ਸਿੰਘ ਕੋਲ ਫਰਿਆਦ ਕੀਤੀ ਤੇ ਆਪਣੀ ਧੀ ਲਈ ਇਨਸਾਫ ਦੀ ਮੰਗ ਕੀਤੀ। ਕੁਝ ਹੀ ਦਿਨਾਂ ਬਾਅਦ ਦਲ ਖਾਲਸਾ ਸਿਆਲਕੋਟ ‘ਤੇ ਚੜ੍ਹ ਆਇਆ। ਸ਼ਹਿਰ ਦੇ ਖਾਸ ਖਾਸ ਅਮੀਰਾਂ ਅਤੇ ਹਾਕਮਾਂ ਦੇ ਘਰ ਲੁੱਟ ਕੇ ਫੂਕ ਦਿੱਤੇ ਗਏ। ਰਹਿਮਤਉੱਲਾ ਮੌਲਵੀ, ਸ਼ਹਿਰ ਦਾ ਹਾਕਮ ਅਮੀਰ ਬੇਗ ਅਤੇ ਫਤਵਾ ਦੇਣ ਵਾਲਾ ਕਾਜ਼ੀ ਜ਼ਾਲਮ ਖਾਨ ਮਾਰ ਦਿੱਤੇ ਗਏ।
ਕਿਸ਼ਨ ਸਿੰਘ ਅਤੇ ਦਲ ਸਿੰਘ ਨੇ ਵੀਰ ਹਕੀਕਤ ਰਾਏ ਦੇ ਕਾਤਲਾਂ ਦੇ ਸਿਰ ਉਸ ਦੀ ਮਾਤਾ ਗੌਰਾਂ ਦੇ ਸਾਹਮਣੇ ਜਾ ਰੱਖੇ (ਪੰਥ ਪ੍ਰਕਾਸ਼ ਪੰਨਾ 642)। 1947 ਤੋਂ ਪਹਿਲਾਂ ਲਾਹੌਰ ਦੇ ਹਿੰਦੂ-ਸਿੱਖ ਬਸੰਤ ਪੰਚਮੀ ਵਾਲੇ ਦਿਨ ਵੀਰ ਹਕੀਕਤ ਰਾਏ ਦੀ ਸਮਾਧੀ ‘ਤੇ ਇਕੱਠੇ ਹੋ ਕੇ ਸ਼ਰਧਾਂਜਲੀ ਭੇਂਟ ਕਰਦੇ ਹੁੰਦੇ ਸਨ। ਉਸ ਦੀ ਇੱਕ ਸਮਾਧੀ ਸਿਆਲਕੋਟ ਅਤੇ ਇੱਕ ਯਾਦਗਰੀ ਅਸਥਾਨ ਬਟਾਲਾ ਵਿਖੇ ਵੀ ਬਣਿਆ ਹੋਇਆ ਹੈ। 2004 ਵਿੱਚ ਮਸ਼ਹੂਰ ਪਾਕਿਸਤਾਨੀ ਅਖਬਾਰ ਨਵਾਏ ਵਕਤ ਨੇ ਇਹ ਕਹਿ ਕੇ ਲਾਹੌਰ ਬਸੰਤ ਪੰਚਮੀ ਵਾਲੇ ਦਿਨ ਪਤੰਗਾਂ ਉਡਾਉਣ ਅਤੇ ਜਸ਼ਨ ਮਨਾਉਣ ਦਾ ਵਿਰੋਧ ਕੀਤਾ ਸੀ ਕਿ ਇਹ ਇਸਲਾਮ ਦੀ ਨਿੰਦਾ ਕਰਨ ਵਾਲੇ ਵੀਰ ਹਕੀਕਤ ਰਾਏ ਨੂੰ ਸ਼ਰਧਾਂਜਲੀ ਦੇਣ ਦੇ ਸਮਾਨ ਹੈ।


   
  
  ਮਨੋਰੰਜਨ


  LATEST UPDATES











  Advertisements