View Details << Back

ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਪਿੰਡ ਸਕਰੋਦੀ ਦੇ ਨੌਜਵਾਨਾਂ ਦੀ ਨਵੇਕਲੀ ਪਹਿਲ
ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਕਿਸਾਨ ਭਰਾਵਾਂ ਤੋਂ ਸਹਿਯੋਗ ਦੀ ਕੀਤੀ ਮੰਗ

ਭਵਾਨੀਗੜ 22 ਮਈ (ਗੁਰਵਿੰਦਰ ਸਿੰਘ) ਪਾਣੀ ਦੇ ਡਿੱਗ ਰਹੇ ਪੱਧਰ ਤੇ ਜਿਥੇ ਸਮਾਜਸੇਵੀ ਜਥੇਬੰਦੀਆਂ ਚਿੰਤਾ ਵਿਚ ਹਨ ਓਥੇ ਹੀ ਕੁਦਰਤੀ ਬਹੁਮੁੱਲੀ ਦਾਤ ਨੂੰ ਬਚਾਉਣ ਲਈ ਭਵਾਨੀਗੜ ਬਲਾਕ ਦੇ ਪਿੰਡ ਸਕਰੌਦੀ ਦੀ ਪੰਚਾਇਤ ਤੇ ਪਿੰਡ ਵਾਸੀਆਂ ਇਕ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ । ਪਾਣੀ ਨੂੰ ਬਚਾਉੰਣ ਦਾ ਬੀੜਾ ਚੁੱਕਣ ਵਾਲੇ ਜਾਗਰੂਕ ਲੋਕਾਂ ਨੇ ਡਰ ਮਹਿਸੂਸ ਕਰਦਿਆਂ ਕਿਹਾ ਕਿ ਜੇਕਰ ਅਸੀਂ ਹਾਲੇ ਵੀ ਇਸੇ ਤਰ੍ਹਾਂ ਹੀ ਪਾਣੀ ਦੀ ਦੁਰਵਰਤੋਂ ਕਰਦੇ ਰਹੇ ਤਾਂ ਇਕ ਦਿਨ ਪੰਜਾਬ ਵਿੱਚੋਂ ਪੀਣ ਵਾਲਾ ਪਾਣੀ ਖ਼ਤਮ ਹੋ ਜਾਵੇਗਾ ਤੇ ਸੂਬਾ ਰੇਗਿਸਤਾਨ ਬਣ ਜਾਵੇਗਾ।ਪਿੰਡ ਦੀ ਸਰਪੰਚ ਦਲਜੀਤ ਕੌਰ ਦੇ ਪਤੀ ਜੀਵਨ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਅਤੇ ਨੌਜਵਾਨਾਂ ਨੇ ਇਹ ਪਹਿਲ ਕੀਤੀ ਹੈ ਕਿ ਉਹ ਇਲਾਕੇ ਦੇ ਪਿੰਡਾਂ ਵਿੱਚ ਘਰ ਘਰ ਜਾ ਕੇ ਕਿਸਾਨਾਂ ਨੂੰ ਖਾਲੀ ਪਏ ਖੇਤਾਂ ਵਿੱਚ ਪਾਣੀ ਛੱਡਣ ਦੀ ਬਜਾਏ ਪਾਣੀ ਤੋਂ ਬਿਨਾਂ ਹੀ ਵਹਾਈ ਕਰਨ ਦੀ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਫ਼ਸਲਾਂ ਪਾਲਣ ਵਾਸਤੇ ਤਾਂ ਕਿਸਾਨਾਂ ਨੂੰ ਪਾਣੀ ਦੀ ਵਰਤੋਂ ਕਰਨਾ ਇੱਕ ਮਜਬੂਰੀ ਬਣੀ ਹੋਈ ਹੈ ਪਰ ਖਾਲੀ ਖੇਤਾਂ ਵਿੱਚ ਅੱਤ ਦੀ ਗਰਮੀ ਵਿੱਚ ਮੋਟਰਾਂ ਚਲਾਈ ਰੱਖਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਖਤਰੇ ਦੀ ਘੰਟੀ ਹੈ, ਕਿਉਂਕਿ ਪਾਣੀ ਦੇ ਪੱਧਰ ਦਾ ਦਿਨੋੰ ਦਿਨ ਨੀਚੇ ਡਿੱਗਣ ਕਾਰਨ ਸੰਗਰੂਰ ਜਿਲਾ ਪਹਿਲਾ ਹੀ ਡਾਰਕ ਜੋਨ ਵਿੱਚ ਆ ਚੁੱਕਿਆ ਹੈ।ਉਨ੍ਹਾਂ ਕਿਹਾ ਕਿ ਅੱਜ ਕਿਸਾਨ ਵਰਗ ਸਮੇਤ ਹਰ ਇੱਕ ਮਨੁੱਖ ਨੂੰ ਪਾਣੀ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਦੇ ਹੋਏ ਭਵਿੱਖ ਲਈ ਸੁਚੇਤ ਹੋਣ ਦੀ ਅਤਿ ਜਰੂਰਤ ਹੈ, ਤਾਂ ਜੋ ਸਾਡੇ ਬੱਚੇ ਆਉਣ ਵਾਲੇ ਸਮੇਂ ਵਿੱਚ ਸਾਡੇ ਵੱਲੋਂ ਵਰਤੀ ਗਈ ਅਣਗਹਿਲੀ ਕਾਰਨ ਤਿਆਹੇ ਨਾ ਰਹਿ ਜਾਣ। ਉਨ੍ਹਾਂ ਕਿਹਾ ਕਿ ਪਾਣੀ ਬਚਾਉਣ ਦੀ ਮੁਹਿੰਮ ਨੂੰ ਉੱਹ ਪੰਜਾਬ ਪੱਧਰ ਤੱਕ ਲਿਜਾਣ ਤੇ ਕਾਮਯਾਬ ਬਣਾਉੰਣ ਲਈ ਸਰਕਾਰ ਦਾ ਸਹਿਯੋਗ ਚਾਹੁੰਦੇ ਹਨ।ਇਸ ਮੌਕੇ ਉਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ।ਇਸ ਮੌਕੇ ਸਤਵਿੰਦਰ ਸਿੰਘ ਪੰਚ, ਗਗਨ ਸਿੰਘ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ, ਲਾਲਵਿੰਦਰ ਸਿੰਘ ਲਾਲੀ, ਰਾਜਵਿੰਦਰ ਸਿੰਘ, ਦਲਵੀਰ ਸਿੰਘ ਸਮੇਤ ਪਿੰਡ ਵਾਸੀ ਮੌਜੂਦ ਸਨ । ਇਸ ਸਬੰਧੀ ਜਦੋ ਡਾ.ਕੁਲਦੀਪ ਸਿੰਘ ਢਿੱਲੋਂ, ਬਲਾਕ ਖੇਤੀਬਾੜੀ ਅਫ਼ਸਰ ਭਵਾਨੀਗੜ ਨਾਲ ਗੱਲਬਾਤ ਕੀਤੀ ਤਾ ਓਹਨਾ ਕਿਹਾ ਕਿ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ, ਹੁਣ ਵੀ ਜੇਕਰ ਸਮੇਂ ਰਹਿੰਦਿਆਂ ਪਾਣੀ ਦੀ ਦੁਰਵਰਤੋ ਨੂੰ ਨਹੀਂ ਰੋਕਿਆ ਗਿਆ ਤਾਂ ਸਾਨੂੰ ਭਵਿਖ ਵਿੱਚ ਪਛਤਾਉੰਣਾ ਪਵੇਗਾ। ਪਿੰਡ ਸਕਰੌਦੀ ਵਾਸੀਆਂ ਵੱਲੋਂ ਪਾਣੀ ਨੂੰ ਬਚਾਉੰਣ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਵਿੱਢੀ ਮੁਹਿੰਮ ਦੀ ਉਹ ਸ਼ਲਾਘਾ ਕਰਦੇ ਹਨ।
ਮੁਹਿੰਮ ਦੀ ਸ਼ੁਰੂਆਤ ਕਰਦੇ ਪਿੰਡ ਵਾਸੀ


   
  
  ਮਨੋਰੰਜਨ


  LATEST UPDATES











  Advertisements