View Details << Back

ਕੀ ਅਗਲੇ ਸਾਲ ਹੋਣ ਵਾਲੀ ਨਗਰ ਨਿਗਮ ਚੋਣ ਤੇ ਪਏਗਾ ਲੋਕ ਸਭਾ ਚੋਣਾਂ ਦੇ ਨਤੀਜੇ ਦਾ ਪਰਛਾਵਾਂ ?

ਐਸ ਏ ਐਸ ਨਗਰ, 27 ਮਈ (ਗੁਰਵਿੰਦਰ ਸਿੰਘ ਮੋਹਾਲੀ) ਲੋਕਸਭਾ ਚੋਣਾਂ ਦੌਰਾਨ ਹਲਕਾ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਐਸ ਏ ਐਸ ਨਗਰ ਹਲਕੇ ਵਿੱਚ ਅਕਾਲੀ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਮੁਕਾਬਲੇ 12 ਹਜਾਰ ਵੋਟਾਂ ਦੀ ਲੀਡ ਹਾਸਿਲ ਹੋਣ ਤੋਂ ਬਾਅਦ ਸਥਾਨਕ ਕਾਂਗਰਸੀ ਆਗੂ ਉਤਸ਼ਾਹ ਵਿੱਚ ਹਨ ਅਤੇ ਉਹਨਾਂ ਦਾ ਦਾਅਵਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਸਪਸ਼ਟ ਬਹੁਮਤ ਮਿਲੇਗਾ| ਨਗਰ ਨਿਗਮ ਦੀ ਚੋਣ ਅਗਲੇ ਸਾਲ ਹੋਣੀ ਹੈ ਅਤੇ ਜਾਹਿਰ ਤੌਰ ਤੇ ਨਿਗਮ ਚੋਣਾਂ ਤੇ ਲੋਕਸਭਾ ਚੋਣਾ ਦੇ ਨਤੀਜਿਆਂ ਦਾ ਗਹਿਰਾ ਅਸਰ ਨਜਰ ਆਉਣਾ ਹੈ| ਇਸ ਸੰਬੰਧੀ ਸ਼ਹਿਰ ਵਿੱਚ ਵੱਖ ਵੱਖ ਪਾਰਟੀਆਂ ਦੇ ਆਗੂਆਂ ਵਿੱਚ ਚਰਚਾ ਵੀ ਸ਼ੁਰੂ ਹੋ ਗਈ ਹੈ| ਹਾਲਾਂਕਿ ਇਸ ਦੌਰਾਨ ਇਹ ਚਰਚਾ ਵੀ ਹੋ ਰਹੀ ਹੈ ਕਿ ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਨੂੰ 36800 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਜਦੋਂਕਿ ਲੋਕਸਭਾ ਚੋਣਾ ਵਿੱਚ ਇਹ ਫਰਕ ਘੱਟ ਕੇ ਇੱਕ ਤਿਹਾਈ ਹੀ (12000) ਰਹਿ ਗਿਆ ਹੈ| ਜੇਕਰ ਸ਼ਹਿਰ ਦੀਆਂ ਵੋਟਾਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਵਲੋਂ ਕਾਂਗਰਸ ਨੂੰ ਭਰਪੂਰ ਟੱਕਰ ਦਿੱਤੀ ਗਈ ਹੈ ਅਤੇ ਸ਼ਹਿਰ ਵਿੱਚ ਕਾਂਗਰਸੀ ਉਮੀਦਵਾਰ ਨੂੰ ਅਕਾਲੀ ਉਮੀਦਵਾਰ ਤੋਂ ਸਿਰਫ ਚਾਰ ਹਜਾਰ ਵੋਟਾਂ ਹੀ ਵੱਧ ਹਾਸਿਲ ਹੋਈਆਂ ਹਨ ਅਤੇ ਇਸਦਾ ਕਾਂਗਰਸ ਨੂੰ ਨੁਕਸਾਨ ਵੀ ਹੋ ਸਕਦਾ ਹੈ| ਪਿਛਲੀ ਵਾਰ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ 14 ਸੀਟਾਂ ਤੇ ਜਿੱਤ ਹਾਸਿਲ ਹੋਈ ਸੀ ਅਤੇ ਇਸ ਵੇਲੇ ਅਕਾਲੀ ਦਲ ਦੀ ਟਿਕਟ ਤੇ ਚੋਣ ਜਿੱਤੇ ਦੋ ਕੌਂਸਲਰ ਭਰਤ ਭੂਸ਼ਣ ਮੈਣੀ ਅਤੇ ਜਸਪ੍ਰੀਤ ਕੌਰ ਮੋਹਾਲੀ ਰਮਸੀ ਤੌਰ ਤੇ ਕਾਂਗਰਸ ਵਿੱਚ ਸ਼ਾਮਿਲ ਹੋ ਚੁੱਕੇ ਹਨ| ਪਿਛਲੀ ਵਾਰ ਆਜਾਦ ਗਰੁੱਪ ਬਣਾ ਕੇ ਚੋਣ ਲੜਣ ਵਾਲੇ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਬਾਅਦ ਵਿੱਚ ਆਪਣੇ ਸਾਥੀ ਕੌਂਸਲਰਾਂ ਸਮੇਤ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਇਸ ਵੇਲੇ ਨਗਰ ਨਿਗਮ ਵਿੱਚ ਅਕਾਲੀ ਭਾਜਪਾ ਗਠਜੋੜ ਦੇ 34 ਕੌਂਸਲਰ ਹਨ| ਇਸ ਵਾਰ ਕਾਂਗਰਸ ਪਾਰਟੀ ਦਾ ਟੀਚਾ ਨਗਰ ਨਿਗਮ ਵਿੱਚ ਬਹੁਮਤ ਹਾਸਿਲ ਕਰਨ ਦਾ ਹੋਵੇਗਾ ਅਤੇ ਉਸਨੂੰ ਪੰਜਾਬ ਦੀ ਸੱਤਾਧਾਰੀ ਪਾਰਟੀ ਹੋਣ ਦਾ ਲਾਭ ਵੀ ਮਿਲਣਾ ਤੈਅ ਹੈ| ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਭਾਵੇਂ ਪਿਛਲੇ ਤਿੰਨ ਵਾਰ ਤੋਂ ਲਗਾਤਾਰ ਵਿਧਾਇਕ ਬਣਦੇ ਆ ਰਹੇ ਹਨ ਪਰੰਤੂ ਇਸਤੋਂ ਪਹਿਲਾਂ ਸੂਬੇ ਵਿੱਚ 10 ਸਾਲ ਤਕ ਅਕਾਲੀ ਦਲ ਦੀ ਸਰਕਾਰ ਰਹੀ ਹੈ ਅਤੇ ਚੋਣਾ ਸੰਬੰਧੀ ਵਾਰਡਬੰਦੀ ਦਾ ਕੰਮ ਅਕਾਲੀ ਆਗੂਆ ਦੀ ਮਰਜੀ ਅਨੁਸਾਰ ਹੀ ਹੁੰਦਾ ਰਿਹਾ ਹੈ| ਇਹ ਪਹਿਲੀ ਵਾਰ ਹੈ ਕਿ ਨਗਰ ਨਿਗਮ ਦੀ ਵਾਰਡਬੰਦੀ ਦਾ ਕੰਮ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਮਰਜੀ ਅਨੁਸਾਰ ਹੋਣਾ ਹੈ ਅਤੇ ਇਹ ਚਰਚਾ ਜੋਰਾਂ ਤੇ ਹੈ ਕਿ ਇਸ ਦੌਰਾਨ ਅਕਾਲੀ ਦਲ ਦੇ ਕਈ ਕੌਂਸਲਰਾਂ ਦੇ ਵਾਰਡ ਜਾਂ ਤਾਂ ਬੁਰੀ ਤਰ੍ਹਾਂ ਕੱਟ ਵੱਢ ਦਿਤੇ ਜਾਣਗੇ ਜਾਂ ਫਿਰ ਰਾਖਵੇਂਂ ਕਰ ਦਿੱਤੇ ਜਾਣਗੇ ਅਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਹਰ ਹੀਲਾ ਵਰਤਿਆ ਜਾਵੇਗਾ|ਅਕਾਲੀ ਦਲ ਦੇ ਕੌਂਸਲਰ ਗੈਰ ਰਸਮੀ ਗੱਲਬਾਤ ਦੌਰਾਨ ਇਹ ਮੰਨਦੇ ਹਨ ਕਿ ਅਗਲੀ ਵਾਰ ਹੋਣ ਵਾਲੀ ਚੋਣ ਦੌਰਾਨ ਉਹਨਾਂ ਦੀਆਂ ਮੁਸ਼ਕਲਾਂ ਕਾਫੀ ਵੱਧ ਸਕਦੀਆਂ ਹਨ| ਇਕ ਕੌਂਸਲਰ ਅਨੁਸਾਰ ਸਭਤੋਂ ਵੱਧ ਮੁਸ਼ਕਿਲ ਉਹਨਾਂ ਕੌਂਸਲਰਾਂ ਨੂੰ ਪੇਸ਼ ਆਉਣੀ ਹੈ ਜਿਹਨਾਂ ਦੀ ਜਿੱਤ ਦਾ ਫਰਕ ਚੰਦ ਵੋਟਾਂ ਦਾ ਹੀ ਸੀ ਅਤੇ ਹੁਣ ਸੂਬੇ ਦੀ ਸੱਤਾ ਤੋਂ ਬਾਹਰ ਹੋਣ ਕਾਰਨ ਅਜਿਹੇ ਕੌਂਸਲਰਾਂ ਦਾ ਮੁੜ ਜਿੱਤ ਹਾਸਿਲ ਕਰਨਾ ਕਾਫੀ ਔਖਾ ਹੈ| ਇਸਤੋਂ ਇਲਾਵਾ ਅਕਾਲੀ ਭਾਜਪਾ ਗਠਜੋੜ ਦੇ ਮਜਬੂਤ ਉਮੀਦਵਾਰਾਂ ਦੇ ਵਾਰਡਾਂ ਨਾਲ ਭਰਪੂਰ ਛੇੜਛਾੜ ਕੀਤੀ ਜਾਵੇਗੀ ਅਤੇ ਜਿਆਦਾਤਰ ਦੇ ਵਾਰਡਾਂ ਨੂੰ ਰਾਖਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਅਜਿਹੇ ਕੌਂਸਲਰਾਂ ਨੂੰ ਨਵੇਂ ਖੇਤਰ ਵਿੱਚ ਜਾ ਕੇ ਚੋਣ ਲੜਣੀ ਪਵੇ ਅਤੇ ਉਹਨਾਂ ਦੀ ਜਿੱਤ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ|ਹਾਲਾਕਿ ਕਾਂਗਰਸੀ ਕੌਂਸਲਰ ਅਤੇ ਆਗੂ ਇਸ ਸਾਰੇ ਕੁੱਝ ਨੂੰ ਨਕਾਰਦੇ ਹਨ ਅਤੇ ਕਹਿੰਦੇ ਹਨ ਕਿ ਅਜਿਹੀਆਂ ਕਾਰਵਾਈਆਂ ਕਿਉਂਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਵੇਲੇ ਆਮ ਸਨ ਅਤੇ ਅਕਾਲੀ ਸਰਕਾਰ ਵਲੋਂ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਣ ਲਈ ਸਾਮ ਦਾਮ ਦੰਡ ਭੇਦ ਦੇ ਸਾਰੇ ਅਮਲ ਵਰਤੇ ਜਾਂਦੇ ਸਨ ਇਸ ਲਈ ਅਕਾਲੀਆਂ ਨੂੰ ਹੁਣ ਇਹ ਡਰ ਸਤਾ ਰਿਹਾ ਹੈ|ਨਗਰ ਨਿਗਮ ਚੋਣਾ ਵਿੱਚ ਹੁਣੇ ਇੱਕ ਸਾਲ (ਲਗਭਗ) ਦਾ ਸਮਾਂ ਪਿਆ ਹੈ ਪਰੰਤੂ ਇਸ ਸੰਬੰਧੀ ਚਰਚਾ ਹੁਣੇ ਤੋਂ ਹੀ ਜੋਰ ਫੜਦੀ ਦਿਖ ਰਹੀ ਹੈ ਅਤੇ ਜਿਵੇਂ ਜਿਵੇਂ ਨਿਗਮ ਚੋਣਾ ਦਾ ਸਮਾਂ ਨੇੜੇ ਆਉਣਾ ਹੈ ਇਸ ਸੰਬੰਧੀ ਸਰਗਰਮੀਆਂ ਨੇ ਵੀ ਜੋਰ ਫੜ ਲੈਣਾ ਹੈ|



   
  
  ਮਨੋਰੰਜਨ


  LATEST UPDATES











  Advertisements