View Details << Back

ਝੋਨਾ ਲਾਉਣ ਦੀ ਤਰੀਕ ਬਾਰੇ ਕੈਪਟਨ ਅਮਰਿੰਦਰ ਦਾ ਬਿਆਨ ਹਵਾ-ਹਵਾਈ
ਝੋਨੇ ਦੀ ਲਵਾਈ ਦੇ ਮੁੱਦੇ 'ਤੇ ਕਿਸਾਨ ਤੇ ਸਰਕਾਰ ਆਹਮੋ-ਸਾਹਮਣੇ

ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਲੋਕ ਸਭਾ ਚੋਣ ਮੁਹਿੰਮ ਦੌਰਾਨ ਝੋਨੇ ਦੀ ਲਵਾਈ ਦੇ ਸਮੇਂ 'ਚ ਛੋਟ ਦੇਣ ਬਾਰੇ ਦਿੱਤਾ ਗਿਆ ਬਿਆਨ ਚੋਣਾਂ ਤੋਂ ਬਾਅਦ ਹੁਣ ਹਵਾ-ਹਵਾਈ ਹੋ ਚੁੱਕਿਆ ਹੈ। ਜਿਸ ਬਾਰੇ ਰਾਜ ਸਰਕਾਰ ਦੇ ਸਬੰਧਤ ਵਿਭਾਗ ਦਾ ਕੋਈ ਵੀ ਉਚ ਅਧਿਕਾਰੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ। ਜ਼ਿਕਰਯੋਗ ਹੈ ਕਿ ਜ਼ਮੀਨ ਹੇਠਲੇ ਪਾਣੀ ਦੀ ਸਮੱਸਿਆ ਕਾਰਨ ਸਰਕਾਰ ਨੇ ਝੋਨਾ ਲਾਉਣ ਦਾ ਸਮਾਂ 20 ਜੂਨ ਰੱਖਿਆ ਹੈ ਅਤੇ ਇਸ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਹੈ। ਇਸ ਦੇ ਵਿਰੋਧ 'ਚ ਕਿਸਾਨ ਅੰਦੋਲਨ ਦੀ ਤਿਆਰੀ ਕਰ ਰਹੇ ਸਨ ਪਰ ਚੋਣ ਮੁਹਿੰਮ ਦੌਰਾਨ ਮੁੱਖ ਮੰਤਰੀ ਵਲੋਂ ਖੁੱਲ੍ਹੇਆਮ ਐਲਾਨ ਕੀਤਾ ਗਿਆ ਕਿ 20 ਜੂਨ ਦੀ ਥਾਂ ਕਿਸਾਨ 1 ਹਫ਼ਤਾ ਪਹਿਲਾਂ ਝੋਨਾ ਲਾ ਸਕਦੇ ਹਨ। ਇਸ ਸਬੰਧੀ ਖੇਤੀ ਤੇ ਹੋਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਕੋਈ ਵੀ ਲਿਖਤੀ ਹੁਕਮ ਨਹੀਂ ਮਿਲਿਆ, ਜਿਸ ਤੋਂ ਬਿਨਾਂ ਉਹ 20 ਤਰੀਕ ਤੋਂ ਪਹਿਲਾਂ ਨਿਯਮਾਂ ਅਨੁਸਾਰ ਝੋਨਾ ਲਾਉਣ ਦੀ ਆਗਿਆ ਨਹੀਂ ਦੇ ਸਕਦੇ। ਇਸ ਨਾਲ ਝੋਨੇ ਦੀ ਲਵਾਈ ਦੇ ਮੁੱਦੇ 'ਤੇ ਇਕ ਵਾਰ ਫਿਰ ਕਿਸਾਨ ਤੇ ਸਰਕਾਰ ਆਹਮੋ-ਸਾਹਮਣੇ ਹੁੰਦੇ ਦਿਖਾਈ ਦੇ ਰਹੇ ਹਨ।ਕਿਸਾਨ ਜਥੇਬੰਦੀਆਂ ਵਲੋਂ ਸਰਕਾਰ ਵਲੋਂ ਝੋਨਾ ਲਾਉਣ ਦੇ 20 ਜੂਨ ਦੇ ਨਿਰਧਾਰਿਤ ਕੀਤੇ ਗਏ ਸਮੇਂ ਦੇ ਹੁਕਮਾਂ ਦੇ ਉਲਟ ਪਹਿਲੀ ਜੂਨ ਤੋਂ ਇਹ ਕੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਖੁਦ ਆਪਣੀ ਅਗਵਾਈ ਹੇਠ ਖੇਤਾਂ 'ਚ ਜਾ ਕੇ ਕਿਸਾਨਾਂ ਤੋਂ ਝੋਨਾ ਲਗਵਾਉਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਦੇ ਕਿਸੇ ਅਧਿਕਾਰੀ ਨੇ ਕਿਸਾਨਾਂ ਖਿਲਾਫ਼ ਕਾਰਵਾਈ ਦਾ ਯਤਨ ਕੀਤਾ ਤਾਂ ਇਸ ਦਾ ਜ਼ੋਰਦਾਰ ਜਵਾਬ ਦਿੱਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ, ਸਿੱਧੂਪੁਰ, ਬੀ. ਕੇ. ਯੂ. ਰਾਜੇਵਾਲ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਪਿਛਲੀ ਸਰਕਾਰ ਵਲੋਂ ਬਿਨਾਂ ਜ਼ਮੀਨੀ ਸਥਿਤੀਆਂ ਨੂੰ ਜਾਣੇ ਨਿਰਧਾਰਿਤ ਕੀਤੀ ਝੋਨਾ ਲਾਉਣ ਦੀ ਤਰੀਕ ਕਾਰਨ ਫਸਲ ਦਾ ਝਾੜ ਘਟਣ ਕਰ ਕੇ ਕਿਸਾਨਾਂ ਨੂੰ ਭਾਰੀ ਵਿੱਤੀ ਨੁਕਸਾਨ ਉਠਾਉਣਾ ਪਿਆ ਹੈ ਪਰ ਇਸ ਵਾਰ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨ ਆਗੂਆਂ ਦੀ ਮੰਗ ਹੈ ਕਿ ਸਰਕਾਰ 20 ਜੂਨ ਤੋਂ ਝੋਨਾ ਲਾਉਣ ਦੇ ਨਿਰਧਾਰਿਤ ਕੀਤੇ ਗਏ ਸਮੇਂ ਦੇ ਫੈਸਲੇ 'ਤੇ ਮੁੜ ਵਿਚਾਰ ਕਰੇ, ਨਹੀਂ ਤਾਂ ਇਸ ਮੁੱਦੇ 'ਤੇ ਕਿਸਾਨਾਂ ਦੇ ਤਿੱਖੇ ਅੰਦੋਲਨ ਦੇ ਸਾਹਮਣੇ ਲਈ ਤਿਆਰ ਰਹੇ।

   
  
  ਮਨੋਰੰਜਨ


  LATEST UPDATES











  Advertisements