View Details << Back

ਨਸ਼ਿਆਂ ਦੇ ਮੁੱਦੇ ਤੇ ਅਕਾਲੀ ਦਲ ਆਪਣੇ ਕਾਰਜਕਾਲ ਤੇ ਪਾ ਰਿਹਾ ਪੜਦੇ
ਹਰਸਿਮਰਤ ਗੁਨਾਹ ਛੁਪਾਉਣ ਦੇ ਯਤਨਾਂ ''ਚ ਤੋਲ ਰਹੀ ਕੁਫਰ : ਕੈਪਟਨ

ਚੰਡੀਗੜ੍ਹ,(ਗੁਰਵਿੰਦਰ ਸਿੰਘ ਮੋਹਾਲੀ) : ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਨੂੰ ਗੁੰਮਰਾਹਕੁਨ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਜ਼ਿੰਮੇਵਾਰੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਨਸ਼ਿਆਂ ਵਰਗੇ ਗੰਭੀਰ ਮੁੱਦਿਆਂ ਨੂੰ ਵਰਤ ਰਿਹਾ ਹੈ। ਸੂਬੇ 'ਚ ਨਸ਼ਿਆਂ ਨੂੰ ਨੱਥ ਪਾਉਣ 'ਚ ਅਸਫਲ ਰਹਿਣ ਬਾਰੇ ਕੈਪਟਨ ਸਰਕਾਰ 'ਤੇ ਲਾਏ ਦੋਸ਼ਾਂ 'ਤੇ ਤਿੱਖੀ ਪ੍ਰਤੀਕ੍ਰਿਆ ਪ੍ਗਟ ਕਰਦਿਆਂ ਮੁੱਖ ਮੰਤਰੀ ਨੇ ਹਰਸਿਮਰਤ ਦੇ ਘੋਰ ਕੁਫਰ 'ਤੇ ਦੁੱਖ ਤੇ ਗੁੱਸਾ ਪ੍ਗਟ ਕੀਤਾ ਤੇ ਕਿਹਾ ਕਿ ਉਹ ਪਿਛਲੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਦੇ ਗੁਨਾਹਾਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਵਜੋਂ ਇਸ ਤਰ੍ਹਾਂ ਦਾ ਕੁਫਰ ਤੋਲ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਉਨ੍ਹਾਂ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਿਪਟਣ ਲਈ ਪ੍ਰਧਾਨ ਮੰਤਰੀ ਨੂੰ ਰਾਸ਼ਟਰੀ ਡਰੱਗ ਨੀਤੀ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਦੀ ਟਿੱਪਣੀ ਨਾਲ ਉਸ ਦੀ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਬੇਸਮਝੀ ਦਾ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਦਲ ਦੀ ਸੱਤਾ ਨੇ ਨਸ਼ਾ ਮਾਫੀਆ ਨੂੰ ਖੁੱਲ੍ਹ ਕੇ ਖੇਡਣ ਦੀ ਖੁੱਲ੍ਹ ਦੇ ਕੇ ਨੌਜਵਾਨਾਂ ਦਾ ਜੀਵਨ ਤਬਾਹ ਕਰ ਦਿੱਤਾ ਤੇ ਲੋਕਾਂ 'ਚ ਪੂਰੀ ਤਰ੍ਹਾਂ ਭਰੋਸਾ ਗਵਾ ਚੁੱਕੇ ਬਾਦਲਾਂ 'ਚ ਇਸ ਭਰੋਸੇ ਦੀ ਮੁੜ ਬਹਾਲੀ ਲਈ ਹਰਸਿਮਰਤ ਨਿਰਾਸ਼ਾ 'ਚ ਅਜਿਹੇ ਬਿਆਨ ਦਾਗ ਰਹੀ ਹੈ। ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਾ ਕੇਵਲ ਨਸ਼ਾ ਮਾਫੀਆ ਦਾ ਲੱਕ ਤੋੜਿਆ ਹੈ ਸਗੋਂ ਇਸ ਨੇ ਬਹੁਮਤ ਤਸਕਰਾਂ ਤੇ ਡੀਲਰਾਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਹੈ, ਜਦਕਿ ਕੁਝ ਹੋਰ ਮੁੱਠੀ ਭਰ ਸੂਬਾ ਛੱਡ ਕੇ ਫਰਾਰ ਹੋ ਗਏ ਹਨ। ਲਾਜ਼ਮੀ ਤੌਰ 'ਤੇ ਹਰਸਿਮਰਤ ਨੇ ਆਪਣੇ ਨਿੱਜੀ ਹਿੱਤਾਂ ਦੇ ਮੱਦੇਨਜ਼ਰ ਕਦੇ ਵੀ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਕਿਸ ਤਰ੍ਹਾਂ ਗ੍ਰਿਫਤਾਰ ਕੀਤੇ ਗਏ ਹਨ ਤੇ ਕੈਪਟਨ ਸਰਕਾਰ ਵਲੋਂ ਓ. ਓ. ਏ. ਟੀ. ਕਲੀਨਿਕਾਂ 'ਚ ਕਿੰਨੇ ਨੌਜਵਾਨਾਂ ਦਾ ਇਲਾਜ ਚੱਲ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਦੀ ਗੁੰਮਰਾਹ ਕਰਨ ਦੀ ਪ੍ਰਵਿਰਤੀ ਨੇ ਉਨ੍ਹਾਂ ਨੂੰ ਇਸ ਤੱਥ ਤੋਂ ਮੁਨਕਰ ਕਰ ਦਿੱਤਾ ਹੈ ਕਿ 10 ਸਾਲਾਂ ਦਾ ਮਾੜਾ ਦੌਰ ਹੰਡਾਉਣ ਵਾਲੇ ਪੰਜਾਬੀ ਹੁਣ ਇਨ੍ਹਾਂ ਦੇ ਝੂਠਾਂ ਤੇ ਮਨਘੜਤ ਗੱਲਾਂ ਨਾਲ ਮੂਰਖ ਬਣਨ ਵਾਲੇ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ (ਹਰਸਿਮਰਤ) ਨੂੰ ਏਨੀ ਵੀ ਸਮਝ ਨਹੀਂ ਹੈ ਕਿ ਨਸ਼ੇ ਇਕ ਅੰਤਰ-ਰਾਜੀ ਸਮੱਸਿਆ ਹੈ ਅਤੇ ਇਸ ਦਾ ਕੌਮੀ ਪ੍ਰਭਾਵ ਹੈ। ਕੁਝ ਸੂਬਿਆਂ 'ਚ ਪੋਸਤ ਦੀ ਪੈਦਾਵਾਰ ਕਾਨੂੰਨੀ ਤੌਰ 'ਤੇ ਜਾਇਜ਼ ਹੈ ਅਤੇ ਪਾਕਿਸਤਾਨ ਵਲੋਂ ਵੀ ਸਰਹੱਦ ਪਾਰ ਤੋਂ ਨਸ਼ੇ ਸਪਲਾਈ ਕੀਤੇ ਜਾ ਰਹੇ ਹਨ। ਜੇਕਰ ਕਿਸੇ ਨੂੰ ਮਾੜੀ ਮੋਟੀ ਵੀ ਸਮਝ ਹੋਵੇ ਤਾਂ ਇਸ ਸਮੱਸਿਆ ਨਾਲ ਨਿਪਟਣ ਲਈ ਕੇਂਦਰ ਸਰਕਾਰ ਦੀ ਅਗਵਾਈ 'ਚ ਸਾਰੇ ਸੂਬਿਆਂ ਦੀ ਸਾਂਝੇ ਯਤਨਾਂ ਦੀ ਮਹੱਤਤਾ ਬਾਰੇ ਪਤਾ ਹੁੰਦਾ। ਪਰ ਹਰਸਿਮਰਤ ਬਾਦਲ ਨੂੰ ਆਪਣੇ ਸ਼ਬਦਾਂ ਦੇ ਅਰਥਾਂ ਦਾ ਮਤਲਬ ਜਾਂ ਸਿੱਟੇ ਨੂੰ ਜਾਣੇ ਬਿਨਾਂ ਜੋ ਮੂੰਹ ਆਇਆ, ਉਹ ਕਹਿ ਦੇਣ ਦੀ ਆਦਤ ਹੈ।


   
  
  ਮਨੋਰੰਜਨ


  LATEST UPDATES











  Advertisements