View Details << Back

ਕੈਨੇਡਾ ਜਾਣ ਵਾਲਿਆਂ ‘ਚ ਦੁਆਬਾ ਸਭ ਤੋਂ ਅੱਗੇ

ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ) ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ ਜਾ ਰਹੇ ਹਨ । ਵਿਦੇਸ਼ ਜਾਣ ਦਾ ਇਹ ਰੁਝਾਨ ਲਗਾਤਾਰ ਤੇਜ਼ੀ ਨਾਲ ਵੱਧ ਰਿਹਾ ਹੈ । ਦਰਅਸਲ, ਸਾਲ 2017 ਦੇ ਮੁਕਾਬਲੇ 2018 ਵਿੱਚ ਜਲੰਧਰ ਤੋਂ ਵੀਜ਼ਾ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ । ਇਨ੍ਹਾਂ ਅਰਜ਼ੀਆਂ ਵਿੱਚ 66 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਚੰਡੀਗੜ੍ਹ ਦੇ ਦਫਤਰ ਵਿੱਚ ਇਹ ਵਾਧਾ 54 ਫੀਸਦੀ ਦਾ ਦਰਜ ਕੀਤਾ ਗਿਆ ਹੈ । ਇਸ ਸਬੰਧੀ ਵੀ.ਐੱਫ.ਐੱਸ. ਗਲੋਬਲ ਕੰਪਨੀ ਦੇ ਚੀਫ ਆਪਰੇਟਿੰਗ ਅਫਸਰ ਵਿਨੇ ਮਲਹੋਤਰਾ ਨੇ ਦੱਸਿਆ ਕਿ ਉਹ 48 ਦੇਸ਼ਾਂ ਲਈ ਵੀਜ਼ੇ ਲਈ ਅਰਜ਼ੀਆਂ ਲੈਂਦੇ ਹਨ । ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਭਾਰਤ ਵਿੱਚੋਂ 52 ਲੱਖ 80 ਹਜ਼ਾਰ ਦੂਜੇ ਦੇਸ਼ਾਂ ਨੂੰ ਜਾਣ ਲਈ ਅਰਜ਼ੀਆਂ ਆਈਆਂ ਸਨ । ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਸਭ ਤੋਂ ਵੱਧ ਦਰ ਜਲੰਧਰ ਜ਼ਿਲ੍ਹੇ ਵਿੱਚ ਦੇਖਣ ਨੂੰ ਮਿਲੀ ਹੈ । ਜਿਸ ਵਿੱਚ ਪਿਛਲੇ ਸਾਲ ਨਾਲੋਂ 66 ਫੀਸਦੀ ਵਾਧਾ ਪਾਇਆ ਗਿਆ ਹੈ । ਦੱਸ ਦੇਈਏ ਕਿ ਅੱਜ ਦੇ ਸਮੇਂ ਵਿੱਚ ਲੋਕਾਂ ਦਾ ਰੁਝਾਨ ਕੈਨੇਡਾ ਵੱਲ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ, ਪਰ ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਜਾਪਾਨ, ਚੈੱਕ ਰਿਪਬਲਿਕ ਤੇ ਹੋਰ ਦੇਸ਼ਾਂ ਨੂੰ ਵੀ ਜਾਣ ਲੱਗ ਪਏ ਹਨ ।ਵੀ.ਐੱਫ.ਐੱਸ. ਗਲੋਬਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਨੀਆਂ ਭਰ ਵਿੱਚ ਵੀਜ਼ਾ ਅਰਜ਼ੀਆਂ ਵਿੱਚ 16 ਫੀਸਦੀ ਵਾਧਾ ਹੋਇਆ ਹੈ, ਜਦਕਿ ਭਾਰਤ ਵਿੱਚ ਇਹ ਵਾਧਾ 13 ਫੀਸਦੀ ਨੋਟ ਕੀਤਾ ਗਿਆ ਸੀ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਜਲੰਧਰ ਦੇ ਦਫਤਰ ਵਿੱਚ ਰੋਜ਼ਾਨਾ ਦੋ ਤੋਂ ਲੈ ਕੇ ਤਿੰਨ ਹਜ਼ਾਰ ਤੱਕ ਵੀਜ਼ਾ ਅਰਜ਼ੀਆਂ ਆਉਂਦੀਆਂ ਹਨ । ਜਲੰਧਰ ਦੇ ਦਫਤਰ ਵਿੱਚ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਸਮੇਤ 44 ਹੋਰ ਦੇਸ਼ਾਂ ਲਈ ਵੀਜ਼ਾ ਅਰਜ਼ੀਆਂ ਲਈਆਂ ਜਾਂਦੀਆਂ ਹਨ । ਜਿਸ ਵਿੱਚ ਮਾਰਚ ਤੋਂ ਜੂਨ ਮਹੀਨੇ ਤੱਕ ਟੂਰਿਸਟ ਵੀਜ਼ੇ ਵਾਲਿਆਂ ਦੀ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਜੁਲਾਈ ਤੋਂ ਸਤੰਬਰ ਤੱਕ ਸਟੱਡੀ ਵੀਜ਼ੇ ਵਾਲਿਆਂ ਦੀ ਭੀੜ ਜ਼ਿਆਦਾ ਹੁੰਦੀ ਹੈ ।




   
  
  ਮਨੋਰੰਜਨ


  LATEST UPDATES











  Advertisements