View Details << Back

ਬਰਸਾਤੀ ਮੌਸਮ ਤੋਂ ਪਹਿਲਾਂ ਮਾਮਲਾ ਛੱਪੜਾਂ ਦੀ ਸਫਾਈ ਦਾ
ਪੰਦਰਾਂ ਦਿਨਾਂ ਵਿਚ ਛੱਪੜਾਂ ਦੀ ਸਫ਼ਾਈ ਮੁਹਿੰਮ ਨੂੰ ਸਿਰੇ ਚੜਾ ਲਿਆ ਜਾਵੇਗਾ-ਕਾਹਨ ਸਿੰਘ ਪੰਨੂੰ

ਚੰਡੀਗੜ੍ਹ/ਮੋਹਾਲੀ : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਵਿਭਾਗ ਵਲੋਂ ਸੂਬੇ ਭਰ ਵਿਚ ਸ਼ੁਰੂ ਕੀਤੀ ਛੱਪੜਾਂ ਦੀ ਸਫ਼ਾਈ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੁੰ ਕਿਹਾ ਕਿ ਇਸ ਮੁਹਿੰਮ ਵਿਚ ਪਿੰਡਾਂ ਦੇ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਉਹਨਾ ਕਿਹਾ ਕਿ ਇਸ ਮੁਹਿੰਮ ਦੇ ਮਨਇੱਛਤ ਨਤੀਜੇ ਤਾਂ ਹੀ ਹਾਸਲ ਕੀਤੇ ਜਾ ਸਕਦੇ ਹਨ ਜੇ ਪਿੰਡਾਂ ਦੇ ਲੋਕ ਇਸ ਕਾਰਜ ਨੂੰ ਆਪਣਾ ਮੁੱਢਲਾ ਫ਼ਰਜ਼ ਸਮਝ ਕੇ ਅਪਨਾਉਣ।ਪੰਚਾਇਤ ਮੰਤਰੀ ਸ਼੍ਰੀ ਬਾਜਵਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਦੇ ਛੱਪੜਾਂ ਵਿਚੋਂ ਹਰ ਸਾਲ ਗਾਰ ਕੱਢਕੇ ਇਹਨਾਂ ਨੂੰ ਸਾਫ਼ ਰੱਖਣਾ ਇਸ ਲਈ ਲਾਜ਼ਮੀ ਹੈ ਕਿਉਂਕਿ ਇਸ ਨਾਲ ਮੀਂਹ ਦਾ ਪਾਣੀ ਧਰਤੀ ਵਿਚ ਪਾ ਕੇ ਇਸ ਦਾ ਪੱਧਰ ਉੱਚਾ ਚੁੱਕਣ ਵਿਚ ਮਦਦ ਮਿਲਦੀ ਹੈ। ਉਹਨਾਂ ਕਿਹਾ ਕਿ ਇਸ ਸਮੇਂ ਪੰਜਾਬ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਖ਼ਤਰਨਾਕ ਹੱਦ ਤੱਕ ਹੇਠਾਂ ਜਾ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਠੱਲਣਾ ਹੈ। ਸ਼੍ਰੀ ਬਾਜਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਮੁਹਿੰਮ ਤਹਿਤ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੀ ਸੰਕੋਚਵੀਂ ਵਰਤੋਂ ਕਰਨ ਸਬੰਧੀ ਵੀ ਜਾਗਰੂਕ ਕੀਤਾ ਜਾਵੇ।ਸ਼੍ਰੀ ਬਾਜਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹਰ ਬਲਾਕ ਦੇ ਘੱਟੋ ਘੱਟ ਪੰਜ ਪਿੰਡਾਂ ਵਿਚ ਨਿਕਾਸੀ ਪਾਣੀ ਨੂੰ ਸੋਧ ਕੇ ਮੁੜ ਵਰਤਣ ਦਾ ਸੀਚੇਵਾਲ ਮਾਡਲ ਲਾਗੂ ਕਰਨ ਤਾਂ ਕਿ ਇਸ ਮਾਡਲ ਨੂੰ ਅਪਨਾਉਣ ਲਈ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਉਤਸ਼ਾਹਤ ਕੀਤਾ ਜਾ ਸਕੇ।ਉਹਨਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਵਿਚ ਸਾਂਝੇ ਕੰਮ ਕਰਨ ਦੀ ਅਥਾਹ ਸ਼ਕਤੀ ਹੈ ਲੋੜ ਸਿਰਫ਼ ਉਹਨਾਂ ਨੂੰ ਯੋਗ ਅਗਵਾਈ ਦੇਣ ਦੀ ਹੈ।ਪੰਚਾਇਤ ਮੰਤਰੀ ਨੇ ਇਸ ਮੁਹਿੰਮ ਵਿਚ ਬੇਹਤਰੀਨ ਕਾਰਗੁਜ਼ਾਰੀ ਵਿਖਾਉਣ ਵਾਲੇ ਅਧਿਕਾਰੀਆਂ ਦੀ ਸਰਾਹਨਾ ਕਰਦਿਆਂ ਥੋੜ੍ਹਾ ਪਿੱਛੇ ਰਹਿ ਗਏ ਅਧਿਕਾਰੀਆਂ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਉਹ ਹੋਰ ਮਿਹਨਤ ਕਰਨ। ਸ਼੍ਰੀ ਬਾਜਵਾ ਨੇ ਫੀਲਡ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਇਸ ਮੁਹਿੰਮ ਨੁੰ ਅਗਲੇ ਸਾਲ ਤੋਂ ਹੋਰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਆਪਣੇ ਸੁਝਾਅ ਅਤੇ ਇਸ ਸਾਲ ਆਈਆਂ ਦਿੱਕਤਾਂ ਸਬੰਧੀ ਵਿਸਥਾਰ ਸਹਿਤ ਰਿਪੋਰਟ ਜਰੂਰ ਭੇਜਣ।ਇਸ ਤੋਂ ਪਹਿਲਾਂ ਵਿਭਾਗ ਦੇ ਵਿੱਤੀ ਸਕੱਤਰ ਨੇ ਛੱਪੜਾਂ ਦੀ ਸਫਾਈ ਮੁਹਿੰਮ ਦੀ ਬਲਾਕ ਵਾਰ ਜਾਣਕਾਰੀ ਦਿੰਦਿਆਂ ਦਸਿਆ ਕਿ ਸੂਬੇ ਦੇ ਕੁਲ 13124 ਪਿੰਡਾਂ ਵਿਚੋਂ 6399 ਪਿੰਡਾਂ ਦੇ ਛੱਪੜਾਂ ਸਫਾਈ ਦਾ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 2699 ਪਿੰਡਾਂ ਦੇ ਛੱਪੜਾਂ ਵਿਚੋਂ ਪਾਣੀ ਅਤੇ 926 ਪਿੰਡਾਂ ਦੇ ਛੱਪੜਾਂ ਵਿਚੋਂ ਗਾਰ ਵੀ ਕੱਢੀ ਜਾ ਚੁੱਕੀ ਹੈ।ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਅਧਿਕਾਰੀਆਂ ਨੂੰ ਕਿਹਾ ਕਿ ਆਉਣ ਵਾਲੇ ਪੰਦਰਾਂ ਦਿਨਾਂ ਵਿਚ ਛੱਪੜਾਂ ਦੀ ਇਸ ਸਫ਼ਾਈ ਮੁਹਿੰਮ ਨੂੰ ਸਿਰੇ ਚੜਾਉਣਾ ਹੈ।ਉਹਨਾਂ ਕਿਹਾ ਕਿ ਜਿੱਥੇ ਬਹੁਤੇ ਅਧਿਕਾਰੀ ਪੂਰੀ ਤਨਦੇਹੀ ਨਾਲ ਮੁਹਿੰਮ ਦੀ ਸਫ਼ਲਤਾ ਲਈ ਕੰਮ ਕਰ ਰਹੇ ਹਨ ਉਥੇ ਕਈ ਥਾਵਾਂ ਉੱਤੇ ਮਹਿਜ਼ ਖਾਨਾਪੂਰਤੀ ਦੀਆਂ ਉਦਾਹਰਣਾਂ ਵੀ ਸਾਹਮਣੇ ਆਈਆਂ ਹਨ ਜੋ ਇਸ ਮੁਹਿੰਮ ਲਈ ਨੁਕਸਾਨਦਾਇਕ ਸਿੱਧ ਹੋ ਸਕਦੀਆਂ ਹਨ। ਸ਼੍ਰੀ ਪੰਨੂੰ ਨੇ ਕਿਹਾ ਕਿ ਉਹ ਇਹਨਾਂ ਤਿੰਨ ਛੁੱਟੀਆਂ ਵਿਚ ਪੰਜਾਬ ਦੇ ਸਾਰੇ ਜ਼ਿਲਿਆਂ ਦਾ ਦੌਰਾ ਕਰਕੇ ਮੁਹਿੰਮ ਦਾ ਮੌਕੇ ਉੱਤੇ ਜਾ ਕੇ ਜਾਇਜ਼ਾ ਲੈਣਗੇ।



   
  
  ਮਨੋਰੰਜਨ


  LATEST UPDATES











  Advertisements