View Details << Back

"ਜ਼ਿੰਦਗੀ ਦੇ ਬਿਖੜੇ ਰਾਹਾਂ 'ਤੇ ਤੁਰਦਿਆਂ"
ਆਪਣੇ ਰਸਤੇ ਬਣਾਉਣ ਲਈ ਔਕੜਾਂ ਭਰੇ ਤੇ ਨਿਰਾਸ਼ਤਾ ਦੇ ਵਿੰਗੇ-ਟੇਡੇ ਅਤੇ ਉੱਚੇ-ਨੀਵੇਂ ਜੰਗਲਾਂ ਪਹਾੜਾਂ 'ਚੋਂ ਗੁਜ਼ਰਨਾ ਪੈਂਦਾ ਹੈ

ਇਸ ਗੱਲ ਤੌਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪ੍ਤਿਭਾ, ਯੋਗਤਾ ਅਤੇ ਗੁਣ ਸਾਰਿਆਂ ਅੰਦਰ ਹੀ ਛੁਪੇ ਹੋਏ ਹੁੰਦੇ ਹਨ ਪਰ ਉਸ ਦਾ ਵਿਕਾਸ ਸਾਰੇ ਨਹੀਂ ਕਰ ਸਕਦੇ। ਲੋੜ ਹੈ ਇਨ੍ਹਾਂ ਨੂੰ ਪਛਾਨਣ ਅਤੇ ਜਗਾਉਣ ਦੀ। ਮੰਜ਼ਿਲ ਤੱਕ ਪਹੁੰਚਣ ਲਈ ਅਨੇਕਾਂ ਬਿਖ਼ੜੇ ਰਾਹਾਂ' ਤੇ ਵੀ ਤੁਰਨਾ ਪੈਂਦਾ ਹੈ। ਅਜਿਹੇ ਕੰਡਿਆਲੇ ਰਾਹਾਂ 'ਤੇ ਤੁਰਦਿਆਂ, ਆਉਣ ਵਾਲੀਆਂ ਅੜਚਣਾਂ ਤੋਂ ਘਬਰਾਇਆਂ ਕੁਝ ਵੀ ਪੱਲੇ ਨਹੀਂ ਜੇ ਪੈਂਦਾ। ਕੁਝ ਪਾਉਣ ਲਈ ਠੋਕਰਾਂ ਅਤੇ ਚੋਟਾਂ ਵੀ ਸਹਿਣੀਆਂ ਪੈਂਦੀਆਂ ਹਨ। ਆਪਣੇ ਰਸਤੇ ਆਪ ਬਣਾਉਣ ਲਈ ਔਕੜਾਂ ਭਰੇ ਅਤੇ ਨਿਰਾਸ਼ਤਾ ਦੇ ਵਿੰਗੇ-ਟੇਡੇ ਅਤੇ ਉੱਚੇ-ਨੀਵੇਂ ਜੰਗਲਾਂ ਪਹਾੜਾਂ 'ਚੋਂ ਗੁਜ਼ਰਨਾ ਪੈਂਦਾ ਹੈ।ਜੇ ਅਸੀਂ ਆਪਣੇ ਸਿਰ ਪਈਆਂ ਬਿਪਤਾ ਦੇ ਅਤੇ ਛੱਲਾਂ ਮਾਰਦੇ ਸ਼ੂਕਦੇ ਦਰਿਆਵਾਂ ਨੂੰ ਤਰ ਜਾਂਦੇ ਹਾਂ ਤਾਂ ਅਗਲੇ ਪਾਸੇ ਸਫ਼ਲਤਾ ਦੇ ਸੁੰਦਰ ਨਜ਼ਾਰੇ ਸਾਡੀ ਉਡੀਕ ਕਰ ਰਹੇ ਹੁੰਦੇ ਹਨ।ਕਈ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੂੰ ਕੋਈ ਸਹਾਰਾ ਨਹੀਂ ਦਿੰਦਾ ਅਜਿਹੇ ਲੋਕ ਭੁੱਲ ਜਾਂਦੇ ਹਨ ਕਿ ਅੱਗੇ ਵਧਣ ਲਈ ਸਭ ਤੋ ਵੱਡਾ ਸਹਾਰਾ ਤਾਂ ਖੁਦ ਦਾ ਹੁੰਦਾ ਹੈ। ਸਭ ਤੋ ਵੱਡੀ ਸ਼ਕਤੀ ਤਾਂ ਆਪਣੇ ਅੰਦਰ ਦੀ ਦਲੇਰੀ ਹੈ।ਬਾਹਰਲੀ ਪ੍ਰੇਰਨਾ ਜਾਂ ਆਸਰੇ ਦਾ ਮੁਹਤਾਜ ਹੋਣਾ ਤਾਂ ਇਕ ਬਹਾਨਾ ਹੈ, ਕਾਇਰਤਾ ਹੈ,ਮੂਰਖਤਾ ਹੈ। ਹਿੰਮਤੀ ਅਤੇ ਉੱਦਮੀ ਬੰਦੇ ਅਜਿਹੇ ਬਹਾਨੇ ਨਹੀਂ ਘੜ੍ਹਦੇ।ਸਾਡਾ ਸੱਚਾ ਸਾਥੀ ਅੰਦਰਲੀ ਯੌਗਤਾ, ਪ੍ਰਤਿਭਾ ਅਤੇ ਹੌਸਲਾ ਹੈ।ਸੱਚੀ ਪ੍ਰੇਰਕ ਸ਼ਕਤੀ ਕੁਦਰਤ ਹੈ ਜ਼ੋ ਹਰ ਵਕਤ, ਹਰ ਮੌਸਮ, ਹਰ ਛਿਣ ਸਾਨੂੰ ਪ੍ਰੇਰਣਾ ਦੇ ਰਹੀ ਹੈ।ਜੇਕਰ ਅਸੀਂ ਇਸ ਨੂੰ ਪਛਾਣ ਜਾਂਦੇ ਹਾਂ ਤਾਂ ਸਾਰੀਆਂ ਰੁਕਾਵਟਾਂ ਹੱਸਦੇ-ਖੇਡਦੇ ਪਾਰ ਕਰ ਜਾਂਦੇ ਹਾਂ। ਬਹੁਤ ਸਾਰੇ ਲੋਕਾਂ 'ਚ ਸਾਰੇ ਗੁਣ ਹੁੰਦੇ ਹਨ।'ਕੁਝ' ਕਰ ਸਕਣ ਦੀ ਸ਼ਕਤੀ ਵੀ ਹੁੰਦੀ ਹੈ। ਉਨ੍ਹਾਂ ਅੰਦਰ ਮਹਾਨਤਾ ਦੇ ਬੀਜ ਵੀ ਛੁਪੇ ਹੋਏ ਹੁੰਦੇ ਹਨ ਪਰ ਉਤਸ਼ਾਹ ਦੀ ਘਾਟ ਹੁੰਦੀ ਹੈ। ਉਹ ਉੱਥੇ ਹੀ ਪਏ ਰਹਿੰਦੇ ਹਨ। ਅੱਗੇ ਵਧਣ ਦੀ ਹਿੰਮਤ ਹੀ ਨਹੀਂ ਕਰਦੇ। ਆਦਮੀ ਨੂੰ ਜਦੋ ਵੀ ਆਪਣੇ ਅੰਦਰੋਂ ਅੱਗੇ ਵਧਣ ਦੀ ਪ੍ਰੇਰਣਾ ਮਿਲੇ ਤਾਂ ਉਨ੍ਹਾਂ ਛਿਨਾਂ ਨੂੰ ਜੇਕਰ ਵਿਅਰਥ ਨਾ ਗੁਆਇਆ ਜਾਵੇ ਤਾਂ ਉਸ ਦਾ ਜੀਵਨ ਹੀ ਬਦਲ ਸਕਦਾ ਹੈ।ਆਪਣੇ ਸੁਪਨਿਆਂ ਨੂੰ ਕੇਵਲ ਸੁਪਨਾ ਹੀ ਨਾ ਸਮਝੋ। ਤੁਸੀਂ ਜੋ ਇੱਛਾ ਦਿਲ ਦੀਆਂ ਗਹਿਰਾਇਆਂ 'ਚੋਂ ਕਰ ਕੇ ਕੋਈ ਸੁਪਨਾ ਬੁਣਦੇ ਹੋ, ਉਹ ਸੁਪਨਾ ਸਚਾਈ ਬਣ ਸਕਦਾ ਹੈ। ਲੋੜ ਹੈ ਆਤਮ-ਵਿਸ਼ਵਾਸ, ਲਗਨ ਅਤੇ ਮਿਹਨਤ ਦੀ। ਕੋਈ ਲੋਕ ਐਨੇ ਆਤਮ-ਵਿਸ਼ਵਾਸੀ ਹੁੰਦੇ ਹਨ ਕਿ ਉਹ ਆਪਣੇ ਆਖ਼ਰੀ ਸਾਹਾਂ ਤਕ ਵੀ ਹਾਰ ਨਹੀਂ ਸਵੀਕਾਰ ਕਰਦੇ। ਆਪਣੇ ਅੰਦਰਲੇ ਵਿਸ਼ਵਾਸ ਦੀ ਸ਼ਕਤੀ ਆਦਮੀ ਕੋਲੋਂ ਅਜਿਹੇ ਕੰਮ ਵੀ ਕਰਵਾ ਦਿੰਦੀ ਹੈ ਜੋ ਅਸੰਭਵ ਦਿਸਦੇ ਹੁੰਦੇ ਹਨ। ਆਤਮ-ਵਿਸ਼ਵਾਸ ਦੀ ਕਮੀ ਹੀ ਅਸਫ਼ਲਤਾ ਦਾ ਵੱਡਾ ਕਾਰਨ ਹੈ। ਜਦੋਂ ਆਦਮੀ ਦਾ ਆਤਮ-ਵਿਸ਼ਵਾਸ ਜਾਗ ਉੱਠਦਾ ਹੈ ਤਾਂ ਉਸ ਅੰਦਰਲੀਆਂ ਸਾਰੀਆਂ ਸੁੱਤੀਆਂ ਸ਼ਕਤੀਆਂ ਜਾਗ ਉੱਠਦੀਆਂ ਹਨ। ਜਿਸਦੇ ਮਨ 'ਚ ਸ਼ੱਕ ਅਤੇ ਅਵਿਸ਼ਵਾਸ ਹੈ, ਉਹ ਕਦੇ ਵੀ ਸਫਲਤਾ ਦੇ ਸਿਖ਼ਰ ਤਕ ਨਹੀਂ ਪਹੁੰਚ ਸਕਦਾ। ਵਿਸ਼ਵਾਸ ਹੀ ਜੀਵਨ ਦਾ ਨਿਰਮਾਤਾ ਅਤੇ ਰੱਖਿਅਕ ਹੈ। ਬਿਨਾਂ ਵਿਸ਼ਵਾਸ ਦੇ ਆਦਮੀ ਜ਼ਿੰਦਗੀ ਜਿਉੂਣ ਦੀ ਉਮੀਦ ਹੀ ਨਹੀਂ ਕਰ ਸਕਦਾ। ਆਪਣੀਆਂ ਭੁੱਲਾਂ ਉੱਤੇ ਐਵੇਂ ਹੀ ਪਛਤਾਵੇ ਦੇ ਹੰਝੂ ਨਹੀਂ ਵਹਾਉਂਦੇ ਰਹਿਣਾ ਚਾਹੀਦਾ ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਭਵਿੱਖ ਵਿਚ ਅਜਿਹੀਆਂ ਭੁੱਲਾਂ ਤੋਂ ਕਿਵੇਂ ਬਚਿਆ ਜਾ ਸਕੇ। ਅਸੀਂ ਜੇਕਰ ਕਿਸੇ ਨਾਲ ਕੋਈ ਅਜਿਹਾ ਵਿਉਹਾਰ ਕਰ ਲਿਆ ਹੈ, ਜਿਸ ਨਾਲ ਉਸ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਉਸ ਤੋਂ ਮਾਫ਼ੀ ਮੰਗ ਕੇ ਅੱਗੇ ਤੋਂ ਅਜਿਹੀ ਗ਼ਲਤੀ ਨਾ ਕਰਨ ਦਾ ਆਪਣੇ ਆਪ ਨਾਲ ਅਹਿਦ ਕਰ ਲੈਣਾ ਚਾਹੀਦਾ ਹੈ। ਸਵੈ-ਪੜਚੋਲ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਅਸੀਂ ਕਿੰਨੇ ਕੁ ਹਰਮਨ ਪਿਆਰੇ ਜਾਂ ਬਦਨਾਮ ਹਾਂ? ਕਿੰਨੇ ਕੁ ਸਫ਼ਲ ਜਾਂ ਅਸਫ਼ਲ ਹਾਂ? ਸਾਡੇ 'ਚ ਕਿਨ੍ਹੇ ਕੁ ਗੁਣ ਜਾਂ ਔਗੁਣ ਹਨ? ਸਾਡੇ ਮਨ' ਚ ਜਿਹੋ-ਜਿਹੇ ਭਾਵ ਭਰੇ ਹਨ, ਸਾਡੇ ਸਰੀਰ ਦਾ ਰੋਆਂ-ਰੋਆਂ ਉਨ੍ਹਾਂ ਭਾਵਾਂ ਨੂੰ ਹੀ ਗ੍ਰਹਿਣ ਕਰਦਾ ਹੈ। ਜੋ ਆਦਮੀ ਆਪਣੇ ਸਰੀਰਿਕ ਅੰਗਾਂ ਦੀ ਸ਼ਕਤੀ ਉੱਪਰ ਸ਼ੱਕ ਕਰਦਾ ਹੈ ਅਤੇ ਉਨ੍ਹਾ ਦੀ ਉੱਤੇਜਨਾ ਹਰਕਤ ਜਾਂ ਕੰਮਾਂ'ਚ ਨੁਕਸ ਹੀ ਲੱਭਦਾ ਹੈ,ਉਹ ਉਸ ਸਰੀਰ ਤੋ ਕੀ ਉਮੀਦ ਰੱਖ ਸਕਦਾ ਹੈ? ਉਸ ਦਾ ਅਵਿਸ਼ਵਾਸ ਸਰੀਰ ਨੂੰ ਪ੍ਰਭਾਵਿਤ ਜ਼ਰੂਰ ਕਰਦਾ ਹੈ। ਜੇਕਰ ਮਨ 'ਚ ਤੰਦਰੁਸਤੀ ਦਾ ਵਿਸ਼ਵਾਸ ਅਤੇ ਸੁਝਾਅ ਹੋਣਗੇ, ਮਨ 'ਚ ਚੜ੍ਹਦੀਕਲਾ ਦੀ ਤੱਤਪਰਤਾ ਅਤੇ ਬੁਲੰਦ ਹੌਸਲੇ ਦੀ ਨਿਡਰਤਾ ਹੋਵੇਗੀ ਤਾਂ ਸਰੀਰ ਦੇ ਜੀਵਾਣੂਆਂ ਦੀ ਸੁੱਤੀਆਂ ਹੋਈਆਂ ਸ਼ਕਤੀਆਂ ਆਪਣੇ-ਆਪ ਜਾਗ ਪੈਣਗੀਆਂ। ਆਦਮੀ ਦੇ ਸ਼ੰਕੇ ਜਦ ਮਨ ਨੂੰ ਘੇਰ ਲੈਂਦੇ ਹਨ,ਜਦ ਮਨ'ਚ ਡਰ ਭਰ ਜਾਂਦਾ ਹੈ, ਜਦ ਮਨ ਅਸ਼ਾਂਤ ਰਹਿਣ ਲੱਗ ਜਾਂਦਾ ਹੈ ਤਾਂ ਆਦਮੀ ਖੁਦ ਨੂੰ ਮਜਬੂਰ ਸਮਝਣ ਲੱਗ ਪੈਂਦਾ ਹੈ ਤਾਂ ਅਜਿਹੇ ਵੇਲੇ ਘਬਰਾਉਣ ਦੀ ਲੋੜ ਨਹੀਂ ਸਗੋਂ ਮੁਸ਼ਕਿਲਾਂ ਦਾ ਡੱਟ ਕੇ ਸਾਹਮਣਾ ਕਰਨ ਦੀ ਲੋੜ ਹੁੰਦੀ ਹੈ। ਲੋੜ ਹੁੰਦੀ ਹੈ ਨਿਡਰ ਹੋ ਕੇ ਹੌਸਲੇ ਨਾਲ ਅੱਗੇ ਵਧਣ ਦੀ। ਮੁਸ਼ਕਿਲਾਂ ਤੋ ਡਰ ਕੇ ਭੱਜਣ ਦੀ ਬਜਾਏ ਉਨ੍ਹਾਂ ਨੂੰ ਭਜਾਉਣ ਦੀ, ਹਰਾਉਣ ਦੀ ਅਤੇ ਉਨ੍ਹਾਂ ਉੱਤੇ ਜਿੱਤ ਹਾਸਿਲ ਕਰਨ ਦੀ ਲੋਂੜ ਹੁੰਦੀ ਹੈ।ਡਰਨਾ ਤਾਂ ਮੌਤ ਤੌਂ ਵੀ ਨਹੀਂ ਚਾਹੀਦਾ। ਮੌਤ ਦਾ ਵਿਚਾਰ ਮਨ 'ਚ ਆਉਣਾ ਮੌਤ ਤੋਂ ਵੀ ਭਿਅੰਕਰ ਹੈ। ਸਾਡੇ ਵਿਚਾਰ ਜਿਹੋ-ਜਿਹੇ ਹੋਣਗੇ ਸਾਨੂੰ ਅਜਿਹੇ ਹੀ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਸਾਨੂੰ ਆਪਣੇ ਵਿਚਾਰਾਂ ਨੂੰ ਉੱਜਲ ਬਣਾਉਣ ਦੀ ਲੋੜ ਹੈ। ਆਪਦੇ ਅੰਦਰ ਰੋਸ਼ਨੀਆਂ ਭਰਨ ਦੀ ਲੋੜ ਹੈ ਤਾਂ ਕਿ ਸਾਡਾ ਦਿਲ-ਦਿਮਾਗ , ਨਵੀਂ ਸੋਚ, ਨਵੇਂ ਚਾਨਣ ਅਤੇ ਉੱਗਦੇ ਸੂਰਜ ਵਾਂਗ ਦ੍ਰਿੜ ਵਿਸ਼ਵਾਸੀ ਬਣ ਜਾਵੇ.
ਗੁਰਵਿੰਦਰ ਸਿੰਘ ਮੋਹਾਲੀ
9876330777


   
  
  ਮਨੋਰੰਜਨ


  LATEST UPDATES











  Advertisements