(ਗੁਰਵਿੰਦਰ ਸਿੰਘ ਮੋਹਾਲੀ) " />
   View Details << Back

(ਗੁਰਵਿੰਦਰ ਸਿੰਘ ਮੋਹਾਲੀ) " />

"ਆਪਣਿਆਂ ਨਾਲੋਂ ਵਧ ਕੇ ਪਰਾਏ ਦਰਵੇਸ਼"
ਹਾਅ ਦਾ ਨਾਅਰਾ ਮਾਰਨ ਨਾਲੋਂ ਮਜ਼ਾਕ ਉਡਾਉਣ ਵਾਲਿਆਂ ਤੇ ਤਮਾਸ਼ਾ ਵੇਖਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ...

ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਸੂਰਜ ਦੇ ਚੜ੍ਹਦੇ ਤੇ ਲਹਿੰਦੇ ਪਰਛਾਵਿਆਂ ਵਾਂਗ ਹੁੰਦੇ ਹਨ। ਉਸ ਦੌਰ 'ਚ ਆਪਣਿਆਂ ਨਾਲੋਂ ਬੇਗਾਨਿਆਂ ਦਾ ਸਾਥ ਜ਼ਿਆਦਾ ਮਿਲਦਾ ਹੈ। ਹਾਅ ਦਾ ਨਾਅਰਾ ਮਾਰਨ ਨਾਲੋਂ ਮਜ਼ਾਕ ਉਡਾਉਣ ਵਾਲਿਆਂ ਤੇ ਤਮਾਸ਼ਾ ਵੇਖਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਜਿਨ੍ਹਾਂ ਤੋਂ ਕੁਝ ਸਹਾਇਤਾ ਦੀ ਆਸ ਉਮੀਦ ਹੁੰਦੀ ਹੈ, ਉਹੀ ਕੋਈ ਨਾ ਕੋਈ ਬਹਾਨਾ ਬਣਾ ਕੇ ਪਿੱਠ ਵਿਖਾ ਜਾਂਦੇ ਹਨ। ਉਹ ਇਹ ਸੋਚ ਕੇ ਮਿਲਣ ਤੋਂ ਵੀ ਗੁਰੇਜ਼ ਕਰਦੇ ਹਨ ਕਿ ਕੋਈ ਵਗਾਰ ਨਾ ਪਾ ਦੇਵੇ ਪਰ ਉੱਪਰ ਵਾਲੇ ਦੇ ਰੰਗ ਵੀ ਨਿਆਰੇ ਨੇ। ਉਹ ਜੇ ਇਕ ਦਰਵਾਜ਼ਾ ਬੰਦ ਕਰਦਾ ਹੈ ਤਾਂ ਦਸ ਦਰਵਾਜ਼ੇ ਖੋਲ੍ਹ ਵੀ ਦਿੰਦਾ ਹੈ। ਉਹ ਕਿਸੇ ਨਾ ਕਿਸੇ ਦਰਵੇਸ਼ ਮਹਾਂਪੁਰਸ਼ ਨੂੰ ਸਾਡੀ ਬਾਂਹ ਫੜਨ ਲਈ ਭੇਜ ਦਿੰਦਾ ਹੈ। ਮੇਰੀ ਜ਼ਿੰਦਗੀ 'ਚ ਵੀ ਕੁਝ ਅਜਿਹਾ ਹੀ ਵਾਪਰਿਆ। ਪਿਤਾ ਜੀ ਦੀ ਮੌਤ ਮਗਰੋਂ ਮੁਸੀਬਤਾਂ ਸਾਡੇ ਪਰਿਵਾਰ ਦੀ ਅਗਨੀ ਪ੍ਰੀਖਿਆ ਲੈ ਰਹੀਆਂ ਸਨ। ਦੁਕਾਨ ਦਾ ਕੰਮ ਠੱਪ ਹੋ ਗਿਆ ਸੀ ਕਿਉਂਕਿ ਆੜ੍ਹਤੀਆਂ ਨੇ ਮਾਲ ਦੇਣ ਤੋਂ ਨਾਂਹ ਕਰ ਦਿੱਤੀ ਸੀ। ਮੈਨੂੰ ਵੀ ਅਜੇ ਨੌਕਰੀ ਨਹੀਂ ਸੀ ਮਿਲੀ। ਸਾਡੀ ਦੁਕਾਨ ਦੇ ਨਾਲ ਸੈਂਟਰਲ ਬੈਂਕ ਆਫ ਇੰਡੀਆ ਦੀ ਬ੍ਰਾਂਚ ਸੀ। ਉਸ ਬੈਂਕ ਦਾ ਮੈਨੇਜਰ ਚਾਵਲਾ ਨੇਕ ਦਿਲ ਇਨਸਾਨ ਸੀ। ਉਹ ਬੈਂਕ ਤੋਂ ਛੁੱਟੀ ਕਰਨ ਤੋਂ ਬਾਅਦ ਸਾਡੀ ਦੁਕਾਨ 'ਤੇ ਬੈਠ ਕੇ ਜ਼ਰੂਰ ਜਾਂਦਾ ਸੀ। ਉਸ ਨੇ ਮਨੋਂ- ਮਨੀ ਸਾਡੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਹੋਇਆ ਸੀ। ਉਸ ਨੇ ਬਹਾਨੇ ਨਾਲ ਮੇਰੇ ਦੁਕਾਨ 'ਤੇ ਬੈਠਣ ਵਾਲੇ ਭਰਾਵਾਂ ਨੂੰ ਪੁੱਛਿਆ, ''ਓ ਮੁੰਡਿਓ ਦੁਕਾਨ 'ਚ ਕੁਝ ਮਾਲ- ਮੂਲ ਵੀ ਪਾਓ, ਤੁਹਾਡੀ ਦੁਕਾਨ 'ਤੇ ਗਾਹਕ ਕਿਵੇਂ ਆਉਣਗੇ ? '' ਮੇਰੇ ਤੋਂ ਛੋਟੇ ਭਰਾ ਨੇ ਅੱਖਾਂ 'ਚ ਹੰਝੂ ਭਰਦਿਆਂ ਕਿਹਾ, ''ਚਾਵਲਾ ਸਾਹਿਬ ਮਾਲ ਤਾਂ ਪਾਈਏ ਜੇ ਪੱਲੇ ਨੋਟ ਹੋਣ। ਆੜ੍ਹਤੀਆਂ ਨੇ ਪੈਸੇ ਮਰਨ ਦੇ ਡਰ ਤੋਂ ਮਾਲ ਦੇਣ ਤੋਂ ਨਾਂਹ ਕਰ ਦਿੱਤੀ ਹੈ।''ਚਾਵਲਾ ਨੇ ਅੱਗੋਂ ਕਿਹਾ, ''ਕਾਕਾ ਮੈਂ ਤੁਹਾਨੂੰ ਪੱਚੀ ਹਜ਼ਾਰ ਰੁਪਏ ਕਰਜ਼ਾ ਦੇ ਦਿੰਦਾ ਹਾਂ। ਉਸ ਵਿੱਚੋਂ ਅੱਠ ਹਜ਼ਾਰ ਰੁਪਏ ਮਾਫ਼ ਹੋ ਜਾਣਗੇ। ਉਹ ਕਰਜ਼ਾ ਕੰਮ ਧੰਦਾ ਸ਼ੁਰੂ ਕਰਨ ਲਈ ਹੈ। ਕਰਜ਼ਾ ਲੈਣ ਵਾਲਾ ਦਸਵੀਂ ਪਾਸ ਹੋਣਾ ਚਾਹੀਦਾ ਹੈ ਤੇ ਦੁਕਾਨ ਉਸ ਦੇ ਨਾਂ 'ਤੇ ਹੋਣੀ ਚਾਹੀਦੀ ਹੈ। ਤੁਸੀਂ ਕੱਲ੍ਹ ਦਸਵੀਂ ਪਾਸ ਹੋਣ ਦਾ ਸਰਟੀਫਿਕੇਟ ਲੈ ਕੇ ਬੈਂਕ ਆ ਜਾਓ, ਮੈਂ ਤੁਹਾਨੂੰ ਕਰਜ਼ਾ ਦੇ ਦਿਆਂਗਾ। ਕਰਜ਼ਾ ਦੇਣ ਦੀ ਇਸ ਸਕੀਮ ਦੇ ਕੇਵਲ ਦੋ ਦਿਨ ਬਾਕੀ ਰਹਿ ਗਏ ਹਨ।'' ਉਸ ਦਰਵੇਸ਼ ਮਹਾਂਪੁਰਖ ਦੇ ਬੋਲਾਂ ਨੇ ਚੰਗੇ ਦਿਨ ਆਉਣ ਦੀ ਉਮੀਦ ਪੈਦਾ ਕਰ ਦਿੱਤੀ। ਜਿਸ ਭਰਾ ਦੇ ਨਾਂ 'ਤੇ ਕਰਜ਼ਾ ਮਿਲਣਾ ਸੀ, ਉਸ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਦਸਵੀਂ ਜਮਾਤ ਦਾ ਸਰਟੀਫਿਕੇਟ ਨਹੀਂ ਸੀ ਆਇਆ। ਸਮੇਂ ਦੀ ਘਾਟ ਤੇ ਸਰਟੀਫਿਕੇਟ ਦੀ ਅਣਹੋਂਦ ਤੋਂ ਲੱਗਣ ਲੱਗਾ ਕਿ ਕਰਜ਼ਾ ਮਿਲਣ ਦਾ ਇਹ ਮੌਕਾ ਹੱਥੋਂ ਨਿਕਲ ਜਾਵੇਗਾ। ਮੈਂ ਸਰਟੀਫਿਕੇਟ ਨਾ ਹੋਣ ਦੀ ਗੱਲ ਚਾਵਲਾ ਸਾਹਿਬ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਅੱਗੋਂ ਕਿਹਾ, ''ਕਾਕਾ ਜੀ, ਦਸਵੀਂ ਪਾਸ ਹੋਣ ਦੇ ਸਬੂਤ ਤੋਂ ਬਿਨਾਂ ਕਰਜ਼ਾ ਨਹੀਂ ਮਿਲੇਗਾ। ਜੇ ਤੇਰਾ ਭਰਾ ਦਸਵੀਂ ਪਾਸ ਹੈ ਤਾਂ ਕੱਲ੍ਹ ਜਾ ਕੇ ਸਰਟੀਫਿਕੇਟ ਲੈ ਆਓ, ਮੈਂ ਯਕੀਨੀ ਤੌਰ ਤੇ ਤੁਹਾਨੂੰ ਕਰਜ਼ਾ ਦੇ ਦਿਆਂਗਾ।'' ਉਨ੍ਹਾਂ ਨੇ ਬੋਰਡ ਦੇ ਇਕ ਮੁਲਾਜ਼ਮ ਦੇ ਨਾਂ ਇਕ ਪੱਤਰ ਦਿੰਦਿਆਂ ਕਿਹਾ ਕਿ ਤੁਸੀਂ ਉਸ ਨੂੰ ਮੇਰਾ ਨਾਂ ਲੈ ਕੇ ਮਿਲ ਲੈਣਾ, ਉਹ ਤੁਹਾਡੀ ਬਣਦੀ ਮਦਦ ਜ਼ਰੂਰ ਕਰੇਗਾ। ਮੈਂ ਦੂਜੇ ਦਿਨ ਆਪਣੇ ਭਰਾ ਦਾ ਸਰਟੀਫਿਕੇਟ ਲੈਣ ਲਈ ਮੁਹਾਲੀ ਚਲਾ ਗਿਆ। ਜਿਹੜੇ ਬੰਦੇ ਨੇ ਸਰਟੀਫਿਕੇਟ ਦੇਣਾ ਸੀ, ਉਹ ਛੁੱਟੀ 'ਤੇ ਸੀ। ਛੁੱਟੀ ਵੀ ਤਿੰਨ ਦਿਨ ਦੀ ਸੀ। ਮੇਰੀ ਰਹਿੰਦੀ -ਖੂੰਹਦੀ ਉਮੀਦ ਦਾ ਕਿਲ੍ਹਾ ਢਹਿ ਢੇਰੀ ਹੋ ਗਿਆ। ਮੈਂ ਉਸ ਬ੍ਰਾਂਚ ਦੇ ਇਕ- ਦੋ ਬੰਦਿਆਂ ਤੋਂ ਪੁੱਛਿਆ ਕਿ ਮੇਰੀ ਸਮੱਸਿਆ ਦਾ ਹੱਲ ਕਿਵੇਂ ਹੋ ਸਕਦਾ ਹੈ? ਉਨ੍ਹਾਂ ਸਾਰਿਆਂ ਨੇ ਸਾਫ਼ ਨਾਂਹ ਕਰ ਦਿੱਤੀ। ਮੈਂ ਘਰ ਨੂੰ ਮੁੜਨ ਹੀ ਲੱਗਾ ਸਾਂ ਕਿ ਬ੍ਰਾਂਚ ਦੇ ਸੁਪਰਡੈਂਟ ਨੇ ਮੈਨੂੰ ਬੁਲਾ ਕੇ ਪੁੱਛਿਆ ਕਿ ਉਸ ਦੀ ਕੀ ਸਮੱਸਿਆ ਹੈ। ਮੈਥੋਂ ਬੋਲਿਆ ਨਾ ਗਿਆ। ਮੇਰਾ ਰੋਣਾ ਨਿਕਲ ਗਿਆ। ਉਨ੍ਹਾਂ ਨੇ ਮੈਨੂੰ ਤਸੱਲੀ ਦਿੰਦਿਆਂ ਮੈਥੋਂ ਸਾਰੀ ਗੱਲ ਪੁੱਛ ਲਈ। ਉਨ੍ਹਾਂ ਨੇ ਦੂਜੇ ਕਲਰਕ ਨੂੰ ਚਾਬੀ ਦੇ ਕੇ ਮੈਨੂੰ ਸਰਟੀਫਿਕੇਟ ਦੁਆ ਦਿੱਤਾ। ਉਸ ਸਰਟੀਫਿਕੇਟ ਨੇ ਸਾਨੂੰ ਕਰਜ਼ਾ ਦਿਵਾ ਦਿੱਤਾ। ਸਾਡੀ ਦੁਕਾਨ ਦਾ ਕੰਮ ਚੱਲ ਪਿਆ। ਸਾਡੇ ਪਰਿਵਾਰ ਨੂੰ ਬੈਂਕ ਮੈਨੇਜਰ ਚਾਵਲਾ ਸਾਹਿਬ ਤੇ ਬੋਰਡ ਦੇ ਸੁਪਰਡੈਂਟ ਸਾਹਿਬ ਅੱਜ ਵੀ ਯਾਦ ਹਨ। ਉਹ ਦਰਵੇਸ਼ ਮਹਾਂਪੁਰਸ਼ ਸਾਨੂੰ ਆਪਣੇ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਚੰਗੇ ਲੱਗਦੇ ਹਨ। ਸਾਡੇ ਇਕ ਰਿਸ਼ਤੇਦਾਰ ਨੇ ਸੌ ਰੁਪਏ ਟੁੱਟੇ ਹੋਏ ਦੇਣ ਤੋਂ ਇਸ ਲਈ ਨਾਂਹ ਕਰ ਦਿੱਤੀ ਸੀ ਕਿਉਂਕਿ ਉਸ ਨੂੰ ਇੰਝ ਲੱਗਾ ਸੀ ਕਿ ਮੈਂ ਸੌ ਰੁਪਏ ਉਧਾਰ ਲੈਣ ਆਇਆ ਹਾਂ। ਸਾਡੀ ਸਾਰਿਆਂ ਦੀ ਇਹ ਸੋਚ ਬਣੀ ਹੋਈ ਹੈ ਕਿ ਬਿਨਾਂ ਰਿਸ਼ਵਤ ਦਿੱਤਿਆਂ ਕੋਈ ਕੰਮ ਹੁੰਦਾ ਹੀ ਨਹੀਂ। ਇਸ ਸਮਾਜ 'ਚੋਂ ਇਮਾਨਦਾਰ ਲੋਕ ਮੁੱਕ ਹੀ ਗਏ ਹਨ ਪਰ ਸਾਡੀ ਇਹ ਸੋਚ ਠੀਕ ਨਹੀਂ। ਮੈਂ ਸਿੱਧੀ ਭਰਤੀ ਰਾਹੀਂ ਲੈਕਚਰਾਰ ਚੁਣਿਆ ਗਿਆ ਸੀ। ਮੇਰੇ ਨਿਯੁਕਤੀ ਪੱਤਰ 'ਚ ਮੇਰੇ ਨਾਂ ਦੀ ਸੋਧ ਹੋਣੀ ਸੀ। ਮੈਂ ਚੰਡੀਗੜ੍ਹ ਦੇ ਡੀਪੀਆਈ ਦਫ਼ਤਰ ਦੇ ਕਈ ਚੱਕਰ ਲਗਾ ਚੁੱਕਾ ਸਾਂ ਪਰ ਮੇਰਾ ਕੰਮ ਨਹੀਂ ਸੀ ਬਣ ਰਿਹਾ । ਮੈਂ ਕਾਫ਼ੀ ਪਰੇਸ਼ਾਨ ਸਾਂ। ਮੇਰੇ ਨੌਕਰੀ 'ਤੇ ਹਾਜ਼ਰ ਹੋਣ ਦੇ ਦਿਨ ਵੀ ਪੂਰੇ ਹੋਣ ਵਾਲੇ ਸਨ। ਡੀਪੀਆਈ ਸਾਹਿਬ ਨੂੰ ਮਿਲਣਾ ਬਹੁਤ ਔਖਾ ਸੀ। ਮੈਂ ਬ੍ਰਾਂਚ ਦੇ ਮੇਜ਼ 'ਤੇ ਬੈਠਾ ਸੀ। ਇਕ ਬਾਬੂ ਨੇ ਮੈਨੂੰ ਬੁਲਾ ਕੇ ਪੁੱਛਿਆ, ''ਕਾਕਾ, ਮੈਂ ਤੈਨੂੰ ਕਈ ਦਿਨਾਂ ਤੋਂ ਵੇਖ ਰਿਹਾ ਹਾਂ, ਤੇਰਾ ਕੰਮ ਕੀ ਹੈ ?'' ਮੈਂ ਉਸ ਨੂੰ ਆਪਣੇ ਬਾਰੇ ਸਭ ਕੁੱਝ ਦੱਸ ਦਿੱਤਾ। ਉਸ ਨੇ ਮੇਰਾ ਨਿਯੁਕਤੀ ਪੱਤਰ ਲੈ ਕੇ ਕਿਹਾ, ''ਤੂੰ ਦੁਪਹਿਰ ਤੋਂ ਬਾਅਦ ਆ ਜਾਵੀਂ, ਤੇਰਾ ਕੰਮ ਹੋ ਜਾਵੇਗਾ।' ਮੈਂ ਉਸ ਦੇ ਬੋਲ ਸੁਣ ਕੇ ਬਾਗ਼ੋ-ਬਾਗ਼ ਹੋ ਗਿਆ। ਮੈਂ ਦੁਪਹਿਰ ਤੋਂ ਬਾਅਦ ਬ੍ਰਾਂਚ 'ਚ ਜਾ ਪਹੁੰਚਿਆ। ਉਸ ਨੇ ਨਿਯੁਕਤੀ ਪੱਤਰ ਮੇਰੇ ਹੱਥ ਫੜਾਉਂਦਿਆਂ ਕਿਹਾ, ''ਥੱਲੇ ਚੱਲ, ਤੈਨੂੰ ਚਾਹ ਪਿਆ ਕੇ ਭੇਜਦਾ ਹਾਂ।'' ਉਸ ਦੇ ਸ਼ਬਦ ਸੁਣ ਕੇ ਮੈਂ ਮਨੋਂ- ਮਨੀਂ ਸੋਚਣ ਲੱਗਾ ਕਿ ਚਾਹ ਪਿਆਉਣਾ ਤਾਂ ਬਹਾਨਾ ਹੈ। ਚਾਹ ਦੀ ਦੁਕਾਨ 'ਤੇ ਲਿਜਾ ਕੇ ਇਹ ਮੈਥੋਂ ਚਾਹ- ਪਾਣੀ ਦੀ ਸੇਵਾ ਮੰਗੇਗਾ ਪਰ ਉਸ ਨੇ ਮੇਰੀ ਸੋਚ 'ਤੇ ਪਾਣੀ ਫੇਰ ਦਿੱਤਾ। ਮੈਂ ਚਾਹ ਪੀਣ ਤੋਂ ਬਾਅਦ ਉਸ ਨੂੰ ਪੁੱਛਿਆ , 'ਸਰ ਆਪਣਾ ਸੇਵਾ ਪਾਣੀ ਦੱਸੋ।' ਮੇਰੇ ਸ਼ਬਦ ਸੁਣ ਕੇ ਉਹ ਬੋਲਿਆ, 'ਕਾਕਾ ਮੈਂ ਤੈਥੋਂ ਸੇਵਾ ਪਾਣੀ ਮੰਗਿਆ ਹੈ ? ਦਿਲ ਤਾਂ ਕਰਦਾ ਹੈ ਕਿ ਤੇਰਾ ਨਿਯੁਕਤੀ ਪੱਤਰ ਫਾੜ ਦਿਆਂ ਤੇ ਆਖਾਂ, ਜਾਹ ਆਪਣਾ ਕੰਮ ਕਰਵਾ ਲੈ। ਮੈਂ ਤੇਰਾ ਕੰਮ ਇਸ ਲਈ ਕਰਵਾਇਆ ਹੈ ਕਿ ਤੂੰ ਅਧਿਆਪਕ ਬਣਨ ਜਾ ਰਿਹੈਂ। ਮੇਰੇ ਪਿਤਾ ਜੀ ਵੀ ਅਧਿਆਪਕ ਹੀ ਸਨ। ਮੇਰਾ ਸੇਵਾ ਪਾਣੀ ਇਹ ਹੈ ਕਿ ਸਕੂਲ 'ਚ ਇਮਾਨਦਾਰੀ ਨਾਲ ਕੰਮ ਕਰੀਂ।' ਐਨੇ ਸ਼ਬਦ ਕਹਿ ਕੇ ਉਹ ਦਰਵੇਸ਼ ਮਹਾਂਪੁਰਸ਼ ਦਫ਼ਤਰ ਦੀਆਂ ਪੌੜੀਆਂ ਚੜ੍ਹ ਗਿਆ। ਜਦੋਂ ਮੁਸ਼ਕਲ 'ਚ ਖ਼ੂਨ ਦੇ ਰਿਸ਼ਤੇ ਵੀ ਮੂੰਹ ਮੋੜ ਜਾਂਦੇ ਹਨ ਤਾਂ ਪਰਮਾਤਮਾ ਸਾਡੇ ਲਈ ਕੋਈ ਨਾ ਕੋਈ ਫਰਿਸ਼ਤਾ ਭੇਜ ਹੀ ਦਿੰਦਾ ਹੈ। ਮੇਰੀ ਜ਼ਿੰਦਗੀ ਦੇ ਮੁਸ਼ਕਲਾਂ ਭਰੇ ਦੌਰ 'ਚ ਮਦਦ ਦੇ ਹੱਥ ਵਧਾਉਣ ਵਾਲੇ ਅਜਿਹੇ ਫਰਿਸ਼ਤਿਆਂ ਦਾ ਮੈਂ ਕਦੇ ਦੇਣ ਨਹੀਂ ਦੇ ਸਕਦਾ। ਜੇ ਇਹ ਸਾਥ ਨਾ ਦਿੰਦੇ ਤਾਂ ਪਤਾ ਨਹੀਂ ਮੇਰਾ ਕੀ ਬਣਦਾ। ਆਪਣਿਆਂ ਨਾਲੋਂ ਵਧ ਕੇ ਇਨ੍ਹਾਂ ਪਰਾਏ ਦਰਵੇਸ਼ਾਂ ਦਾ ਮੇਰਾ ਰੋਮ-ਰੋਮ ਕਰਜ਼ਦਾਰ ਹੈ ਨਾਲੋਂ ਵਧ ਕੇ ਪਰਾਏ ਦਰਵੇਸ਼"
(ਗੁਰਵਿੰਦਰ ਸਿੰਘ ਮੋਹਾਲੀ)


   
  
  ਮਨੋਰੰਜਨ


  LATEST UPDATES











  Advertisements