View Details << Back

ਨਸ਼ਿਆਂ ਦੇ ਖਾਤਮੇ ਲਈ ਅਜਿਹੇ ਵਿਅਕਤੀਆਂ ਖਿਲਾਫ ਅਗਾਊਂ ਕਾਰਵਾਈ ਦੇ ਹੁਕਮ
ਛੇਤੀ ਨਿਪਟਾਰੇ ਲਈ ਬਣਨਗੀਆਂ ਫਾਸਟ ਟ੍ਰੈਕ ਅਦਾਲਤਾਂ

ਚੰਡੀਗੜ੍ਹ, 26 ਜੂਨ (ਗੁਰਵਿੰਦਰ ਸਿੰਘ ਮੋਹਾਲੀ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਦੇ ਖਾਤਮੇ ਲਈ ਅਜਿਹੇ ਵਿਅਕਤੀਆਂ ਦੇ ਖਿਲਾਫ ਅਗਾਊਂ ਕਾਰਵਾਈ ਦੇ ਹੁਕਮ ਦਿੱਤੇ ਹਨ ਜਿਹੜੇ ਨਸ਼ਿਆਂ ਦੇ ਸਾਮਾਨ ਦੀ ਸਮਗਲਿੰਗ ਅਤੇ ਵਪਾਰ ਵਿੱਚ ਲੱਗੇ ਹਨ ਅਤੇ ਇਹਨਾਂ ਦੇ ਨਾਮ ਵਾਰ ਵਾਰ ਸਾਮ੍ਹਣੇ ਆਉਂਦੇ ਹਨ| ਇਸ ਸੰਬੰਧੀ ਪੰਜਾਬ ਪੁਲੀਸ ਵਲੋਂ ਅਜਿਹੇ 200 ਮੁਜਰਿਮਾਂ ਦੀ ਪਹਿਚਾਨ ਕੀਤੀ ਗਈ ਹੈ|ਮੁੱਖ ਮੰਤਰੀ ਨੇ ਕਿਹਾ ਕਿ ਐਨ ਡੀ ਪੀ ਐਸ ਐਕਟ ਦੇ ਤਹਿਤ ਅਜਿਹੇ ਵਿਅਕਤੀਆਂ ਨੂੰ ਅਗਾਊਂ ਕਾਰਵਾਈ ਦੇ ਤਹਿਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ| ਉਹਨਾਂ ਇਸਦੇ ਨਾਲ ਹੀ ਅਜਿਹੇ ਵਿਅਕਤੀਆਂ ਦੇ ਖਿਲਾਫ ਮਾਮਲਿਆਂ ਦੇ ਛੇਤੀ ਨਿਪਟਾਰੇ ਲਈ ਫਾਸਟ ਟ੍ਰੇਕ ਅਦਾਲਤਾਂ ਬਣਾਉਣ ਦੀ ਗੱਲ ਵੀ ਆਖੀ| ਉਹਨਾਂ ਕਿਹਾ ਕਿ ਉਹ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨਾਲ ਵਿਚਾਰਣਗੇ ਤਾਂ ਜੋ ਫਾਸਟ ਟ੍ਰੈਕ ਅਦਾਤਾਂ ਚਾਲੂ ਕੀਤੀਆਂ ਜਾ ਸਕਣ|ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪੰਜਾਬ ਦੇ ਸਮੂਹ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਜਿਲ੍ਹਾ ਪੁਲੀਸ ਮੁਖੀਆਂ ਨਾਲ ਵੀਡੀਓ ਕਾਨਫਰਸਿੰਗ ਕਰਕੇ ਸੂਬੇ ਵਿਚਲੀ ਨਸ਼ਿਆਂ ਦੀ ਸਮੱਸਿਆ ਦੇ ਹਲ ਲਈ ਕੀਤੀ ਜਾ ਰਹੀ ਕਾਰਵਾਈ ਦੀ ਸਮੀਖਿਆ ਕੀਤੀ ਗਈ ਅਤੇ ਇਸ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਵਿਚਾਰ ਕੀਤਾ ਗਿਆ| ਉਹਨਾਂ ਇਸ ਸੰਬੰਧੀ ਕੰਮ ਕਰ ਰਹੀਆਂ ਨਾਰਕੋਟਿਕਸ ਕੰਟਰੋਲ ਬਿਊਰੋ ਦੀਆਂ 8 ਟੀਮਾਂ ਨੂੰ ਸਰਕਾਰ ਦਾ ਪੂਰਾ ਸਮਰਥਨ ਦੇਣ ਦੀ ਗੱਲ ਵੀ ਆਖੀ ਜਿਹੜੀਆਂ ਸਰਹੱਦੀ ਖੇਤਰਾਂ ਵਿੱਚ ਨਸ਼ਿਆਂ ਦੀ ਸਮੱਸਿਆ ਤੇ ਕਾਬੂ ਕਰਨ ਲਈ ਕੰਮ ਕਰ ਰਹੀਆਂ ਹਨ| ਇਸ ਮੌਕੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡਿਪਟੀ ਡਾਇਰੈਕਟਰ ਜਨਰਲ ਸ੍ਰੀ ਐਸ ਕੇ ਝਾ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਵਿੱਚ ਉਹਨਾਂ ਸਮੇਤ ਬਿਊਰੋ ਦੇ 25 ਅਧਿਕਾਰੀ ਕੰਮ ਕਰ ਰਹੇ ਹਨ|ਡੀ ਜੀ ਪੀ ਸ੍ਰੀ ਦਿਨਕਰ ਗੁਪਤਾ ਨੇ ਮੀਟਿੰਗ ਦੌਰਾਨ ਦੱਸਿਆ ਕਿ ਮੁੱਖ ਮੰਤਰੀ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਨਸ਼ਿਆਂ ਦੀ ਸਮੱਸਿਆ ਦੇ ਹੱਲ ਵਾਸਤੇ ਇੱਕ ਕੌਮੀ ਡ੍ਰਗ ਪਾਲਿਸੀ ਬਣਾਉਣ ਦੀ ਮੰਗ ਤੇ ਕੇਂਦਰ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਇਸ ਸੰਬੰਧੀ ਅਧਿਕਾਰੀਆਂ ਨੂੰ ਹਿਦਾਇਤਾਂ ਦਿੱਤੀਆਂ ਹਨ ਕਿ ਉਹ ਇਸ ਸੰਬੰਧੀ ਬਿਹਤਰ ਤਰੀਕੇ ਨਾਲ ਤਾਲਮੇਲ ਕਰਨ| ਉਹਨਾਂ ਦੱਸਿਆ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਵਲੋਂ ਦੇਸ਼ ਦੇ ਹੋਰਨਾਂ ਥਾਵਾਂ ਤੋਂ ਦੋ ਦਰਜਨ ਦੇ ਕਰੀਬ ਅਧਿਕਾਰੀ ਪੰਜਾਬ ਵਿੱਚ ਨਸ਼ਿਆ ਦੀ ਸਮੱਸਿਆ ਦੇ ਹਲ ਲਈ ਭੇਜੇ ਗਏ ਹਨ| ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਸਰਕਾਰ ਇਸ ਮੁੱਦੇ ਤੇ ਅਧਿਕਾਰੀਆਂ ਦੀ ਮਿਲੀਭੁਗਤ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਇਸਤੇ ਜੀਰੋ ਟਾਲਰੈਂਸ ਨੀਤੀ ਅਖਤਿਆਰ ਕੀਤੀ ਜਾਵੇਗੀ| ਉਹਨਾਂ ਡੀ ਜੀ ਪੀ ਨੂੰ ਹਿਦਾਇਤ ਕੀਤੀ ਕਿ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਡ੍ਰਗ ਸਮਗਲਰਾਂ, ਵਪਾਰੀਆਂ ਅਤੇ ਨਸ਼ਿਆਂ ਦਾ ਸਮਾਨ ਪਹੁੰਚਾਉਣ ਵਾਲਿਆਂਦੇ ਗਠਜੋੜ ਨੂੰ ਖਤਮ ਕਰਨ ਲਈ ਵਿਸ਼ੇਸ਼ ਕਦਮ ਚੁੱਕਣ| ਉਹਨਾਂ ਕਾਲੀਆਂ ਭੇਡਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜਿਹੜੇ ਮੁਲਾਜਮ ਇਸ ਵਿੱਚ ਸ਼ਾਮਿਲ ਪਾਏ ਜਾਣਗੇ ਉਹਨਾਂ ਦੀ ਬਰਖਾਸਤਗੀ ਦੇ ਨਾਲ ਨਾਲ ਉਹਨਾਂ ਦੇ ਖਿਲਾਫ ਬਣਦੇ ਮਾਮਲੇ ਦਰਜ ਕੀਤੇ ਜਾਣਗੇ|


   
  
  ਮਨੋਰੰਜਨ


  LATEST UPDATES











  Advertisements