View Details << Back

ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਐਸਐਮਓ ਡਾ. ਮੁਲਤਾਨੀ ਦੀ ਬਦਲੀ ਰੱਦ ਕਰਨ ਦੀ ਮੰਗ
ਡਾ. ਮੁਲਤਾਨੀ ਦੀ 300 ਕਿਲੋਮੀਟਰ ਦੂਰ ਕੀਤੀ ਬਦਲੀ ਦੀ ਨਿਖੇਧੀ

ਐੱਸ ਏ ਐੱਸ ਨਗਰ {ਗੁਰਵਿੰਦਰ ਸਿੰਘ ਮੋਹਾਲੀ}ਪ੍ਰਾਇਮਰੀ ਹੈਲਥ ਸੈਂਟਰ ਪਿੰਡ ਬੂਥਗੜ੍ਹ (ਜ਼ਿਲ੍ਹਾ ਮੁਹਾਲੀ) ਦੇ ਇੰਚਾਰਜ ਐਸਐਮਓ ਡਾ. ਦਲੇਰ ਸਿੰਘ ਮੁਲਤਾਨੀ ਦੀ ਬਦਲੀ ਨੂੰ ਲੈ ਕੇ ਸਮਾਜ ਸੇਵੀ ਸੰਸਥਾਵਾਂ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਡਾ. ਮੁਲਤਾਨੀ ਦੀ ਬਦਲੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਡਾ. ਮੁਲਤਾਨੀ ਨੂੰ ਇੱਥੋਂ ਬਦਲ ਕੇ ਕਮਿਊਨਿਟੀ ਹੈਲਥ ਸੈਂਟਰ ਫਾਜ਼ਿਲਕਾ ਦਾ ਐਮਐਸਓ ਲਗਾਇਆ ਗਿਆ ਹੈ। ਜਿੱਥੇ ਐਸਐਮਓ ਦੀ ਅਸਾਮੀ ਕਾਫੀ ਸਮੇਂ ਤੋਂ ਖਾਲੀ ਪਈ ਸੀ। ਜਦੋਂਕਿ ਉਨ੍ਹਾਂ ਦੀ ਥਾਂ ਡਾ. ਦਿਲਬਾਗ ਸਿੰਘ ਨੂੰ ਬੂਥਗੜ੍ਹ ਦਾ ਨਵਾਂ ਐਸਐਮਓ ਲਾਇਆ ਗਿਆ ਹੈ।ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਅਤੇ ਸੀਨੀਅਰ ਆਗੂ ਡਾ. ਅਬਦੁਲ ਮਜੀਦ ਨੇ ਕਿਹਾ ਕਿ ਡਾ. ਮੁਲਤਾਨੀ ਲੰਮੇ ਅਰਸੇ ਤੋਂ ਵੱਖ ਵੱਖ ਹਸਪਤਾਲਾਂ ਵਿੱਚ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਡਿਊਟੀ ਨਿਭਾਉਂਦੇ ਆ ਰਹੇ ਹਨ ਅਤੇ ਪਿੱਛੇ ਜਿਹੇ ਉਨ੍ਹਾਂ ਨੇ ਸਰਕਾਰੀ ਦਵਾਈਆਂ ਦੀ ਖਰੀਦ ਵਿੱਚ ਘਪਲੇਬਾਜ਼ੀ ਅਤੇ ਖੰਘ ਦੀ ਦਵਾਈ ਵਿੱਚ ਨਸ਼ੇ ਦੀ ਵਧੇਰੇ ਮਾਤਰਾ ਹੋਣ ਦਾ ਖੁਲਾਸਾ ਕੀਤਾ ਸੀ ਅਤੇ ਸਰਕਾਰੀ ਹਸਪਤਾਲਾਂ ਦੀ ਨਵੀਂ ਬਣੀ ਇਮਾਰਤਾਂ ਦਾ ਉਦਘਾਟਨ ਕਿਸੇ ਸੱਤਾਧਾਰੀ ਆਗੂ ਜਾਂ ਮੰਤਰੀ ਤੋਂ ਨਾ ਕਰਵਾ ਕੇ ਕਿਸੇ ਚੌਥਾ ਦਰਜਾ ਕਰਮਚਾਰੀ ਤੋਂ ਕਰਵਾ ਕੇ ਸਿਆਸੀ ਆਗੂਆਂ ਅਤੇ ਸਰਕਾਰਾਂ ਨਾਲ ਮੱਥਾ ਲਗਾਉਂਦੇ ਰਹੇ ਹਨ। ਉਨ੍ਹਾਂ ਮੰਤਰੀ ਨੂੰ ਕਿਹਾ ਕਿ ਉਹ ਬੂਥਗੜ੍ਹ ਹਸਪਤਾਲ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਜ਼ਰੂਰ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਡਾ. ਮੁਲਤਾਨੀ ਨੇ ਬਿਨਾਂ ਸਰਕਾਰੀ ਫੰਡ ਤੋਂ ਹਸਪਤਾਲ ਦੀ ਇਮਾਰਤ ਕਿੰਨਾ ਖ਼ੂਬਸੂਰਤ ਅਤੇ ਬਾਹਰੋਂ ਹਰਿਆ ਭਰਿਆ ਬਣਾਇਆ ਗਿਆ ਹੈ, ਜੋ ਕਿ ਕਿਸੇ ਸੈਰਗਾਹ ਵਜੋਂ ਘੱਟ ਨਹੀਂ ਹੈ ਜਦੋਂਕਿ ਮੰਤਰੀ ਦੇ ਸ਼ਹਿਰ ਦੇ ਜ਼ਿਲ੍ਹਾ ਪੱਧਰੀ ਹਸਪਤਾਲ ਫੇਜ਼-6 ਦੀ ਹਾਲਤ ਬਹੁਤ ਚੰਗੀ ਨਹੀਂ ਹੈ। ਇੱਥੇ ਸਫ਼ਾਈ ਦਾ ਬੂਰਾ ਹਾਲ ਹੈ। ਪਾਰਕਿੰਗ ਅਤੇ ਹੋਰ ਆਲੇ ਦੁਆਲੇ ਵੱਡੀ ਮਾਤਰਾ ਵਿੱਚ ਕਾਂਗਰਸ ਘਾਹ ਉੱਗਿਆ ਹੋਇਆ ਹੈ ਅਤੇ ਬਾਥਰੂਮ ਵੀ ਵਰਤੋਂ ਯੋਗ ਨਹੀਂ ਹਨ।ਜ਼ਿਲ੍ਹਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੁਲਦੀਪ ਕੌਰ ਕੰਗ ਨੇ ਕਿਹਾ ਕਿ ਸਿਹਤ ਮੰਤਰੀ ਨੇ ਡਾ. ਮੁਲਤਾਨੀ ਦੀ ਬਦਲੀ ਦੇ ਮਾਮਲੇ ਵਿੱਚ ਸਾਰੇ ਕਾਇਦੇ ਕਾਨੂੰਨ ਛਿੱਕੇ ’ਤੇ ਟੰਗ ਦਿੱਤੇ ਹਨ। ਉਨ੍ਹਾਂ ਕਿਹਾ ਕਿ ਡਾ. ਮੁਲਤਾਨੀ 5 ਮਹੀਨੇ ਬਾਅਦ ਸੇਵਾਮੁਕਤ ਹੋ ਰਹੇ ਹਨ। ਸਰਕਾਰੀ ਨੇਮਾਂ ਅਨੁਸਾਰ ਜਦੋਂ ਕੋਈ ਅਫ਼ਸਰ ਜਾਂ ਮੁਲਾਜ਼ਮ ਸੇਵਾਮੁਕਤੀ ਦੇ ਨੇੜੇ ਹੋਵੇ ਤਾਂ ਉਸ ਨੂੰ ਦੂਰ ਦੁਰਾਡੇ ਨਹੀਂ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੰਤਰੀ ਵਿਕਾਸ ਕੰਮ ਘੱਟ ਅਤੇ ਖੁੰਦਕਾਂ ਜ਼ਿਆਦਾ ਕੱਢ ਰਹੇ ਹਨ।ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੋਹਾਲੀ ਇਕਾਈ ਨੇ ਪ੍ਰਾਇਮਰੀ ਹੈਲਥ ਸੈਂਟਰ, ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦਲੇਰ ਸਿੰਘ ਮੁਲਤਾਨੀ ਦੀ ਸਿਹਤ ਵਿਭਾਗ ਵੱਲੋਂ 300 ਕਿੱਲੋਮੀਟਰ ਦੂਰ ਰਾਜਸਥਾਨ ਦੇ ਨੇੜੇ ਕੀਤੀ ਬਦਲੀ ਦੀ ਨਿਖੇਧੀ ਕੀਤੀ ਹੈ| ਇੱਥੇ ਜਾਰੀ ਬਿਆਨ ਵਿੱਚ ਸੁਸਾਇਟੀ ਦੀ ਇਕਾਈ ਮੁਹਾਲੀ ਦੇ ਸੀਨੀਅਰ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਇਮਾਨਦਾਰ ਅਫਸਰ ਦੀ ਰਾਜਸਥਾਨ ਦੇ ਨੇੜੇ ਫਾਜ਼ਿਲਕਾ ਜਿਲ੍ਹੇ ਦੇ ਹਸਪਤਾਲ ਵਿਚ ਕੀਤੀ ਗਈ ਬਦਲੀ ਸੌੜੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਜਾਪਦੀ ਹੈ|ਉਹਨਾਂ ਕਿਹਾ ਕਿ ਡਾ. ਮੁਲਤਾਨੀ ਇੱਕ ਇਮਾਨਦਾਰ ਡਾਕਟਰ ਹਨ ਅਤੇ ਉਹ ਲੋਕਾਂ ਦੀ ਸੇਵਾ ਦੇ ਨਾਲ-ਨਾਲ ਵਿਭਾਗ ਦੇ ਗਲਤ ਫੈਸਲਿਆਂ ਨੂੰ ਵੀ ਉਜਾਗਰ ਕਰ ਕੇ ਆਲੋਚਨਾ ਕਰਦੇ ਰਹਿੰਦੇ ਹਨ ਅਤੇ ਅਜਿਹਾ ਲਗਦਾ ਹੈ ਕਿ ਡਾ. ਮੁਲਤਾਨੀ ਨੂੰ ਉਹਨਾਂ ਦੇ ਉਕਤ ਕਾਰਜਾਂ ਦੀ ਸਜ਼ਾ ਸੂਬੇ ਦੇ ਇੱਕ ਪਾਸੇ ਤੋਂ ਬਿਲਕੁਲ ਦੂਜੇ ਪਾਸੇ ਬਦਲੀ ਕਰਕੇ ਦਿੱਤੀ ਜਾ ਰਹੀ ਹੈ|ਤਰਕਸ਼ੀਲ ਆਗੂ ਨੇ ਕਿਹਾ ਕਿ ਰੂਟੀਨ ਦੀ ਬਦਲੀ 300 ਕਿਲੋਮੀਟਰ ਦੂਰ ਕਿਸੇ ਪਾਸਿਓਂ ਵੀ ਜਾਇਜ਼ ਨਹੀਂ| ਉਹਨਾਂ ਕਿਹਾ ਕਿ ਡਾ. ਮੁਲਤਾਨੀ ਦੀ ਸਰਵਿਸ ਦੇ ਸਿਰਫ 5 ਮਹੀਨੇ ਬਾਕੀ ਹਨ ਤੇ ਨਿਯਮਾਂ ਮੁਤਾਬਿਕ ਇਸ ਸਟੇਜ ਤੇ ਬਦਲੀ ਨਹੀਂ ਹੋਣੀ ਚਾਹੀਦੀ| ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕ ਭਾਵਨਾ ਨੂੰ ਸਮਝਦਿਆਂ ਡਾ. ਦਲੇਰ ਸਿੰਘ ਮੁਲਤਾਨੀ ਦੀ ਬਦਲੀ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਸਰਕਾਰੀ ਸੇਵਾ ਵਿੱਚ ਇਮਾਨਦਾਰੀ ਨਾਲ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਅਜ਼ਾਦਾਨਾ ਢੰਗ ਨਾਲ ਕੰਮ ਕਰਨ ਦਿੱਤਾ ਜਾਵੇ| ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਾਰੇ ਡਾਕਟਰਾਂ ਦੀਆਂ ਬਦਲੀਆਂ ਪਾਰਦਰਸ਼ੀ ਢੰਗ ਨਾਲ ਕੀਤੀਆਂ ਗਈਆਂ ਹਨ। ਡਾ. ਮੁਲਤਾਨੀ ਦੀ ਬਦਲੀ ਸਬੰਧੀ ਪੁੱਛੇ ਜਾਣ ’ਤੇ ਸਿਹਤ ਮੰਤਰੀ ਨੇ ਕਿਹਾ ਕਿ ਡਾ. ਮੁਲਤਾਨੀ ਬਹੁਤ ਸੂਝਵਾਨ ਅਤੇ ਸਿਆਣੇ ਡਾਕਟਰ ਹਨ। ਇਸ ਲਈ ਉਨ੍ਹਾਂ ਦੇ ਤਜ਼ੁਰਬੇ ਦਾ ਹੋਰਨਾਂ ਇਲਾਕਿਆਂ ਵਿੱਚ ਲਾਭ ਲਿਆ ਜਾਵੇਗਾ। ਜਿਸ ਕਾਰਨ ਉਨ੍ਹਾਂ ਦੀ ਬਦਲੀ ਫਾਜ਼ਿਲਕਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਈ ਪਦਉੱਨਤ ਐਸਐਮਓ ਆਪਣੀ ਤਾਇਨਾਤੀ ਨੂੰ ਉਡੀਕ ਰਹੇ ਸੀ ਅਤੇ ਕਾਫੀ ਹਸਪਤਾਲਾਂ ਵਿੱਚ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਸਨ ਪ੍ਰੰਤੂ ਪਿਛਲੀ ਅਕਾਲੀ ਸਰਕਾਰ ਨੇ ਸਿਹਤ ਸਹੂਲਤਾਂ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਲੋੜ ਅਨੁਸਾਰ ਹੋਰ ਨਵੇਂ ਡਾਕਟਰਾਂ ਦੀ ਭਰਤੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬੁਨਿਆਦੀ ਸਿਹਤ ਸਹੂਲਤਾਂ ਪ੍ਦਾਨ ਕੀਤੀਆਂ ਜਾਣਗੀਆਂ।


   
  
  ਮਨੋਰੰਜਨ


  LATEST UPDATES











  Advertisements