View Details << Back

ਦਿਨ ਦਿਹਾੜੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ
ਸੈਕਟਰ 40 ਦੀ ਮਿੰਨੀ ਮਾਰਕੀਟ 'ਚ ਲੜਕੇ ਦੀ ਹੱਤਿਆ

ਚੰਡੀਗੜ੍ 28 ਜੂਨ (ਗੁਰਵਿੰਦਰ ਸਿੰਘ ਮੋਹਾਲੀ) - ਚੰਡੀਗੜ ਦੇ ਸੈਕਟਰ 40 'ਚ ਦਿਨ ਦਿਹਾੜੇ ਇਕ ਲੜਕੇ 'ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ | ਸੈਕਟਰ ਦੀ ਮਿੰਨੀ ਮਾਰਕੀਟ 'ਚ ਆਪਣੀ ਜਾਨ ਬਚਾਉਣ ਲਈ ਲੜਕਾ ਹਲਵਾਈ ਦੀ ਦੁਕਾਨ ਅੰਦਰ ਜਾ ਵੜਿਆ ਪਰ ਹਮਲਾਵਰਾਂ ਨੇ ਉੱਥੇ ਵੀ ਉਸ ਦਾ ਪਿੱਛਾ ਨਹੀਂ ਛੱਡਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ | ਮੌਕੇ 'ਤੇ ਮੌਜੂਦ ਲੋਕਾਂ ਨੇ ਮਾਮਲੇ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਿਸ ਦੇ ਬਾਅਦ ਲੜਕੇ ਨੂੰ ਜ਼ਖ਼ਮੀ ਹਾਲਤ ਵਿਚ ਪੀ.ਜੀ.ਆਈ ਲੈਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਸੰਨੀ ਇਨਕਲੇਵ ਦੇ ਰਹਿਣ ਵਾਲੇ ਅਮਿਤ ਕਟੋਚ ਉਰਫ਼ ਹਨੀ (27) ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਘਟਨਾ ਦੁਪਹਿਰ 12.09 ਦੇ ਕਰੀਬ ਦੀ ਹੈ ਜਦ ਅਮਿਤ ਕਟੋਚ ਆਪਣੀ ਫੀਗੋ ਕਾਰ 'ਤੇ ਸੈਕਟਰ 40 ਦੀ ਮਿੰਨੀ ਮਾਰਕੀਟ 'ਚ ਪਹੁੰਚਿਆ | ਇਸ ਦੌਰਾਨ ਪਹਿਲਾ ਤੋਂ ਹੀ ਕੁਝ ਲੜਕੇ ਮਾਰਕੀਟ 'ਚ ਮੌਜੂਦ ਸਨ ਜਿਨ੍ਹਾਂ ਨੇ ਅਮਿਤ ਨੂੰ ਦੇਖਦੇ ਹੀ ਉਸ 'ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ 4-5 ਲੜਕੇ ਅਮਿਤ ਦੇ ਪਿੱਛੇ ਪਏ ਹੋਏ ਸਨ | ਆਪਣੀ ਜਾਨ ਬਚਾਉਣ ਲਈ ਅਮਿਤ ਮਾਰਕੀਟ ਅੰਦਰ ਪੈਂਦੀ ਲੱਕੀ ਸਵੀਟ ਸ਼ਾਪ ਅੰਦਰ ਵੜ ਗਿਆ ਪਰ ਹਮਲਾ ਕਰਨ ਵਾਲੇ ਲੜਕੇ ਵੀ ਉਸ ਦੇ ਪਿੱਛੇ ਦੁਕਾਨ ਅੰਦਰ ਦਾਖਲ ਹੋ ਗਏ | ਅਮਿਤ ਦਾ ਪੈਰ ਦੁਕਾਨ ਅੰਦਰ ਪਈਆਂ ਤਾਰਾਂ 'ਚ ਫਸ ਗਿਆ ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ ਤੇ ਲੜਕਿਆਂ ਨੇ ਤੇਜ਼ ਧਾਰ ਹਥਿਆਰਾਂ ਨਾਲ ਉਸ ਦੀਆਂ ਲੱਤਾਂ, ਪੇਟ, ਬਾਹਾਂ 'ਤੇ ਡੂੰਘੇ ਵਾਰ ਕੀਤੇ | ਦੁਕਾਨ ਅੰਦਰ ਪਈ ਠੰਢੇ ਦੀ ਬੋਤਲ ਨਾਲ ਵੀ ਉਸ 'ਤੇ ਵਾਰ ਕੀਤੇ ਗਏ ਅਤੇ ਫਿਰ ਹਮਲਾ ਕਰਨ ਵਾਲੇ ਮੌਕੇ ਤੋਂ ਫ਼ਰਾਰ ਹੋ ਗਏ | ਲਹੂ ਲੁਹਾਨ ਹੋਇਆ ਅਮਿਤ ਦੁਕਾਨ ਅੰਦਰੋਂ ਖ਼ੁਦ ਬਾਹਰ ਨਿਕਲਿਆ ਤੇ ਕੁਝ ਦੂਰ ਜਾ ਕੇ ਜ਼ਮੀਨ 'ਤੇ ਜਾ ਡਿੱਗਿਆ | ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਤੇ ਪੀਸੀਆਰ ਮੌਕੇ 'ਤੇ ਪਹੁੰਚ ਗਈ | ਪੁਲਿਸ ਟੀਮ ਨੇ ਜ਼ਖ਼ਮੀ ਹਾਲਤ 'ਚ ਅਮਿਤ ਨੂੰ ਪੀ.ਜੀ.ਆਈ ਪਹੁੰਚਾਇਆ ਜਿੱਥੇ ਜ਼ਿਆਦਾ ਖ਼ੂਨ ਵਗਣ ਕਰਕੇ ਉਸ ਦੀ ਮੌਤ ਹੋ ਗਈ | ਸੈਕਟਰ 40 ਮਾਰਕੀਟ 'ਚ ਪੈਂਦੀ ਮਠਿਆਈ ਦੀ ਦੁਕਾਨ ਚਲਾਉਣ ਵਾਲੇ ਲੱਕੀ ਨੇ ਦੱਸਿਆ ਕਿ ਸਾਰੀ ਵਾਰਦਾਤ ਕੁਝ ਸਕਿੰਟਾਂ ਅੰਦਰ ਹੀ ਘਟੀ | ਉਨ੍ਹਾਂ ਦੱਸਿਆ ਕਿ ਇਕ ਲੜਕਾ ਭੱਜਦਾ ਹੋਇਆ ਉਨ੍ਹਾਂ ਦੀ ਦੁਕਾਨ 'ਚ ਵੜਿਆ ਅਤੇ ਕੁਝ ਲੜਕੇ ਉਸ ਦੇ ਪਿੱਛੇ ਭੱਜਦੇ ਹੋਏ ਆਏ ਜਿਨ੍ਹਾਂ ਨੇ ਲੜਕੇ 'ਤੇ ਹਮਲਾ ਕੀਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ | ਜਿਨ੍ਹੀ ਦੇਰ ਵਿਚ ਉਨ੍ਹਾਂ ਨੂੰ ਕੁਝ ਸਮਝ ਆਉਂਦਾ ਸਾਰੀ ਵਾਰਦਾਤ ਨੂੰ ਅੰਜਾਮ ਦੇ ਕੇ ਲੜਕੇ ਫ਼ਰਾਰ ਹੋ ਗਏ | ਦੁਕਾਨ ਅੰਦਰ ਪੂਰੀ ਤਰ੍ਹਾਂ ਖ਼ੂਨ ਫੈਲ ਗਿਆ ਤੇ ਲੜਕਾ ਜ਼ਖ਼ਮੀ ਹਾਲਤ ਵਿਚ ਦੁਕਾਨ ਤੋਂ ਖ਼ੁਦ ਬਾਹਰ ਨਿਕਲਿਆ ਤੇ ਮਾਰਕੀਟ ਵਿਚ ਜਾ ਡਿੱਗਿਆ | ਪੁਲਿਸ ਨੇ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੇ ਡੀਵੀਆਰ ਆਪਣੇ ਕਬਜ਼ੇ 'ਚ ਲੈ ਲਏ ਹਨ | ਮੌਕੇ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ ਤੇ ਸੀ.ਐਫ.ਐਸ.ਐਲ. ਟੀਮ ਨੇ ਨਮੂਨੇ ਵੀ ਇਕੱਠੇ ਕੀਤੇ ਹਨ | ਐਸ.ਐਸ.ਪੀ. ਨਿਲਾਬਰੀ ਵਿਜੇ ਜਗਦਲੇ ਵੀ ਮੌਕਾ ਦੇਖਣ ਸੈਕਟਰ 40 ਦੀ ਮਾਰਕੀਟ ਪਹੁੰਚੇ | ਉਨ੍ਹਾਂ ਨੇ ਦੱਸਿਆ ਕਿ ਇਕ ਮੁਲਜ਼ਮ ਦੀ ਪਛਾਣ ਕਰ ਲਈ ਹੈ ਅਤੇ ਉਸ ਦੀ ਗਿ੍ਫ਼ਤਾਰੀ ਤੋਂ ਬਾਅਦ ਹੀ ਬਾਕੀ ਮੁਲਜ਼ਮਾਂ ਬਾਰੇ ਵੀ ਪਤਾ ਲੱਗ ਸਕੇਗਾ |

   
  
  ਮਨੋਰੰਜਨ


  LATEST UPDATES











  Advertisements