View Details << Back

ਘੱਗਰ ਦਰਿਆ ਨੇੜਲੇ ਸੰਵੇਦਨਸ਼ੀਲ ਸਥਾਨਾਂ ਦਾ ਜਾਇਜ਼ਾ
ਪ੍ਸ਼ਾਸਨ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਘਨਸ਼ਿਆਮ ਥੋਰੀ

ਖਨੌਰੀ/ਸੰਗਰੂਰ, 1 ਜੁਲਾਈ:{ਬਿਊਰੋ ਮਾਲਵਾ ਡੈਲੀ ਨਿਊਜ਼} ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਅੱਜ ਭਾਰਤੀ ਫੌਜ ਦੀ 71 ਆਰਮਰਡ ਰੈਜੀਮੈਂਟ ਦੇ ਮੇਜਰ ਅਕਸ਼ੇ ਰਾਣਾ ਅਤੇ 3 ਗਾਰਡਜ਼ ਯੂਨਿਟ ਦੇ ਲੈਫਟੀਨੈਂਟ ਫੌਗਟ ਸਮੇਤ ਫੌਜ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਘੱਗਰ ਦਰਿਆ ਨੇੜਲੇ ਸੰਵੇਦਨਸ਼ੀਲ ਸਥਾਨਾਂ ਦਾ ਦੌਰਾ ਕੀਤਾ ਅਤੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਸੰਭਾਵੀ ਹੜ੍ਹਾਂ ਕਾਰਨ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਢੁਕਵੇਂ ਕਦਮ ਪੁੱਟਣ ਦੇ ਦਿਸ਼ਾ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਪੰਜਾਬ-ਹਰਿਆਣਾ ਦੀ ਹੱਦ ਨੇੜੇ ਸਥਿਤ ਮੇਨ ਹੈਡ ਖਨੌਰੀ, ਪਿੰਡ ਮੰਡਵੀ, ਮਕਰੌੜ ਸਾਹਿਬ ਆਦਿ ਦਾ ਜਾਇਜ਼ਾ ਲਿਆ ਅਤੇ ਫੌਜ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਕੋਲ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਉਪਲਬਧ ਸਮੱਗਰੀ ਅਤੇ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ।ਇਸ ਤੋਂ ਪਹਿਲਾਂ ਖਨੌਰੀ ਰੈਸਟ ਹਾਊਸ ਵਿਖੇ ਸਮੂਹ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਐਕਸੀਅਨ ਡਰੇਨੇਜ਼ ਨੂੰ ਹਦਾਇਤ ਕੀਤੀ ਕਿ ਚਾਂਦੂ ਲਿਫ਼ਟ ਸਕੀਮ ਨੂੰ ਦੋ ਦਿਨਾਂ ਅੰਦਰ ਚਾਲੂ ਕਰਵਾਇਆ ਜਾਵੇ ਅਤੇ ਐਸ.ਡੀ.ਐਮ ਮੂਨਕ ਕੋਲੋਂ ਇਸ ਦੀ ਜਾਂਚ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਘੱਗਰ ਨੇੜਲੇ ਸੰਵੇਦਨਸ਼ੀਲ ਸਥਾਨਾਂ 'ਤੇ ਲਗਾਤਾਰ ਚੌਕਸੀ ਰੱਖੀ ਜਾਵੇ ਅਤੇ ਲੋੜ ਮੁਤਾਬਕ ਸੀਮਿੰਟ ਦੇ ਖਾਲੀ ਥੈਲਿਆਂ 'ਚ ਰੇਤਾ ਭਰ ਕੇ ਰਖਵਾਇਆ ਜਾਵੇ ਅਤੇ ਇਸ ਦੀ ਜਾਂਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਧਿਕਾਰੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੌਕਸੀ ਵਰਤਦੇ ਹੋਏ ਲੋੜੀਂਦੇ ਤੇ ਢੁਕਵੇਂ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ ਤਾਂ ਜੋ ਕਿਸੇ ਵੀ ਲੋੜ ਸਮੇਂ ਕੋਈ ਔਖਿਆਈ ਪੇਸ਼ ਨਾ ਆ ਸਕੇ। ਉਨ੍ਹਾਂ ਹਦਾਇਤ ਕੀਤੀ ਕਿ ਐਸ.ਡੀ.ਐਮ ਦਫ਼ਤਰ ਵਿਖੇ 50 ਹਜ਼ਾਰ ਖਾਲੀ ਸੀਮਿੰਟ ਬੈਗਾਂ ਦੀ ਵਿਵਸਥਾ ਕਰਕੇ ਰੱਖੀ ਜਾਵੇ ਅਤੇ ਘੱਗਰ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਵੀ ਪੰਚਾਇਤੀ ਫ਼ੰਡ ਵਿੱਚੋਂ ਲੋੜ ਮੁਤਾਬਕ ਸੀਮਿੰਟ ਦੇ ਖਾਲੀ ਥੈਲਿਆਂ ਦਾ ਪ੍ਰਬੰਧ ਕਰਨ ਨੂੰ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਖਨੌਰੀ ਵਿਖੇ ਸਥਾਪਤ ਫਲੱਡ ਕੰਟਰੋਲ ਰੂਮ ਦੇ ਅਧਿਕਾਰੀਆਂ ਨੂੰ 24 ਘੰਟੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਟੇਟ ਫਲੱਡ ਕੰਟਰੋਲ ਰੂਮ ਨਾਲ ਰਾਬਤਾ ਰੱਖੇ ਜਾਣ ਦੇ ਦਿਸ਼ਾ ਨਿਰਦੇਸ਼ ਵੀ ਦਿੱਤੇ।ਇਸ ਦੌਰਾਨ ਐਸ.ਡੀ.ਐਮ ਮੂਨਕ ਸ. ਸੂਬਾ ਸਿੰਘ ਨੇ ਦੱਸਿਆ ਕਿ ਮਕਰੋੜ ਸਾਹਿਬ ਵਿਖੇ ਮਗਨਰੇਗਾ ਵਰਕਰਾਂ ਦੇ ਰਾਹੀਂ ਬੰਨ੍ਹ ਦੀ ਮਜ਼ਬੂਤੀ ਦੇ ਕਾਰਜ ਚੱਲ ਰਹੇ ਹਨ ਅਤੇ ਉਹ ਲਗਾਤਾਰ ਨਿੱਜੀ ਤੌਰ 'ਤੇ ਇਸ ਪ੍ਰਕਿਰਿਆ ਦਾ ਜਾਇਜ਼ਾ ਲੈ ਰਹੇ ਹਨ। ਡਿਪਟੀ ਕਮਿਸ਼ਨਰ ਨੇ ਘੱਗਰ ਦਰਿਆ ਨੇੜੇ ਮੌਜੂਦ ਪਿੰਡਾਂ ਦੇ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਵਿਸ਼ਵਾਸ਼ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਅਗਲੇ ਹਫ਼ਤੇ ਘੱਗਰ 'ਤੇ ਪ੍ਰਸ਼ਾਸ਼ਨ ਅਤੇ ਫੌਜ ਦੀ ਤਰਫੋਂ ਮੌਕ ਡਰਿੱਲ ਵੀ ਕੀਤੀ ਜਾਵੇਗੀ ਤਾਂ ਜੋ ਹੜ੍ਹਾਂ ਦੀ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਪੱਧਰ 'ਤੇ ਉਪਲਬਧ ਸਾਧਨਾਂ ਦੀ ਵਰਤੋਂ ਦਾ ਜਾਇਜ਼ਾ ਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਖਨੌਰੀ ਤੋਂ ਮਕਰੋੜ ਸਾਹਿਬ ਤੱਕ ਘੱਗਰ ਦਰਿਆ ਦੇ ਦੋਵੇਂ ਪਾਸੇ ਬਣੇ ਬੰਨ੍ਹਾਂ ਦੀ ਮਜ਼ਬੂਤੀ, ਸੀਮਿੰਟ ਦੇ ਖਾਲੀ ਥੈਲੇ ਮਿੱਟੀ ਨਾਲ ਭਰ ਕੇ ਲਗਾਉਣ ਅਤੇ ਕਿਸੇ ਵੀ ਸੰਭਾਵੀ ਹੰਗਾਮੀ ਹਾਲਤ ਨਾਲ ਸਮੇਂ ਸਿਰ ਨਜਿੱਠਣ ਲਈ ਜੇ.ਸੀ.ਬੀ ਮਸ਼ੀਨਾਂ ਕਿਰਾਏ 'ਤੇ ਲੈਣ ਲਈ ਉਚ ਅਧਿਕਾਰੀਆਂ ਕੋਲੋਂ ਡਰੇਨੇਜ਼ ਵਿਭਾਗ ਵੱਲੋਂ ਵੱਖਰੇ ਤੌਰ 'ਤੇ 25 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ। ਸ਼੍ਰੀ ਥੋਰੀ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੰਗਰੂਰ ਜ਼ਿਲ੍ਹੇ ਦੇ ਸਾਰੇ ਬਰਸਾਤੀ ਨਦੀ-ਨਾਲਿਆਂ, ਚੋਆਂ ਤੇ ਡਰੇਨਾਂ ਦੀ ਸਫਾਈ ਦਾ ਕੰਮ ਛੇਤੀ ਮੁਕੰਮਲ ਕਰ ਲਿਆ ਜਾਵੇ ਜਿਸ 'ਤੇ ਐਕਸੀਅਨ ਡਰੇਨੇਜ਼ ਨੇ ਦੱਸਿਆ ਕਿ ਕਰੀਬ 90 ਫੀਸਦੀ ਸਫ਼ਾਈ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਕੰਮ ਵੀ 2-3 ਦਿਨਾਂ ਅੰਦਰ ਮੁਕੰਮਲ ਹੋ ਜਾਣਗੇ। ਸ਼੍ਰੀ ਥੋਰੀ ਨੇ ਕਿਹਾ ਕਿ ਜ਼ਿਲ੍ਹੇ ਦੇ ਬਰਸਾਤੀ ਨਦੀਆਂ ਨਾਲਿਆਂ ਤੇ ਚੋਆਂ ਦੇ ਨਾਜ਼ੁਕ ਸਥਾਨਾਂ 'ਤੇ ਤਿੱਖੀ ਨਜ਼ਰ ਰੱਖੀ ਜਾਵੇ ਤਾਂ ਕਿ ਬਰਸਾਤ ਦੇ ਮੌਸਮ ਕਾਰਨ ਆਉਣ ਵਾਲੇ ਸੰਭਾਵੀ ਬਰਸਾਤੀ ਪਾਣੀ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।ਇਸ ਮੌਕੇ ਫੌਜ ਦੇ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹਾ ਮਾਲ ਅਫ਼ਸਰ ਜਸਵੰਤ ਸਿੰਘ, ਐਕਸੀਅਨ ਜਲ ਸਪਲਾਈ, ਐਕਸੀਅਨ ਡਰੇਨੇਜ਼ ਕੁਲਜੀਤ ਸਿੰਘ, ਐਸ.ਡੀ.ਓ ਮੰਡੀ ਬੋਰਡ, ਐਸ.ਡੀ.ਓ ਲੋਕ ਨਿਰਮਾਣ ਵਿਭਾਗ, ਐਸ.ਪੀ ਸ਼ਰਨਜੀਤ ਸਿੰਘ ਢਿੱਲੋਂ, ਡੀ.ਐਸ.ਪੀ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ


   
  
  ਮਨੋਰੰਜਨ


  LATEST UPDATES











  Advertisements