View Details << Back

ਬੱਚਿਆਂ ਨੂੰ ਦਸਤ ਰੋਗ ਤੋਂ ਬਚਾਏਗੀ ਰੋਟਾਵਾਇਰਸ ਵੈਕਸੀਨ : ਸਿਵਲ ਸਰਜਨ
ਨਵੀਂ ਸ਼ੁਰੂ ਹੋਣ ਵਾਲੀ ਦਵਾਈ ਬਾਰੇ ਜਿਲਾ ਹਸਪਤਾਲ ਵਿਚ ਹੋਇਆ ਟਰੇਨਿੰਗ ਪ੍ਰੋਗਰਾਮ

ਐਸ.ਏ.ਐਸ. ਨਗਰ, 4 ਜੁਲਾਈ (ਗੁਰਵਿੰਦਰ ਸਿੰਘ ਮੋਹਾਲੀ) ‘ਰੋਟਾਵਾਇਰਸ ਗੰਭੀਰ ਛੂਤਕਾਰੀ ਕੀਟਾਣੂ ਹੈ ਜਿਹੜਾ ਬੱਚਿਆਂ ਨੂੰ ਦਸਤ ਲੱਗਣ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਕੀਟਾਣੂ ਕਾਰਨ ਬੱਚੇ ਨੂੰ ਹਸਪਤਾਲ ਵਿਚ ਦਾਖ਼ਲ ਹੋਣਾ ਪੈ ਸਕਦਾ ਹੈ ਅਤੇ ਬੱਚੇ ਦੀ ਮੌਤ ਵੀ ਹੋ ਸਕਦੀ ਹੈ।’ ਇਹ ਜਾਣਕਾਰੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਰੋਟਾਵਾਇਰਸ ਵੈਕਸੀਨ ਸਬੰਧੀ ਜਿਲਾ ਹਸਪਤਾਲ ਵਿਚ ਕਰਵਾਏ ਗਏ ਟਰੇਨਿੰਗ ਪ੍ਰੋਗਰਾਮ ਦੌਰਾਨ ਡਾਕਟਰਾਂ ਤੇ ਹੋਰ ਸਟਾਫ਼ ਨੂੰ ਸੰਬੋਧਨ ਕਰਦਿਆਂ ਦਿਤੀ। ਜ਼ਿਕਰਯੋਗ ਹੈ ਕਿ ਰੋਟਾਵਾਇਰਸ ਵੈਕਸੀਨ ਟੀਕਾਕਰਣ ਪ੍ਰੋਗਰਾਮ ਤਹਿਤ ਛੇਤੀ ਹੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਉਪਲਭਧ ਹੋਵੇਗੀ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਰੋਟਾਵਾਇਰਸ ਵੈਕਸੀਨ (ਦਵਾਈ ਦੀਆਂ ਬੂੰਦਾਂ) ਬੱਚਿਆਂ ਨੂੰ ਦਸਤ ਦੀ ਬੀਮਾਰੀ ਤੋਂ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਦਸਿਆ ਕਿ ਰੋਟਾ ਵਾਇਰਸ ਲਾਗ ਦੀ ਸ਼ੁਰੂਆਤ ਪਹਿਲਾਂ ਹਲਕੇ ਦਸਤ ਨਾਲ ਹੁੰਦੀ ਹੈ ਜਿਹੜੇ ਅੱਗੇ ਜਾ ਕੇ ਗੰਭੀਰ ਰੂਪ ਲੈ ਸਕਦੀ ਹੈ। ਸਹੀ ਇਲਾਜ ਨਾ ਮਿਲਣ ਕਾਰਨ ਸਰੀਰ ਵਿਚ ਪਾਣੀ ਦੀ ਕਮੀ ਅਤੇ ਨਮਕ ਦੀ ਕਮੀ ਵੀ ਹੋ ਸਕਦੀ ਹੈ ਅਤੇ ਕੁੱਝ ਮਾਮਲਿਆਂ ਵਿਚ ਬੱਚੇ ਦੀ ਮੌਤ ਵੀ ਸਕਦੀ ਹੈ। ਇਹ ਵਰਕਸ਼ਾਪ ਵਿਸ਼ਵ ਸਿਹਤ ਸੰਗਠਨ ਵਲੋਂ ਕਰਵਾਈ ਗਈ ਜਿਸ ਵਿਚ ਡਾ. ਵਿਕਾਸ, ਡਾ. ਸ੍ਰੀ ਨਿਵਾਸਨ ਅਤੇ ਡਾ. ਵਿਕਰਮ ਨੇ ਰੋਟਾਵਾਇਰਸ ਬਾਰੇ ਤਫ਼ਸੀਲ ਨਾਲ ਜਾਣਕਾਰੀ ਦਿਤੀ। ਡਾ. ਵਿਕਾਸ ਨੇ ਦਸਿਆ ਕਿ ਪੰਜਾਬ ਵਿਚ ਇਹ ਵੈਕਸੀਨ ਛੇਤੀ ਹੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨੂੰ ਵੇਖਦਿਆਂ ਇਸ ਵੇਲੇ ਟਰੇਨਿੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਟਰੇਨਿੰਗ ਦੌਰਾਨ ਡਾਕਟਰਾਂ, ਨਰਸਾਂ ਤੇ ਹੋਰ ਸਬੰਧਤ ਸਟਾਫ਼ ਨੂੰ ਇਸ ਵੈਕਸੀਨ ਦੀ ਮਹੱਤਤਾ, ਅਸਰ, ਦਵਾਈ ਦੇਣ ਦੇ ਤਰੀਕਿਆਂ ਆਦਿ ਬਾਰੇ ਵਿਸਥਾਰ ਵਿਚ ਜਾਣਕਾਰੀ ਦਿਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਰੋਟਾ ਵਾਇਰਸ ਲਾਗ ਵਿਚ ਗੰਭੀਰ ਦਸਤ ਤੋਂ ਇਲਾਵਾ ਬੁਖ਼ਾਰ ਅਤੇ ਉਲਟੀਆਂ ਲੱਗ ਸਕਦੀਆਂ ਹਨ ਅਤੇ ਕਦੇ-ਕਦੇ ਢਿੱਡ ਵਿਚ ਦਰਦ ਵੀ ਹੁੰਦਾ ਹੈ। ਦਸਤ ਅਤੇ ਹੋਰ ਲੱਛਣ ਕਰੀਬ ਤਿੰਨ ਤੋਂ ਸੱਤ ਦਿਨਾਂ ਤਕ ਰਹਿੰਦੇ ਹਨ। ਭਾਰਤ ਵਿਚ ਜਿਹੜੇ ਬੱਚੇ ਦਸਤ ਕਾਰਨ ਹਸਪਤਾਲ ਵਿਚ ਦਾਖ਼ਲ ਹੁੰਦੇ ਹਨ, ਉਨ੍ਹਾਂ ਵਿਚੋਂ 40 ਫ਼ੀਸਦੀ ਰੋਟਾ ਵਾਇਰਸ ਤੋਂ ਪੀੜਤ ਹੁੰਦੇ ਹਨ। ਰੋਟਾ ਵਾਇਰਸ ਦਸਤ ਭਾਰਤ ਵਿਚ ਲਗਭਗ 32.7 ਲੱਖ ਬੱਚਿਆਂ ਦੀ ਓ.ਪੀ.ਡੀ., ਲਗਭਗ 8.72 ਲੱਖ ਬੱਚਿਆਂ ਦੇ ਹਸਪਤਾਲ ਵਿਚ ਦਾਖ਼ਲੇ ਅਤੇ ਹਰ ਸਾਲ ਲਗਭਗ 78,000 ਬੱਚਿਆਂ ਦੀ ਮੌਤ ਦਾ ਕਾਰਨ ਬਣਦੇ ਹਨ ਜਿਨ੍ਹਾਂ ਵਿਚੋਂ 59,000 ਬੱਚਿਆਂ ਦੀ ਮੌਤ ਦੋ ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦੀ ਹੈ। ਵਰਕਸ਼ਾਪ ਵਿਚ ਜਿਲਾ ਟੀਕਾਕਰਨ ਅਫ਼ਸਰ ਡਾ. ਵੀਨਾ ਜ਼ਰੇਵਾਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਜੀਤ ਕੌਰ, ਡਾ. ਭੁਪਿੰਦਰ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਸੁਰਿੰਦਰ ਸਿੰਘ ਤੋਂ ਇਲਾਵਾ ਮੈਡੀਕਲ ਅਫ਼ਸਰਾਂ ਤੇ ਹੋਰ ਸਟਾਫ਼ ਨੇ ਵੀ ਹਿੱਸਾ ਲਿਆ। ਇਸ ਮੌਕੇ ਰੋਟਾਵਾਇਰਸ ਬਾਰੇ ਜਾਣਕਾਰੀ ਦਿੰਦਾ ਪੋਸਟਰ ਵੀ ਜਾਰੀ ਕੀਤਾ ਗਿਆ।
ਪੋਸਟਰ ਜਾਰੀ ਕਰਦੇ ਹੋਏ ਸਿਵਲ ਸਰਜਨ ਡਾ. ਮਨਜੀਤ ਸਿੰਘ ਤੇ ਹੋਰ ਸਿਹਤ ਅਧਿਕਾਰੀ।


   
  
  ਮਨੋਰੰਜਨ


  LATEST UPDATES











  Advertisements