View Details << Back

ਫੇਕ ਐਨਕਾਊਂਟਰ ਮਾਮਲੇ ''ਚ ਖਹਿਰਾ ਸਣੇ ਪੀ. ਡੀ. ਏ. ਵਫਦ ਰਾਜਪਾਲ ਨੂੰ ਮਿਲਿਆ
ਮਨੁੱਖਤਾ ਖਿਲਾਫ ਕੀਤਾ ਗਿਆ ਗੰਭੀਰ ਅਪਰਾਧ:-ਡਾ. ਗਾਂਧੀ

ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ) ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਤੇ ਸਾਬਕਾ ਐੱਮ. ਪੀ. ਡਾ. ਗਾਂਧੀ ਦੀ ਅਗਵਾਈ 'ਚ ਵਿਰੋਧੀ ਆਗੂਆਂ ਦੇ ਇਕ ਵਫਦ ਨੇ ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਨੂੰ ਇਕ ਮੈਮੋਰੰਡਮ ਸੌਂਪਿਆ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਲੁਧਿਆਣਾ ਜ਼ਿਲੇ ਦੇ ਪਿੰਡ ਸਹਾਰਨ ਮਾਜਰਾ ਦੇ ਹਰਜੀਤ ਸਿੰਘ ਦੇ ਫਰਜ਼ੀ ਮੁਕਾਬਲੇ ਦੇ ਮਾਮਲੇ 'ਚ ਪਟਿਆਲਾ ਦੀ ਸਪੈਸ਼ਲ ਸੀ. ਬੀ. ਆਈ. ਕੋਰਟ ਵਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਚਾਰ ਪੁਲਸ ਕਰਮੀਆਂ ਦੀ ਸਜ਼ਾ ਮੁਆਫੀ ਦੇ ਹੁਕਮ ਵਾਪਸ ਲਏ ਜਾਣ। ਰਾਜਪਾਲ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨੂੰ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਗਵਰਨਰ ਨੂੰ ਕੇਸ ਦੇ ਅਸਲ ਤੱਥਾਂ ਬਾਰੇ ਜਾਣੂ ਕਰਵਾ ਦਿੱਤਾ ਹੈ ਤੇ ਕੇਸ ਫਾਈਲ ਮੁੜ ਵਿਚਾਰੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਗਵਰਨਰ ਨੂੰ ਦੱਸਿਆ ਕਿ ਸਜਾਯਾਫਤਾ ਪੁਲਸ ਕਰਮੀਆਂ ਦੀ ਸਜ਼ਾ ਮੁਆਫ ਕੀਤੇ ਜਾਣ ਦਾ ਫੈਸਲਾ ਸੰਵਿਧਾਨ ਤੇ ਕਾਨੂੰਨ ਦੀ ਘੋਰ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਚੋਣ ਨਤੀਜਿਆਂ ਦਾ ਐਲਾਨ ਹੋਣ ਤੋਂ ਕੁਝ ਦਿਨ ਪਹਿਲਾਂ 8 ਮਾਰਚ 2019 ਨੂੰ ਚਾਰ ਪੁਲਸ ਕਰਮੀਆਂ ਦੀ ਸਜ਼ਾ ਮੁਆਫ ਕੀਤੇ ਜਾਣ ਵਾਸਤੇ ਫਾਈਲ ਭੇਜੀ ਸੀ। ਖਹਿਰਾ ਨੇ ਕਿਹਾ ਕਿ ਉਸ ਸਮੇਂ ਸੁਖਬੀਰ ਬਾਦਲ ਗ੍ਰਹਿ ਮੰਤਰੀ ਸੀ ਤੇ ਸਜਾਯਾਫਤਾ ਪੁਲਸ ਕਰਮੀਆਂ ਦਾ ਕੇਸ ਮਨਜ਼ੂਰ ਹੋਣ 'ਚ ਉਸ ਨੇ ਅਹਿਮ ਭੂਮਿਕਾ ਨਿਭਾਈ ਸੀ। ਆਪਣੇ ਗਲਤ ਕਾਰੇ ਉੱਪਰ ਪਰਦਾ ਪਾਉਣ ਲਈ ਚਾਰ ਕੈਦੀ ਪੁਲਸ ਕਰਮੀਆਂ ਦੀ ਰਿਹਾਈ ਖਿਲਾਫ ਬੀਤੇ ਕੱਲ ਗਵਰਨਰ ਨੂੰ ਮੈਮੋਰੰਡਮ ਸੌਂਪਣ ਵਾਲੇ ਸੁਖਬੀਰ ਬਾਦਲ ਦੀ ਖਹਿਰਾ ਨੇ ਕਠੋਰ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਐੱਮ. ਪੀ. ਹੈ ਅਤੇ ਉਸ ਦੀ ਪਤਨੀ ਕੇਂਦਰ ਵਿਚ ਮੰਤਰੀ ਹੈ, ਜੇਕਰ ਉਹ ਇੰਨੇ ਹੀ ਗੰਭੀਰ ਹਨ ਤਾਂ ਉਨ੍ਹਾਂ ਨੂੰ ਸੰਸਦ ਅਤੇ ਕੇਂਦਰ ਸਰਕਾਰ ਕੋਲ ਮਸਲਾ ਉਠਾਉਣਾ ਚਾਹੀਦਾ ਹੈ। ਡਾ. ਗਾਂਧੀ ਨੇ ਗਵਰਨਰ ਨੂੰ ਦੱਸਿਆ ਕਿ ਬਾਦਲਾਂ ਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਜੀਤ ਸਿੰਘ ਦੇ ਫਰਜ਼ੀ ਮੁਕਾਬਲੇ ਸਬੰਧੀ ਉਨ੍ਹਾਂ ਸਾਹਮਣੇ ਗਲਤ ਤੱਥ ਪੇਸ਼ ਕੀਤੇ ਹੋਣਗੇ। ਉਨ੍ਹਾਂ ਨੇ ਗਵਰਨਰ ਦਾ ਧਿਆਨ ਇਸ ਵੱਲ ਦਿਵਾਇਆ ਕਿ ਸੀ. ਬੀ. ਆਈ. ਕੋਰਟ ਨੇ ਇਨ੍ਹਾਂ ਚਾਰ ਪੁਲਸ ਕਰਮੀਆਂ ਨੂੰ ਸਮੇਂ ਤੋਂ ਪਹਿਲਾਂ ਤਰੱਕੀਆਂ ਲੈਣ ਵਾਸਤੇ ਅਕਤੂਬਰ 1993 'ਚ ਲੁਧਿਆਣਾ ਦੇ ਪਿੰਡ ਸਹਾਰਨ ਮਾਜਰਾ ਦੇ ਸਿੱਖ ਨੌਜਵਾਨ ਹਰਜੀਤ ਸਿੰਘ ਨੂੰ ਫਰਜ਼ੀ ਮੁਕਾਬਲੇ 'ਚ ਮਾਰਨ ਦਾ ਦੋਸ਼ੀ ਪਾਇਆ ਸੀ। ਦੋਸ਼ੀ ਪੁਲਸ ਕਰਮੀਆਂ ਨੇ ਹਰਜੀਤ ਸਿੰਘ ਨੂੰ ਕਿਡਨੈਪ ਕਰਨ ਅਤੇ ਖਤਮ ਕਰਨ ਦੀ ਸਾਜਿਸ਼ ਰਚੀ ਜੋ ਕਿ ਮਨੁੱਖਤਾ ਖਿਲਾਫ ਕੀਤਾ ਗਿਆ ਗੰਭੀਰ ਅਪਰਾਧ ਹੈ ਅਤੇ ਸਾਡੇ ਲੋਕਤੰਤਰ ਉੱਪਰ ਧੱਬਾ ਹੈ।


   
  
  ਮਨੋਰੰਜਨ


  LATEST UPDATES











  Advertisements