View Details << Back

ਇੱਕੋ ਰਾਤ ਚੋਰਾਂ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
-ਦੁਕਾਨਦਾਰਾਂ ਕੀਤੀ ਪੁਲਸ ਖਿਲਾਫ਼ ਨਾਅਰੇਬਾਜੀ-

ਭਵਾਨੀਗੜ੍ਹ, 5 ਜੁਲਾਈ (ਗੁਰਵਿੰਦਰ ਸਿੰਘ)- ਪੁਲਸ ਮੁਸਤੈਦ ਹੋਣ ਦੇ ਬਾਵਜੂਦ ਵੀ ਸ਼ਹਿਰ ਵਿੱਚ ਚੋਰੀਆਂ ਦਾ ਸਿਲਸਿਲਾ ਨਹੀਂ ਰੁਕ ਰਿਹਾ। ਪਿਛਲੇ ਸਮੇਂ ਦੌਰਾਨ ਸ਼ਹਿਰ ਤੇ ਇਲਾਕੇ ਵਿਚ ਹੋਈਆਂ ਚੋਰੀਆਂ ਦੇ ਸਬੰਧ ਵਿੱਚ ਪੁਲਿਸ ਹਾਲੇ ਕੁਝ ਵੀ ਪਤਾ ਨਹੀਂ ਲਗਾ ਸਕੀ ਸੀ ਕਿ ਬੀਤੀ ਰਾਤ ਵੀ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਉਥੋਂ ਸਵਾ ਲੱਖ ਰੁਪਏ ਦੇ ਕਰੀਬ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਅਣਪਛਾਤੇ ਚੋਰ ਇੱਥੇ ਬਲਿਆਲ ਰੋਡ 'ਤੇ ਐਫਸੀਆਈ ਗੁਦਾਮਾਂ ਸਾਹਮਣੇ ਸਥਿਤ ਰਾਮਾ ਆਇਲ ਅੈੰਡ ਫਲੋਰ ਮਿੱਲ, ਸੋਨੂੰ ਮਿੱਤਲ ਕਰਿਆਨਾ ਸਟੋਰ ਤੇ ਮਿੱਤਲ ਪੈਸਟੀਸਾਇਡ ਤਿੰਨ ਦੁਕਾਨਾਂ ਦੀਆਂ ਛੱਤਾਂ ਤੋਂ ਆ ਕੇ ਪਿਛਲੇ ਗੇਟ ਨੂੰ ਤੋੜ ਕੇ ਪੌੜੀਆਂ ਰਾਹੀਂ ਦੁਕਾਨਾਂ ਵਿੱਚ ਦਾਖਲ ਹੋ ਗਏ। ਦੁਕਾਨ ਮਾਲਕਾਂ ਅਨੁਸਾਰ ਚੋਰਾਂ ਨੇ ਰਾਮਾ ਆਇਲ ਮਿੱਲ ਅੈੰਡ ਫਲੋਰ ਮਿੱਲ ਤੋਂ 30 ਹਜ਼ਾਰ ਰੁਪਏ ਤੇ ਸਮਾਨ, ਸੋਨੂੰ ਮਿੱਤਲ ਕਰਿਆਨਾ ਸਟੋਰ ਤੋਂ 40 ਹਜ਼ਾਰ ਤੇ ਇਸੇ ਤਰਾਂ ਮਿੱਤਲ ਪੈਸਟੀਸਾਈਡ ਤੋਂ 50 ਹਜਾਰ ਰੁਪਏ ਤੇ ਕੀੜੇਮਾਰ ਦਵਾਈਆਂ ਚੋਰੀ ਕਰ ਲੈ ਗਏ। ਚੋਰ ਜਾਂਦੇ ਜਾਂਦੇ ਤਿੰਨੇ ਦੁਕਾਨਾਂ 'ਚ ਲੱਗੇ ਸੀਸੀ ਟੀਵੀ ਕੈਮਰਿਆਂ ਦੇ ਡੀਵੀਆਰ ਵੀ ਪੁੱਟ ਕੇ ਨਾਲ ਲੈ ਗਏ।ਦੁਕਾਨਦਾਰਾਂ ਨੂੰ ਚੋਰੀ ਦੀ ਵਾਰਦਾਤ ਬਾਰੇ ਸਵੇਰ ਹੋਣ ਤੇ ਪਤਾ ਚੱਲਿਆ ਜਿਸ ਸਬੰਧੀ ਉਨ੍ਹਾਂ ਤਰੁੰਤ ਪੁਲਸ ਨੂੰ ਸੂਚਨਾ ਦਿੱਤੀ। ਦੁਕਾਨਦਾਰਾਂ ਨੇ ਦੱਸਿਆ ਕਿ ਫਿਰ ਵੀ ਪੁਲਸ 3 ਘੰਟਿਆਂ ਬਾਅਦ ਜਾਇਜਾ ਲੈਣ ਲਈ ਮੌਕੇ 'ਤੇ ਪੁਜੀ। ਜਿਸ ਤੋਂ ਭੜਕੇ ਦੁਕਾਨਦਾਰਾਂ ਨੇ ਪੰਜਾਬ ਪੁਲਸ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਤੇ ਪੁਲਸ ਦੀ ਕਾਰਜਗੁਜਾਰੀ 'ਤੇ ਸਵਾਲ ਖੜੇ ਕੀਤੇ।

   
  
  ਮਨੋਰੰਜਨ


  LATEST UPDATES











  Advertisements