View Details << Back

ਮੋਹਾਲੀ ਐਸ.ਟੀ.ਐਫ.ਯੂਨਿਟ ਵੱਲੋਂ 2 ਕਿਲੋ 40 ਗ੍ਰਾਮ ਹੈਰੋਇਨ ਸਮੇਤ 3 ਕਾਬੂ

ਐਸ.ਏ.ਐਸ. ਨਗਰ 6 ਜੁਲਾਈ (ਗੁਰਵਿੰਦਰ ਸਿੰਘ ਮੁਹਾਲੀ) ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਕਿਲੋ 40 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਐੱਸਟੀਐਫ਼ ਦੇ ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮ ਰਣਜੀਤ ਸਿੰਘ ਉਰਫ਼ ਰਾਹੁਲ ਵਾਸੀ ਗੁਰੂ ਕੀ ਬਡਾਲੀ, ਹਰਜਿੰਦਰ ਸਿੰਘ ਵਾਸੀ ਤਾਜੀ ਚੱਕ ਅਤੇ ਸੰਨ੍ਹੀ ਵਾਸੀ ਧੱਤਲ (ਜ਼ਿਲ੍ਹਾ ਅੰਮ੍ਰਿਤਸਰ) ਦੇ ਖ਼ਿਲਾਫ਼ ਐਸਟੀਐਫ਼ ਥਾਣਾ ਫੇਜ਼-4 ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਏਆਈਜੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਸਟੀਐਫ਼ ਨੂੰ ਨਸ਼ਾ ਤਸਕਰਾਂ ਬਾਰੇ ਗੁਪਤ ਸੂਚਨਾ ਮਿਲੀ ਸੀ ਅਤੇ ਡੀਐੱਸਪੀ ਰਾਜਨ ਪਰਵਿੰਦਰ ਸਿੰਘ ਅਤੇ ਦੇਵ ਸਿੰਘ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਹਰਭਜਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਰਣਜੀਤ ਸਿੰਘ ਉਰਫ਼ ਰਾਹੁਲ ਨੂੰ ਕਸਬਾ ਲਾਂਡਰਾਂ ਨੇੜਿਓਂ ਗ੍ਰਿਫ਼ਤਾਰ ਕਰਕੇ ਉਸ ਕੋਲੋਂ 40 ਗਰਾਮ ਹੈਰੋਇਨ ਬਰਾਮਦ ਕੀਤੀ। ਪੁਲੀਸ ਨੇ ਮੁਲਜ਼ਮ ਦੀ ਕਾਰ ਵੀ ਜ਼ਬਤ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਇਹ ਹੈਰੋਇਨ ਹਰਜਿੰਦਰ ਸਿੰਘ ਵਾਸੀ ਤਾਜੀ ਚੱਕ ਅਤੇ ਸੰਨ੍ਹੀ ਵਾਸੀ ਧੱਤਲ (ਜ਼ਿਲ੍ਹਾ ਅੰਮ੍ਰਿਤਸਰ) ਤੋਂ ਖਰੀਦੀ ਸੀ। ਰਣਜੀਤ ਸਿੰਘ ਦੀ ਨਿਸ਼ਾਨਦੇਹੀ ਦੇ ਅਧਾਰ ’ਤੇ ਐਸਟੀਐਫ਼ ਨੇ ਛਾਪੇਮਾਰੀ ਕਰਕੇ ਜੰਡਿਆਲਾ ਨੇੜਿਓਂ ਹਰਜਿੰਦਰ ਸਿੰਘ ਅਤੇ ਸੰਨ੍ਹੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਇਹ ਦੋਵੇਂ ਇਕ ਗੱਡੀ ਵਿੱਚ ਜਾ ਰਹੇ ਸਨ। ਉਨ੍ਹਾਂ ਦੀ ਗੱਡੀ ਵਿੱਚੋਂ 2 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਦੋਵਾਂ ਮੁਲਜ਼ਮਾਂ ਨੇ ਮੰਨਿਆ ਕਿ ਉਹ ਅੰਮ੍ਰਿਤਸਰ ’ਚੋਂ ਹੈਰੋਇਨ ਲਿਆ ਕੇ ਇਲਾਕੇ ਵਿੱਚ ਗਾਹਕਾਂ ਨੂੰ ਸਪਲਾਈ ਕਰਦੇ ਹਨ। ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਕਈ ਕੇਸ ਦਰਜ ਹਨ। ਮੌਜੂਦਾ ਸਮੇਂ ਵਿੱਚ ਇਹ ਦੋਵੇਂ ਵਿਅਕਤੀ ਜ਼ਮਾਨਤ ’ਤੇ ਚੱਲ ਰਹੇ ਹਨ। ਮੁਲਜ਼ਮ ਪੁਲੀਸ ਰਿਮਾਂਡ ’ਤੇ ਭੇਜੇ ਐਸਟੀਐਫ਼ ਥਾਣੇ ਦੇ ਮੁਖੀ ਹਰਪਿੰਦਰ ਸਿੰਘ ਤੇ ਜਾਂਚ ਅਧਿਕਾਰੀ ਹਰਭਜਨ ਸਿੰਘ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ 5 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਵੀ ਕਰਵਾਇਆ ਗਿਆ।


   
  
  ਮਨੋਰੰਜਨ


  LATEST UPDATES











  Advertisements