View Details << Back

ਸਿੱਧੂ 'ਤੇ ਛਿੜੀ ਨਵੀਂ ਚਰਚਾ, ਬਿਨਾ ਕੰਮ ਕੀਤੇ ਤਨਖ਼ਾਹ-ਭੱਤਾ ਦੇਣ 'ਤੇ ਸਵਾਲ
ਕਾਂਗਰਸ ਵੱਲੋਂ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ

ਚੰਡੀਗੜ੍ਹ:(ਗੁਰਵਿੰਦਰ ਸਿੰਘ ਮੋਹਾਲੀ ) ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਭਾਗ ਬਾਰੇ ਚੱਲ ਰਿਹਾ ਵਿਵਾਦ ਹਾਲੇ ਕਿਸੇ ਪਾਸੇ ਨਹੀਂ ਲੱਗਾ ਸੀ ਕਿ ਹੁਣ ਉਨ੍ਹਾਂ ਬਾਰੇ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਬੀਜੇਪੀ ਨੇ ਸਿੱਧੂ ਵੱਲੋਂ ਵਿਭਾਗ ਬਦਲੇ ਜਾਣ ਮਗਰੋਂ ਕਰੀਬ ਇੱਕ ਮਹੀਨੇ ਬਾਅਦ ਵੀ ਕਾਰਜਭਾਰ ਨਾ ਸੰਭਾਲਣ 'ਤੇ ਵੱਡਾ ਸਵਾਲ ਕੀਤਾ ਹੈ। ਬੀਜੇਪੀ ਨੇ ਕਿਹਾ ਹੈ ਕਿ ਸਿੱਧੂ ਵੱਲੋਂ ਅਹੁਦਾ ਨਾ ਸੰਭਾਲਣ ਕਰਕੇ ਪੰਜਾਬ ਵਿੱਚ ਸੰਵਿਧਾਨਕ ਸੰਕਟ ਚੱਲ ਰਿਹਾ ਹੈ। ਬੀਜੇਪੀ ਮੁਤਾਬਕ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਇੱਕ ਮੰਤਰੀ ਨੇ ਅਹੁਦਾ ਨਹੀਂ ਸੰਭਾਲਿਆ ਤੇ ਤਨਖ਼ਾਹ ਭੱਤੇ ਵੀ ਲੈ ਰਿਹਾ ਹੈ। ਦੂਜੇ ਪਾਸੇ ਕਾਂਗਰਸ ਵੱਲੋਂ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸੂਬੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਸਿੱਧੂ ਨੂੰ ਆਪਣਾ ਨਵਾਂ ਵਿਭਾਗ ਸੰਭਾਲਣ ਦੀ ਅਪੀਲ ਕੀਤੀ ਹੈ। ਬੀਜੇਪੀ ਦੇ ਕੌਮੀ ਸਕੱਤਰ ਤਰੁਨ ਚੁੱਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਬੇਹੱਦ ਗੰਭੀਰ ਹੈ। ਉਨ੍ਹਾਂ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਨੂੰ ਇਸ ਸਬੰਧੀ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੰਵਿਧਾਨਕ ਸੰਕਟ ਹੈ। ਇੱਕ ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਕਿ ਇੱਕ ਮੰਤਰੀ, ਜਿਸ ਨੇ ਅਹੁਦੇ ਦੀ ਸਹੁੰ ਚੁੱਕੀ ਹੈ, ਗ਼ੈਰ-ਹਾਜ਼ਰ ਹੈ। ਹਾਲਾਂਕਿ ਉਹ ਤਨਖ਼ਾਹ ਤੇ ਭੱਤਿਆਂ ਦਾ ਆਨੰਦ ਮਾਣ ਰਿਹਾ ਹੈ। ਚੁੱਘ ਨੇ ਸਿੱਧੂ ਦੇ ਊਰਜਾ ਵਿਭਾਗ ਨਾ ਸੰਭਾਲਣ 'ਤੇ ਗੰਭੀਰ ਸਵਾਲ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਿਭਾਗ ਬਦਲੇ ਜਾਣ ਬਾਅਦ ਸਿੱਧੂ ਦਾ ਕਾਰਜਭਾਰ ਨਾ ਸੰਭਾਲਣ ਨਾਲ ਸੰਵਿਧਾਨਕ ਸੰਕਟ ਪੈਦਾ ਹੋ ਗਿਆ ਹੈ। ਲੋਕਾਂ ਨੂੰ ਵੀ ਦਿੱਕਤਾਂ ਆ ਰਹੀਆਂ ਹਨ। ਸਿੱਧੂ ਬਿਨਾ ਕੰਮ ਕੀਤੇ ਸਰਕਾਰੀ ਸੁਵਿਧਾਵਾਂ ਦਾ ਗ਼ਲਤ ਢੰਗ ਨਾਲ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਰਾਜਪਾਲ ਤੋਂ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ।


   
  
  ਮਨੋਰੰਜਨ


  LATEST UPDATES











  Advertisements